
ਅੰਮ੍ਰਿਤਸਰ, 6 ਸਤੰਬਰ (ਜਗਦੀਪ ਸਿੰਘ ਸੱਗੂ)- ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਮਨਾਉਣ ਸਬੰਧੀ ਸਕੂਲਾਂ ਵਿਚ ਪ੍ਰਾਇਮਰੀ, ਅੱਪਰ ਪ੍ਰਾਇਮਰੀ ਅਤੇ ਸੈਕੰਡਰੀ ਪੱਧਰ ‘ਤੇ ਵਿਦਿਆਰਥੀਆਂ ਦੇ 21 ਵੱਖ-ਵੱਖ ਗਤੀਵਿਧੀਆਂ ਦੇ ਮੁਕਾਬਲੇ ਭਲਕੇ 7 ਸਤੰਬਰ ਤੋਂ ਸ਼ੁਰੂ ਹੋ ਰਹੇ ਹਨ, ਜਿਹੜੇ ਕਿ 15 ਅਕਤੂਬਰ ਤੱਕ ਚੱਲਣਗੇ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਸ. ਸਤਿੰਦਰ ਬੀਰ ਸਿੰਘ ਨੇ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਪ੍ਰਾਇਮਰੀ, ਮਿਡਲ ਅਤੇ ਸੈਕੰਡਰੀ ਤਿੰਨ ਵਰਗਾਂ ਵਿਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿਚ ਸ਼ਬਦ ਗਾਇਣ, ਸੁੰਦਰ ਲਿਖਾਈ, ਵਿਰਾਸਤੀ ਖੇਡਾਂ, ਪੰਜਾਬੀ ਪਹਿਰਾਵੇ, ਕੁਇਜ਼, ਲੋਕ ਗੀਤ, ਪੇਟਿੰਗ ਤੇ ਪੋਸਟਰ ਮੇਕਿੰਗ, ਲੇਖ, ਨਾਟਕ, ਕੋਰੀਓਗ੍ਰਾਫੀ, ਆਧੁਨਿਕ ਪੰਜਾਬ, ਪੰਜਾਬੀ ਵਿਰਸੇ ਦੀਆਂ ਝਾਕੀਆਂ, ਸਲੋਗਨ ਰਾਈਟਿੰਗ, ਭਾਸ਼ਣ, ਮੇਲੇ ਤੇ ਤਿਉਹਾਰ, ਮਾਡਲ ਬਣਾਉਣ, ਬੋਲਚਾਲ ਦੀ ਭਾਸ਼ਾ, ਲੋਕ ਨਾਚ, ਸਾਜ਼, ਸਾਹਿਤ ਅਤੇ ਕਵਿਤਾਵਾਂ ਦੇ ਮੁਕਾਬਲੇ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਤਹਿਸੀਲ, ਜ਼ਿਲ੍ਹਾ ਅਤੇ ਰਾਜ ਪੱਧਰ ‘ਤੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਤਹਿਸੀਲ ਪੱਧਰ ਦੇ ਜੇਤੂ ਵਿਦਿਆਰਥੀ ਜ਼ਿਲ੍ਹਾ ਪੱਧਰ ਅਤੇ ਜ਼ਿਲ੍ਹਾ ਪੱਧਰ ਦੇ ਜੇਤੂ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿਚ ਹਿੱਸਾ ਲੈਣਗੇ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਹਰੇਕ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਹਿੱਸਾ ਲੈਣਗੇ।
ਸ. ਸਤਿੰਦਰਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਅੰਮ੍ਰਿਤਸਰ ਜ਼ਿਲ੍ਹੇ ਲਈ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਇਸ ਨੂੰ ਰਾਜ ਪੱਧਰੀ ਸ਼ਬਦ ਗਾਇਣ ਮੁਕਾਬਲਿਆਂ ਲਈ ਚੁਣਿਆ ਗਿਆ ਹੈ, ਜਿਹੜੇ ਕਿ 1 ਅਕਤੂਬਰ ਨੂੰ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰਾਇਮਰੀ ਪੱਧਰ ਦੇ ਰਾਜ ਪੱਧਰੀ ਸ਼ਬਦ ਗਾਇਣ ਮੁਕਾਬਲੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ਿਵਾਲਾ ਭਾਈਆਂ, ਅੱਪਰ ਪ੍ਰਾਇਮਰੀ ਦੇ ਖਾਲਸਾ ਕਾਲਜੀਏਟ ਸਕੂਲ ਅਤੇ ਸੈਕੰਡਰੀ ਦੇ ਚੀਫ ਖ਼ਾਲਸਾ ਦੀਵਾਨ ਮੇਨ ਬ੍ਰਾਂਚ ਵਿਖੇ ਹੋਣਗੇ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਨਵਤੇਜ ਕੌਰ ਤੇ ਸ. ਰਵਿੰਦਰ ਸਿੰਘ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸ. ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media