Sunday, October 6, 2024

ਪੰਜਾਬ ਸਰਕਾਰ ਪੱਤਰਕਾਰਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ- ਮਜੀਠੀਆ

Majithia

ਅੰਮ੍ਰਿਤਸਰ, 7 ਸਤੰਬਰ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਰਕਿੰਗ ਪੱਤਰਕਾਰਾਂ ਦੇ ਹਿਤਾਂ ਦੀ ਰਾਖੀ ਲਈ ਵਚਨਬੱਧ ਹੈ ਅਤੇ ਸਰਕਾਰ ਵੱਲੋਂ ਪੱਤਰਕਾਰਾਂ ਨੂੰ ਅਨੇਕਾਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਮੁਫ਼ਤ ਬੱਸ ਸਫਰ ਦੀ ਸਹੂਲਤ, 5 ਲੱਖ ਰੁਪਏ ਦਾ ਦੁਰਘਟਨਾ ਬੀਮਾ, ਜ਼ਿਲ੍ਹਿਆਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ, ਸਮਾਰਟ ਕਾਰਡ, ਮਾਨਤਾ ਪ੍ਰਾਪਤ ਪੱਤਰਕਾਰਾਂ ਲਈ ਸਰਕਟ ਹਾਊਸਾਂ ਵਿੱਚ ਰਿਆਇਤੀ ਦਰਾਂ ‘ਤੇ ਠਹਿਰਾਅ ਆਦਿ ਵਰਗੀਆਂ ਸਹੂਲਤਾਂ ਸ਼ਾਮਿਲ ਹਨ।
ਅੱਜ ਚੰਡੀਗੜ੍ਹ-ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਸ: ਮਜੀਠੀਆ ਨੂੰ ਅਤੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੇ ਨਾਮ ਮੈਮੋਰੰਡਮ ਦਿੱਤਾ ਗਿਆ ਜਿਸ ਨੂੰ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਅਤੇ ਓ.ਐਸ.ਡੀ ਕਰਨਲ ਸੰਤੋਖ ਸਿੰਘ ਨੇ ਹਾਸਲ ਕੀਤਾ।ਇਸ ਮੌਕੇ ਪ੍ਰੋ: ਸਰਚਾਂਦ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਪੱਤਰਕਾਰ ਭਾਈਚਾਰੇ ਦੀਆਂ ਜਾਇਜ਼ ਮੰਗਾਂ ‘ਤੇ ਸਰਕਾਰ ਜ਼ਰੂਰ ਵਿਚਾਰ ਕਰੇਗੀ।
ਇਸ ਮੌਕੇ ਸ: ਮਜੀਠੀਆ ਦੇ ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਅਕਾਲੀ-ਭਾਜਪਾ ਸਰਕਾਰ ਨੇ ਪੱਤਰਕਾਰਾਂ ਲਈ ਮੁਫ਼ਤ ਬੱਸ ਸਫਰ ਦੀ ਰਕਮ ਨੂੰ ਵਧਾ ਕੇ ਹੈਡ ਕੁਆਰਟਰ ਦੇ ਪੱਤਰਕਾਰਾਂ ਲਈ 1600 ਰੁਪਏ ਅਤੇ ਜ਼ਿਲ੍ਹਿਆਂ ਵਿਚਲੇ ਪੱਤਰਕਾਰਾਂ ਲਈ 1200 ਰੁਪਏ ਕਰ ਦਿੱਤਾ ਹੈ ਤੇ ਐਚ. ਵੀ. ਏ. ਸੀ ਏਅਰ ਕੰਡੀਸ਼ਨਰ ਬੱਸਾਂ ਵਿੱਚ ਵੀ ਮੁਫ਼ਤ ਸਫਰ ਦੀ ਸਹੂਲਤ ਮੁਹੱਈਆ ਕਰਵਾਈ ਹੈ।ਅਤੇ ਇਸ ਨੂੰ 1200 ਰੁਪਏ ਤੋਂ ਵਧਾ ਕੇ 2400 ਅਤੇ 1600 ਤੋਂ ਵਧਾ ਕੇ 3200 ਰੁਪਏ ਕਰ ਦਿੱਤਾ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋੜੀਂਦੀ ਪ੍ਰਕਿਰਿਆ ਚੱਲ ਰਹੀ ਹੈ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰੇਕ ਸਾਲ ਮੀਡੀਆ ਕਰਮੀਆਂ ਦੇ ਮੁਫ਼ਤ ਬੱਸ ਸਫਰ ‘ਤੇ 5 ਲੱਖ ਰੁਪਏ ਖ਼ਰਚ ਕਰ ਰਹੀ ਹੈ ਅਤੇ ਹਰੇਕ ਸਾਲ 3900 ਪੱਤਰਕਾਰਾਂ ਨੂੰ ਇਸ ਦੇ ਘੇਰੇ ਵਿੱਚ ਲਿਆਂਦਾ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਮੁੱਖ ਮੰਤਰੀ ਨੇ ਯੈਲੋ ਕਾਰਡ ਵਾਲੇ ਪੱਤਰਕਾਰਾਂ ਲਈ ਵੀ ਇਹ ਸਹੂਲਤ ਸ਼ੁਰੂ ਕਰ ਦਿੱਤੀ ਜਿਸ ਤਹਿਤ ਇਸ ਸਾਲ 4000 ਤੋਂ ਵੱਧ ਪੱਤਰਕਾਰਾਂ ਦਾ 5 ਲੱਖ ਰੁਪਏ ਦਾ ਬੀਮਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਦੁਰਘਟਨਾ ਕਵਰ ਦੇਣ ਲਈ 8.87 ਲੱਖ ਰੁਪਏ ਦਾ ਪ੍ਰੀਮੀਅਮ ਜਮਾਂ ਕਰਵਾਇਆ ਹੈ।
ਹਿੰਦੁਸਤਾਨ ਟਾਈਮਜ਼ ਦੇ ਜਲੰਧਰ ਤੋਂ ਬਿਊਰੋ ਚੀਫ਼ ਜਸਦੀਪ ਸਿੰਘ ਮਲਹੋਤਰਾ ਦੀ ਦੁਰਘਟਨਾ ਵਿੱਚ ਹੋਈ ਦੁਖਦਾਈ ਮੌਤ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਨੂੰ 5 ਲੱਖ, ਇੰਡੀਅਨ ਐਕਸਪ੍ਰੈੱਸ ਦੀ ਲੁਧਿਆਣਾ ਤੋਂ ਪੱਤਰਕਾਰ ਅਮ੍ਰਿਤਾ ਚੌਧਰੀ ਦੇ ਪਰਿਵਾਰ ਨੂੰ ਵੀ 5 ਲੱਖ ਅੰਮ੍ਰਿਤਸਰ ਦੇ ਦੀਪਕ ਸ਼ਰਮਾ, ਜਿਨ੍ਹਾਂ ਦੀ ਕੈਂਸਰ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੂੰ ਵੀ 2 ਲੱਖ, ਮੂਣਕ (ਸੰਗਰੂਰ) ਤੋਂ ਅਕਾਲੀ ਪੱਤ੍ਰਕਾ ਦੇ ਪੱਤਰਕਾਰ ਦਰਸ਼ਨ ਸਿੰਘ ਦੀਵਾਨਾ ਅਤੇ ਗੁਰਦਾਸਪੁਰ ਤੋਂ ਅਜੀਤ ਦੇ ਪੱਤਰਕਾਰ ਸੋਨੀ ਨਦਾਰੀਆ ਦੇ ਪਰਿਵਾਰਾਂ ਨੂੰ ਵੀ 5 ਲੱਖ ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ।
ਸੂਚਨਾ ਤੇ ਲੋਕ ਸੰਪਰਕ ਵਿਭਾਗ ਨੇ ਪੱਤਰਕਾਰਾਂ ਨੂੰ ਆਮ ਪੇਪਰ ਦੇ ਕਾਰਡਾਂ ਦੀ ਥਾਂ ਸਮਾਰਟ ਐਕਰੀਡੇਸ਼ਨ ਕਾਰਡ ਅਤੇ ਸਮਾਰਟ ਯੈਲੋ ਕਾਰਡ ਜਾਰੀ ਕਰਨੇ ਸ਼ੁਰੂ ਕੀਤੇ ਹਨ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਅਤੇ ਜ਼ਿਲ੍ਹਿਆਂ ਵਿੱਚ ਮੀਡੀਆ ਲਈ ਸਰਕਾਰੀ ਘਰ ਉਪਲਬਧ ਕਰਵਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਸਾਰੇ ਸਰਕਾਰੀ ਸਰਕਟ ਹਾਊਸਾਂ, ਪੰਜਾਬ ਭਵਨ ਨਵੀਂ ਦਿੱਲੀ ਅਤੇ ਸਿਡਾਰ ਗੈਸਟ ਹਾਊਸ ਸ਼ਿਮਲਾ ਵਿੱਚ ਬਹੁਤ ਘੱਟ ਰੇਟਾਂ ‘ਤੇ ਠਹਿਰਾਅ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।ਮਜੀਠੀਆ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਨੇ ਪਟਿਆਲਾ ਅਤੇ ਬਠਿੰਡਾ ਵਿੱਚ ਸਰਕਾਰੀ ਇਮਾਰਤਾਂ ਵਿੱਚ ਪ੍ਰੈੱਸ ਕਲੱਬਾਂ ਦੀ ਸਥਾਪਨਾ ਕੀਤੀ ਹੈ ਅਤੇ ਪ੍ਰੈਸ ਕਲੱਬ ਅੰਮ੍ਰਿਤਸਰ ਦਾ ਕੰਮ ਮੁਕੰਮਲ ਹੋਣ ਕੰਢੇ ਹੈ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply