ਨਵੀਂ ਦਿੱਲੀ, 12 ਸਤਬਰ (ਪੰਜਾਬ ਪੋਸਟ ਬਿਊਰੋ)- ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤਿ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਗੁਰਪੁਰਬ ਮਨਾਉਣ ਲਈ ਤਿਹਾੜ ਜੇਲ੍ਹ ਨੰਬਰ 8 ਅਤੇ 9 ਵਿਖੇ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਜੇਲ੍ਹ ਦੇ ਸਿੱਖ ਤੇ ਹੋਰ ਬੰਦੀਆਂ ਅਤੇ ਜੇਲ੍ਹ ਅਧਿਕਾਰੀਆਂ ਵਲੋਂ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜੇਲ੍ਹ ਅਧਿਕਾਰੀਆਂ ਅਤੇ ਬੰਦੀਆਂ ਦੀ ਮੰਗ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਮੇਸ਼ਾਂ ਦੀ ਤਰ੍ਹਾਂ ਰਾਗੀ ਜੱਥਾ, ਗ੍ਰੰਥੀ, ਸੇਵਾਦਾਰ ਅਤੇ ਪ੍ਰਚਾਰਕ ਤੋਂ ਇਲਾਵਾ ਕੜਾਹ ਪ੍ਰਸ਼ਾਦ ਦੀ ਦੇਗ ਲਈ ਰਸਦ, ਲੰਗਰ ਲਈ ਲੋੜੀਂਦਾ ਰਾਸ਼ਨ, ਮੁੱਖੀਆਂ ਦਾ ਸਨਮਾਨ ਕਰਨ ਲਈ ਸਿਰਪਾਉ ਅਤੇ ਦਸਤਾਰਾਂ ਦਾ ਕਪੜਾ ਭੇਜਿਆ ਗਿਆ। ਇਹ ਜਾਣਕਾਰੀ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਵਲੋਂ ਇਥੇ ਜਾਰੀ ਇੱਕ ਬਿਆਨ ਰਾਹੀਂ ਦਿੱਤੀ ਗਈ।ਉਨ੍ਹਾਂ ਦਸਿਆ ਕਿ ਇਸ ਮੌਕੇ ਸਮਾਗਮ ਵਿੱਚ ਜੁੜੇ ਬੰਦੀਆਂ ਅਤੇ ਅਧਿਕਾਰੀਆਂ ਆਦਿ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਰਬ-ਸਾਂਝੀ ਬਾਣੀ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ, ਬੰਦੀਆਂ ਨੂੰ ਪ੍ਰੇਰਨਾ ਕੀਤੀ ਕਿ ਬੀਤੇ ਜੀਵਨ ਦੀਆਂ ਗਲਤੀਆਂ ਨੂੰ ਭੁਲਾ, ਸਜ਼ਾ ਪੂਰੀ ਕਰਨ ਤੋਂ ਬਾਅਦ ਲੋਕਾਂ ਵਿੱਚ ਵਿਚਰਨ ਲਈ ਆਪਣੇ-ਆਪਨੂੰ ਚੰਗੇ ਸ਼ਹਿਰੀ ਵਜੋਂ ਤਿਆਰ ਕਰਨਾ, ਉਨ੍ਹਾਂ ਦਾ ਮੁੱਖ ਉਦੇਸ਼ ਹੋਣਾ ਚਾਹੀਦਾ ਹੈ।ਇਥੇ ਇਹ ਗਲ ਵਰਨਣਯੋਗ ਹੈ ਕਿ ਸਮੇਂ-ਸਮੇਂ ਤਿਹਾੜ ਜੇਲ੍ਹ ਵਿਖੇ ਅਧਿਕਾਰੀਆਂ ਅਤੇ ਬੰਦੀਆਂ ਵਲੋਂ ਗੁਰੂ ਸਾਹਿਬਾਨ ਦੀ ਯਾਦ ਵਿੱਚ ਪੁਰਬ ਮਨਾਏ ਜਾਂਦੇ ਰਹਿੰਦੇ ਹਨ, ਜਿਨ੍ਹਾਂ ਲਈ ਉਨ੍ਹਾਂ ਦੀ ਮੰਗ ‘ਤੇ ਅਤੇ ਆਪਣੇ ਸਹਿਯੋਗ ਵਜੋਂ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਸਹਾਇਤਾ ਵਜੋਂ ਲੋੜੀਂਦੀ ਸਮਿਗਰੀ ਆਦਿ ਭੇਜੀ ਜਾਂਦੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media