Saturday, November 7, 2026

ਅਕਾਲੀ-ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ 33 ਹਜ਼ਾਰ ਕਰੋੜ ਦੀ ਬਿਜਲੀ ਸਬਸਿਡੀ – ਮਜੀਠੀਆ

PPN2908201617
ਮੱਤੇਵਾਲ, 29 ਅਗਸਤ (ਪੰਜਾਬ ਪੋਸਟ ਬਿਊਰੋ) – ‘ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨ ਨੂੰ ਵੱਡੀ ਸਹੂਲਤ ਦਿੰਦੇ ਹੋਏ ਸੱਤਾ ਵਿਚ ਆਉਂਦੇ ਸਾਰ ਹੀ ਆਪਣੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦੇ ਅਨੁਸਾਰ ਕਿਸਾਨਾਂ ਦੀਆਂ ਮੋਟਰਾਂ ਦੇ ਬਿਲ ਮੁਆਫ਼ ਕੀਤੇ, ਜਿਸ ਤਹਿਤ ਪੰਜਾਬ ਦੇ ਕਿਸਾਨ ਨੂੰ ਆਪਣੀਆਂ ਮੋਟਰਾਂ ਦੇ ਬਿਲ ਭਰਨ ਤੋ ਮੁਕਤੀ ਮਿਲੀ ਅਤੇ ਸਾਲ 2007 ਤੋਂ ਲੈ ਕੇ ਅੱਜ ਤੱਕ ਕਰੀਬ 33 ਹਜ਼ਾਰ ਕਰੋੜ ਰੁਪਏ ਦੇ ਉਕਤ ਬਿਲ ਪੰਜਾਬ ਸਰਕਾਰ ਆਪਣੇ ਕੋਲੋਂ ਬਿਜਲੀ ਬੋਰਡ ਨੂੰ ਭਰ ਚੁੱਕੀ ਹੈ।’ ਉਕਤ ਸ਼ਬਦਾਂ ਦਾ ਪ੍ਰਗਟਾਵਾ ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਆਪਣੇ ਹਲਕੇ ਦੇ ਪਿੰਡ  ਤਾਹਰਪੁਰ ਅਤੇ ਬੁਲਾਰਾ ਵਿਖੇ ਪਿੰਡਾਂ ਦੇ ਵਿਕਾਸ ਲਈ ਲਗਭਗ 65 ਲੱਖ ਰੁਪਏ ਦੀ ਗਰਾਂਟ ਤਕਸੀਮ ਕਰਨ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਕੀਤਾ। ਸ. ਮਜੀਠੀਆ ਨੇ ਕਿਹਾ ਕਿ ਦੇਸ਼ ਭਰ ਵਿਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੇਣ ਵਾਲਾ ਪੰਜਾਬ ਪਹਿਲਾ ਸੂਬਾ ਹੈ ਅਤੇ ਪੰਜਾਬ ਦੇ ਗੁਆਂਢੀ ਰਾਜ ਹਰਿਆਣਾ ਵਿਚ ਕਿਸਾਨ ਨੂੰ ਪ੍ਰਤੀ ਮੋਟਰ 4 ਹਜ਼ਾਰ ਰੁਪਏ ਤੋਂ ਵੱਧ ਦੀ ਰਕਮ ਹਰ ਮਹੀਨੇ ਬਿਜਲੀ ਬਿਲ ਵਜੋਂ ਭਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜਿੱਥੇ ਕਿਸਾਨਾਂ ਦੇ ਬਿਲ ਮੁਆਫ਼ ਕੀਤੇ, ਉੱਥੇ 2 ਲੱਖ 38 ਹਜ਼ਾਰ ਤੋਂ ਵੱਧ ਨਵੇਂ ਟਿਊਬਵੈੱਲ ਕੁਨੈਕਸ਼ਨ ਜਾਰੀ ਕੀਤੇ ਅਤੇ ਨਹਿਰੀ ਪਾਣੀ ਦੀ ਸਪਲਾਈ ਦੇ ਸੁਧਾਰ ਲਈ 5000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਹੈ।
ਸ. ਮਜੀਠੀਆ ਨੇ ਕਿਹਾ ਪੰਜਾਬ ਸਰਕਾਰ ਨੇ ਕਿਸਾਨ ਪਰਿਵਾਰਾਂ ਨੂੰ ਮੁਫ਼ਤ ਇਲਾਜ ਕਰਵਾਉਣ ਦੇ ਮਕਸਦ ਨਾਲ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਲਾਗੂ ਕੀਤੀ ਅਤੇ ਇਸ ਤਹਿਤ 4 ਲੱਖ 33 ਹਜ਼ਾਰ ਕਿਸਾਨ ਪਰਿਵਾਰਾਂ ਨੂੰ ਸਿਹਤ ਬੀਮਾ ਯੋਜਨਾ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਜਿਸ ਤਹਿਤ ਉਹ ਪਰਿਵਾਰ ਦੇ ਕਿਸੇ ਵੀ ਮੈਂਬਰ ਦਾ ਸਾਲਾਨਾ 50 ਹਜ਼ਾਰ ਰੁਪਏ ਤੱਕ ਦਾ ਮੁਫ਼ਤ ਇਲਾਜ ਰਾਜ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚੋਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਹੀ ਕੁਦਰਤੀ ਕਰੋਪੀ ਦਾ ਸ਼ਿਕਾਰ ਹੁੰਦੀਆਂ ਫਸਲਾਂ ਦਾ ਮੁਆਵਜ਼ਾ 3600 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 8 ਹਜ਼ਾਰ ਰੁਪਏ ਪ੍ਰਤੀ ਏਕੜ ਕੀਤਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਕਿਸਾਨਾਂ ਨੂੰ 141 ਕਰੋੜ ਰੁਪਏ ਦੀ ਸਬਸਿਡੀ ਬੀਜਾਂ ਦੀ ਖਰੀਦ ‘ਤੇ ਅਤੇ 193 ਕਰੋੜ ਰੁਪਏ ਦੀ ਸਬਸਿਡੀ ਖੇਤੀ ਸੰਦਾਂ ਦੀ ਖਰੀਦ ‘ਤੇ ਦਿੱਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਸਾਲ ਤੋਂ ਕਿਸਾਨਾਂ ਨੂੰ ਸਹਿਕਾਰੀ ਸੁਸਾਇਟੀ ਰਾਹੀਂ 50 ਹਜ਼ਾਰ ਰੁਪਏ ਤੱਕ ਦਾ ਵਿਆਜ ਮੁਕਤ ਫਸਲੀ ਕਰਜ਼ਾ ਕਿਸਾਨਾਂ ਨੂੰ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਛੇਤੀ ਹੀ ਅੰਮ੍ਰਿਤਸਰ ਵਿਚ ਬਾਗਬਾਨੀ ਅਤੇ ਸਬਜ਼ੀਆਂ ਦੀ ਖੋਜ ਲਈ ਪੋਸਟ ਗਰੈਜੂਏਟ ਬਾਗਬਾਨੀ ਖੋਜ ਅਤੇ ਸਿੱਖਿਆ ਸੰਸਥਾ ਹੋਂਦ ਵਿਚ ਆ ਜਾਵੇਗੀ, ਜਿਸ ਨਾਲ ਬਾਗਬਾਨੀ ਵਿਚ ਵੱਡੇ ਸੁਧਾਰ ਹੋਣਗੇ, ਉੱਥੇ ਸਾਡੇ ਬੱਚੇ ਖੇਤੀਬਾੜੀ ਦੀ ਉੱਚ ਪੜਾਈ ਕਰਕੇ ਆਪਣਾ ਤੇ ਦੇਸ਼ ਦਾ ਭਵਿੱਖ ਸਵਾਰ ਸਕਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਕਰਤਾਰਪੁਰ ਵਿਖੇ ਸਬਜ਼ੀਆਂ ਦੀ ਕਾਸ਼ਤ ਵਿਚ ਸੁਧਾਰ ਲਿਆਉਣ ਲਈ ਇਸਰਾਈਲ ਦੀ ਮਦਦ ਨਾਲ ਸੈਂਟਰ ਫਾਰ ਐਕਸੀਲੈਂਸ ਬਣਾਇਆ ਹੈ, ਜਿੱਥੇ ਨਵੀਂ ਤਕਨੀਕ ਨਾਲ ਸਬਜ਼ੀਆਂ ਦੀ ਕਾਸ਼ਤ ਕਰਨ ਦੀ ਸਿਖਲਾਈ ਅਤੇ ਚੰਗੀ ਸਿਹਤਮੰਦ ਪਨੀਰੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੇਜਰ ਸ਼ਿਵੀ, ਸੁਖਵਿੰਦਰ ਸਿੰਘ ਗੋਲਡੀ, ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਪ੍ਰੋ. ਸਰਚਾਂਦ ਸਿੰਘ, ਗੁਰਜਿੰਦਰ ਸਿੰਘ ਢਪਈਆਂ, ਰਵੀ ਸਿੱਧੂ, ਪ੍ਰੋ. ਪਰਮਬੀਰ ਸਿੰਘ ਮੱਤੇਵਾਲ, ਸਰਪੰਚ ਕਾਬਲ ਸਿੰਘ ਤਾਹਰਪੁਰ, ਸਾਬਕਾ ਸਰਪੰਚ ਮੇਜਰ ਸਿੰਘ, ਸਰਪੰਚ ਸਰਬਜੀਤ ਸਿੰਘ ਤਾਹਰਪੁਰ, ਸਾਬਕਾ ਸਰਪੰਚ ਤਰਸੇਮ ਸਿੰਘ, ਸਤਨਾਮ ਸਿੰਘ ਮੱਟੀ ਆਦਿ ਹਾਜ਼ਰ ਸਨ।

Check Also

ਰੈਡ ਕਰਾਸ ਸੋਸਾਇਟੀ ਵਲੋਂ ਆਪਦਾ ਪ੍ਰਬੰਧਨ ਲਈ ਦੋ ਰੋਜਾ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 5 ਨਵੰਬਰ (ਜਗਦੀਪ ਸਿੰਘ) – ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਜ਼ਿਲ੍ਹਾ ਰੈਡ ਕਰਾਸ ਸੋਸਾਇਟੀ ਦਲਵਿੰਦਰਜੀਤ ਸਿੰਘ,ਅੰਮ੍ਰਿਤਸਰ ਦੀ …

Leave a Reply