Sunday, March 15, 2026

ਪੰਜਾਬ ਸਰਕਾਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੀ ਮੰਚ ਨੇ ਕੀਤੀ ਨਿਖੇਧੀ

PPN2808201603
ਅੰਮ੍ਰਿਤਸਰ, 27 ਅਗਸਤ (ਜਗਦੀਪ ਸਿੰਘ ਸੱਗੂ) ਅੰਮ੍ਰਿਤਸਰ ਵਿਕਾਸ ਮੰਚ ਨੇ ਪੰਜਾਬ ਸਰਕਾਰ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਪ੍ਰਤੀ ਮਤਰੇਈ ਮਾਂ ਵਾਲੇ ਸਲੂਕ ਦੀ ਨਿਖੇਧੀ ਕੀਤੀ ਹੈ।ਮੰਚ ਦੇ ਪ੍ਰਧਾਨ ਪ੍ਰਿੰ: ਕੁਲਵੰਤ ਸਿੰਘ ਅਣਖੀ ਵੱਲੋਂ ਜਾਰੀ ਬਿਆਨ ਵਿੱਚ ਪੰਜਾਬ ਦੇ ਸੈਕਟਰੀ ਸਿਵਲ ਐਵੀਏਸ਼ਨ ਸ੍ਰੀ ਵਿਸ਼ਵਜੀਤ ਖੰਨਾ ਦੇ ਉਸ ਬਿਆਨ ਦਾ ਜਿਕਰ ਦਾ ਹਵਾਲਾ ਦਿੰਦਿਆਂ ਕਿਹਾ ਹੈ ਕਿ ਪੰਜਾਬ ਸਰਕਾਰ ਚੰਡੀਗੜ੍ਹ ਹਵਾਈ ਅੱਡੇ ਤੋਂ ਯੂ.ਕੇ ਸਮੇਤ ਦੂਰੀ ਵਾਲੀਆਂ ਉਡਾਨਾਂ ਸ਼ੁਰੂ ਕਰਵਾਉਣ ਦੀਆਂ ਕੋਸ਼ਿਸ਼ਾਂ ਵਿੱਚ ਹੈ ਅਤੇ ਇਸ ਦਾ ਰਨਵੇ ਵੀ ਲੰਬਾ ਕੀਤਾ ਜਾ ਰਿਹਾ ਹੈ, ਜਿਸ ਤੋਂ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਨੂੰ ਪੰਜਾਬ ਦਾ ਹਿੱਸਾ ਨਹੀਂ ਸਮਝਦੀ ।
ਉਨਾਂ ਕਿਹਾ ਕਿ ਅੰਮ੍ਰਿਤਸਰ ਹਵਾਈ ਅੱਡੇ ਦਾ ਰਨਵੇ ਦਿੱਲੀ ਹਵਾਈ ਅੱਡੇ ਦੇ ਬਰਾਬਰ 12000 ਫੁੱਟ ਲੰਮਾ ਹੈ, ਜਿਸ ‘ਤੇ ਬੋਇੰਗ 747 ਵਰਗਾ ਵੱਡੇ ਤੋਂ ਵੱਡੇ ਹਵਾਈ ਜਹਾਜ ਵੀ ਉਤਰ ਸਕਦਾ ਹੈ।ਪੰਜਾਬ ਸਰਕਾਰ ਚੰਡੀਗੜ੍ਹ ਦੇ ਹਵਾਈ ਅੱਡੇ ਤੋਂ ਅੰਤਰਰਾਸ਼ਟਰੀ ਉਡਾਣਾਂ ਚਲਾਉਣ ਸਬੰਧੀ ਤਰਲੋ ਮੱਛੀ ਹੋ ਰਹੀ ਹੈ, ਜਿੱਥੇ ਅਜੇ ਰਨਵੇ ਸਮੇਤ ਅੰਤਰਰਾਸ਼ਟਰੀ ਪੱਧਰ ਦੀਆਂ ਸਹੂਲਤਾਂ ਵੀ ਨਹੀਂ ਹਨ।ਪਰ ਉਸ ਨੇ ਅੰਮ੍ਰਿਤਸਰ-ਲੰਡਨ-ਟੋਰਾਂਟੋ ਉਡਾਣ ਦੁਬਾਰਾ ਸ਼ੁਰੂ ਕਰਾਉਣ ਵਾਸਤੇ ਕਦੀ ਵੀ ਕੋਈ ਯਤਨ ਨਹੀਂ ਕੀਤਾ।ਇਥੋਂ ਤੱਕ ਕਿ ਪੰਜਾਬ ਸਰਕਾਰ ਦੇ ਵੱਖ ਵੱਖ ਪ੍ਰਚਾਰ ਸਾਧਨਾ ਜਿਵੇਂ ਪ੍ਰਚਾਰ ਵੈਨਾ ਅਤੇ ਸਰਕਾਰ ਦੀਆਂ ਪ੍ਰਾਪਤੀਆਂ ਦੇ ਇਸ਼ਤਿਹਾਰਾਂ ਆਦਿ ਵਿੱਚ ਕੇਵਲ ਤੇ ਕੇਵਲ ਮੁਹਾਲੀ ਹਵਾਈ ਅੱਡੇ ਬਾਰੇ ਹੀ ਜਿਕਰ ਕੀਤਾ ਜਾਂਦਾ ਹੈ।ਪ੍ਰੰਤੂ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਕਦੇ ਵੀ ਜਿਕਰ ਨਹੀਂ ਮਿਲਦਾ।ਅੰਮ੍ਰਿਤਸਰ ਤੋਂ ਲੰਡਨ-ਟੋਰਾਂਟੋ ਦੀਆਂ ਫਲਾਈਟਾਂ ਬੰਦ ਹੋਣ ਕਰਕੇ 2009-10 ਤੋਂ ਬਾਅਦ ਅੰਮ੍ਰਿਤਸਰ ਤੋਂ ਐਕਸਪੋਰਟ ਹੋ ਰਿਹਾ ਪੈਰੀਸ਼ੇਬਲ ਕਾਰਗੋ ਵੀ ਬੰਦ ਹੋ ਚੁੱਕਾ ਹੈ, ਜਿਸ ਕਰ ਕੇ ਪੰਜਾਬ ਦੇ ਵਪਾਰੀਆਂ ਨੂੰ ਭਾਰੀ ਨੁਕਸਾਨ ਉਠਾਉਣਾ  ਪੈ ਰਿਹਾ ਹੈ।
ਪ੍ਰਿੰ: ਅਣਖੀ ਨੇ ਕਿਹਾ ਕਿ ਵਿਸ਼ਵ ਭਰ ਦੇ ਲੋਕਾਂ ਲਈ ਸ੍ਰੀ ਹਰਿਮੰਦਰ ਸਾਹਿਬ ਇੱਕ ਇਬਾਦਤਗਾਹ ਬਣ ਚੁੱਕਾ ਹੈ ਅਤੇ ਹਰ ਸਿੱਖ ਤੇ ਪੰਜਾਬੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਦਿਲੋਂ ਜੁੜਿਆ ਹੋਣ ਕਰਕੇ ਪੰਜਾਬ ਆਉਣ ਸਮੇਂ ਅੰਮ੍ਰਿਤਸਰ ਜਰੂਰ ਆਉਂਦਾ ਹੈ।ਇੱਥੇ ਰੋਜ਼ਾਨਾ ਇੱਕ ਲੱਖ ਦੇ ਕਰੀਬ ਅਤੇ ਸਲਾਨਾ ਢਾਈ ਤੋਂ ਤਿੰਨ ਕਰੋੜ ਦੇ ਵਿੱਚ ਯਾਤਰੂ ਆਉਂਦੇ ਹਨ।ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੇ ਉਤਰਨਾ ਪਸੰਦ ਕਰਦੇ ਹਨ।ਸਾਲ 2015-16 ਦੌਰਾਨ ਯਾਤਰੂਆਂ ਦੀ ਗਿਣਤੀ 12.50 ਲੱਖ ਹੈ ਅਤੇ ਸਾਲ 2016-17 ਦੌਰਾਨ ਇਹ ਗਿਣਤੀ 16-17 ਲੱਖ ਤੱਕ ਪਹੁੰਚਣ ਦੀ ਸੰਭਾਵਨਾ ਹੈ।ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਗੁਰੂ ਦੀ ਨਗਰੀ ਦੇ ਹਵਾਈ ਅੱਡੇ ਤੋਂ ਲੰਡਨ, ਟੋਰਾਂਟੋ, ਵੈਨਕੂਵਰ, ਲਾਸ ਏਂਜਲਸ, ਨਿਯੂਜਾਰਕ, ਫਰੈਂਕਫਰਟ ਆਦਿ ਸ਼ਹਿਰਾਂ ਲਈ ਸਿੱਧੀਆਂ ਉਡਾਣਾਂ ਚਾਲੂ ਕਰਾਉਣ ਲਈ ਵੀ ਸੁਹਿਰਦ ਉਪਰਾਲੇ ਕਰੇ।
ਪ੍ਰਿ: ਅਣਖੀ ਨੇ ਦੱਸਿਆ ਕਿ ਪੰਜਾਬੀਆਂ ਦੀ ਅੰਮ੍ਰਿਤਸਰ ਹਵਾਈ ਅੱਡੇ ਪ੍ਰਤੀ ਦਿਲਚਸਪੀ ਕਾਰਨ ਹੀ ਇਸ ਵੇਲੇ ਅੰਮ੍ਰਿਤਸਰ ਤੋਂ ਤੁਰਕਮਾਨਿਸਤਾਨ, ਉਜ਼ਬੇਕਿਸਤਾਨ, ਕਤਰ, ਮਲਿੰਡੋ, ਸਕੂਟ, ਸਪਾਈਸ ਜੈਟ ਤੇ ਏਅਰ ਇੰਡੀਆ ਐਕਸਪ੍ਰੈਸ ਦੀਆਂ ਹਫਤੇ ਦੀਆਂ 45 ਦੇ ਕਰੀਬ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਹਨ।ਇਸੇ ਤਰ੍ਹਾਂ ਐਮੀਰੇਟਸ ਵੱਲੋਂ ਵੀ ਅੰਮ੍ਰਿਤਸਰ ਤੋਂ ਉਡਾਣਾਂ ਚਾਲੂ ਕਰਨ ਸਬੰਧੀ ਦਿਲਚਸਪੀ ਦਿਖਾਈ ਗਈ ਹੈ।ਟਰਕਿਸ਼ ਏਅਰਲਾਈਨਜ, ਬੁਲਗਾਰੀਆ ਏਅਰ ਅਤੇ ਏਅਰ ਏਸ਼ੀਆ ਐਕਸ ਵੱਲੋਂ ਵੀ ਅੰਮ੍ਰਿਤਸਰ ਤੋਂ ਉਡਾਣਾਂ ਚਾਲੂ ਕਰਨ ਸਬੰਧੀ ਐਲਾਨ ਕੀਤੇ ਜਾ ਚੁੱਕੇ ਹਨ, ਪ੍ਰੰਤੂ ਪੰਜਾਬ ਸਰਕਾਰ ਦੀ ਅੰਮ੍ਰਿਤਸਰ ਪ੍ਰਤੀ ਦਿਲਚਸਪੀ ਨਾ ਹੋਣ ਕਾਰਣ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਜਿਕਰਯੋਗ ਹੈ ਕਿ 1400 ਏਕੜ ਰਕਬੇ ਵਿੱਚ ਫੈਲੇ 12000 ਫੁੱਟ ਲੰਮੇ ਰਨਵੇ ਵਾਲੇ ਅੰਮ੍ਰਿਤਸਰ ਦਾ ਹਵਾਈ ਅੱਡੇ ਉੱਤਰੀ ਭਾਰਤ ਵਿੱਚ ਦਿੱਲੀ ਤੋਂ ਬਾਅਦ ਦੂਸਰਾ ਸਥਾਨ ਹੈ।ਇੱਥੇ ਕੈਟ ੀੀ ਬੀ ਚੱਲ ਰਿਹਾ ਹੈ ਅਤੇ ਆਉਂਦੇ 6 ਮਹੀਨਿਆਂ ਵਿੱਚ ਕੈਟ ੀੀੀ ਬੀ ਵੀ ਚਾਲੂ ਹੋ ਜਾਵੇਗਾ।ਜਿਸ ਸਦਕਾ ਸੰਘਣੀ ਧੂੰਦ ਵਿੱਚ ਵੀ ਜਹਾਜ ਉਤਰ ਤੇ ਚੜ੍ਹ ਸਕਣਗੇ।ਅੰਮ੍ਰਿਤਸਰ ਹਵਾਈ ਅੱਡੇ ਦੀ ਰਨਵੇ ਦੀ ਰੀਕਾਰਪੈਂਟਿੰਗ ਹੋ ਰਹੀ ਹੈ, ਜਿਸ ਤੋਂ ਬਾਅਦ ਕੈਟ ੀੀੀ ਬੀ ਦੇ ਨਾਲ-ਨਾਲ ਇਸ ਦੀ ਸਟ੍ਰੈਂਥ 65 ਪੀ.ਸੀ.ਐਨ ਤੋਂ 71 ਪੀ.ਸੀ.ਐਨ (ਫਛਂ) ਹੋ ਜਾਵੇਗੀ ਅਤੇ ਇੱਥੇ ਦੁਨੀਆ ਦਾ ਵੱਡੇ ਤੋਂ ਵੱਡਾ ਹਵਾਈ ਜਹਾਜ ਉਤਰ ਸਕੇਗਾ।ਅੰਮ੍ਰਿਤਸਰ ਹਵਾਈ ਅੱਡਾ ਇਸ ਸਮੇਂ ਵੀ ਦਿੱਲੀ ਹਵਾਈ ਅੱਡੇ ਦੇ ਆਲਟਰਨੇਟਿਵ ਹਵਾਈ ਅੱਡੇ ਦੇ ਤੌਰ ‘ਤੇ ਵਰਤਿਆ ਜਾ ਰਿਹਾ ਹੈ ਅਤੇ ਦਿੱਲੀ ਹਵਾਈ ਅੱਡੇ ‘ਤੇ ਧੁੰਦ ਆਦਿ ਦੀ ਸਮੱਸਿਆ ਸਮੇਂ ਆਮ ਤੌਰ ਤੇ ਅੰਤਰਰਾਸ਼ਟਰੀ ਉਡਾਣਾਂ ਅੰਮ੍ਰਿਤਸਰ ਹੀ ਉਤਰ ਰਹੀਆਂ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply