
ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਯੂਨੀਵਰਸਿਟੀ ਵਿਖੇ ਅੱਜ ਵਿਸ਼ੇਸ਼ ਭਾਸ਼ਣ ਦੌਰਾਨ ਦਿੱਲੀ ਵਿਖੇ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਕਲਚਰਲ ਅਫ਼ੇਅਰ ਅਫ਼ਸਰ ਮਾਰਕ ਅਜ਼ੂਆ ਨੇ ਕਿਹਾ ਕਿ ਅਮਰੀਕਾ ਵਿੱਚ ਚਾਹੇ ਕੋਈ ਸਰਕਾਰ ਬਣੇ, ਪਰ ਭਾਰਤ ਨਾਲ ਰਿਸ਼ਤੇ ਹਮੇਸ਼ਾਂ ਮਜ਼ਬੂਤ ਰਹਿਣਗੇ। ਉਨ੍ਹਾਂ ਕਿਹਾ ਕਿ ਭਾਰਤ ਅਮਰੀਕਾ ਦਾ ਸਭ ਤੋਂ ਮਹੱਤਵਪੂਰਨ ਦੇਸ਼ਾਂ ਵਿੱਚੋਂ ਇਕ ਹੈ ਅਤੇ ਇਸ ਖਿੱਤੇ ਦੀ ਸ਼ਾਂਤੀ ਲਈ ਦੋਵੇਂ ਵਚਨਬੱਧ ਹਨ।
ਅਜੂਆ ਜੋ ਕਿ ਅੰਤਰ-ਰਾਸ਼ਟਰੀ ਸਬੰਧਾਂ ਅਤੇ ਕੂਟਨੀਤਿਕ ਮੁੱਦਿਆਂ ਦੇ ਮਾਹਿਰ ਹਨ ਅਤੇ ‘ਵਰਸਿਟੀ ਦੇ ਵਿਦਿਆਰਥੀਆਂ ਨੂੰ ਅੱਜ ‘ਅਮਰੀਕੀ ਚੋਣਾਂ-ਭਾਰਤ ਨਾਲ ਰਿਸ਼ਤਿਆਂ ਦੀ ਦਿਸ਼ਾ ਅਤੇ ਦਸ਼ਾ’ ਵਿਸ਼ੇ ‘ਤੇ ਸੰਬੋਧਨ ਕਰ ਰਹੇ ਸਨ, ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਦੇ ਰਿਸ਼ਤਿਆਂ ਦਾ ਇਕ ਮਾਣਮੱਤਾ ਇਤਿਹਾਸ ਹੈ, ਜੋ ਕਿ ਹਮੇਸ਼ਾਂ ਕਾਇਮ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵੱਲੋਂ ਭਾਰਤ ਵਿਰੁੱਧ ਅੱਤਵਾਦੀ ਗਤੀਵਿਧੀਆਂ ਨੂੰ ਸ਼ਹਿ ਅਮਰੀਕਾ ਲਈ ਹਮੇਸ਼ਾਂ ਹੀ ਚਿੰਤਾਜਨਕ ਰਹੀ ਹੈ ਅਤੇ ਉਨ੍ਹਾਂ ਦਾ ਦੇਸ਼ ਕਿਸੇ ਵੀ ਤਰ੍ਹਾਂ ਦੀ ਹਿੰਸਾ ਬੜ੍ਹਾਵਾ ਦੇਣ ਦੇ ਖਿਲਾਫ਼ ਹੈ।
ਅਜ਼ੂਆ ਨੇ ਕਿਹਾ ਕਿ ਸਾਊਥ ਏਸ਼ੀਆ ਦਾ ਖਿੱਤਾ ਅਤੇ ਇੱਥੋਂ ਦੀ ਸ਼ਾਂਤੀ ਅਮਰੀਕਾ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਭਾਰਤ ਨਾਲ ਮਿਲ ਕੇ ਇੱਥੇ ਅਮਨ ਤੇ ਸ਼ਾਂਤੀ ਕਾਇਮ ਕਰਨ ਵਿੱਚ ਅਮਰੀਕਾ ਦਾ ਦ੍ਰਿੜ ਵਿਸ਼ਵਾਸ਼ ਹੈ। ਉਨ੍ਹਾਂ ਕਿਹਾ ਕਿ ਚਾਹੇ ਰਿਪਬਲੀਕਨ ਅਮਰੀਕੀ ਚੋਣਾਂ ਵਿੱਚ ਸਫ਼ਲ ਹੋਣ ਜਾਂ ਫ਼ਿਰ ਡੈਮੋਕ੍ਰੇਟ ਅਮਰੀਕਾ ਅਤੇ ਭਾਰਤੀ ਰਿਸ਼ਤਿਆਂ ਵਿੱਚ ਨੇੜਤਾ ਬਣੀ ਰਹੇਗੀ। ਉਨ੍ਹਾਂ ਕਿਹਾ ਕਿ ਅੱਤਵਾਦ, ਪ੍ਰਦੂਸ਼ਣ, ਅੰਤਰ-ਰਾਸ਼ਟਰੀ ਸ਼ਾਂਤੀ ਆਦਿ ਮੁੱਦੇ ਹਨ, ਜਿਸ ‘ਤੇ ਅਮਰੀਕਾ ਤੇ ਭਾਰਤ ਦੇ ਵਿਚਾਰ ਸਾਂਝੇ ਹਨ।
ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਪ੍ਰੋ: (ਡਾ.) ਸਰਬਜੀਤ ਸਿੰਘ ਚਾਹਲ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਕਿਹਾ ਕਿ ਪੂਰੇ ਵਿਸ਼ਵ ਦੀਆਂ ਨਿਗਾਹਾਂ ਇਸ ਵੇਲੇ ਅਮਰੀਕੀ ਚੋਣਾਂ ‘ਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੁਨੀਆ ਦਾ ਸਭ ਤੋਂ ਪ੍ਰਭਾਵਸ਼ਾਲੀ ਦੇਸ਼ ਹੈ, ਇਸ ਲਈ ਇੱਥੇ ਦੀ ਸਰਕਾਰ ਪ੍ਰਭਾਵ ਸੰਸਾਰ ਦੇ ਸਮੂਹ ਦੇਸ਼ਾਂ ‘ਤੇ ਪੈਂਦਾ ਹੈ। ਇਸ ਲਈ ਸੰਭਾਵਿਤ ਹੈ ਕਿ ਭਾਰਤ ‘ਤੇ ਵੀ ਇਸਦੇ ਅਸਰ ਵੇਖਣ ਨੂੰ ਮਿਲਣਗੇ ਅਤੇ ਇਹ ਬੜੀ ਚੰਗੀ ਗੱਲ ਹੈ ਕਿ ਦੋਹਾਂ ਦੇਸ਼ਾਂ ਦੇ ਨਿੱਘੇ ਰਿਸ਼ਤਿਆਂ ਵਿੱਚ ਲਗਾਤਾਰਤਾ ਬਣੇਗੀ ਰਹੇਗੀ। ਉਨ੍ਹਾਂ ਆਸ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਵੀ ‘ਖ਼ਾਲਸਾ ਯੂਨੀਵਰਸਿਟੀ’ ਅਮਰੀਕੀ ਪ੍ਰਸ਼ਾਸ਼ਨ ਨਾਲ ਮਿਲਕੇ ਸੱਭਿਆਚਾਰਕ ਅਤੇ ਵਿੱਦਿਅਕ ਮੁੱਦਿਆਂ ‘ਤੇ ਆਪਸੀ ਤਾਲਮੇਲ ਕਾਇਮ ਕਰੇਗੀ।
ਉਨ੍ਹਾਂ ਨੇ ਰਜਿਸਟਰਾਰ ਡਾ. ਜਸਵਿੰਦਰ ਸਿੰਘ ਢਿੱਲੋਂ ਨਾਲ ਮਿਲ ਕੇ ਅਜੂਆ ਅਤੇ ਅਮਰੀਕੀ ਸਫ਼ਾਰਤਖਾਨੇ ਦੀ ਅਫ਼ਸਰ ਸ੍ਰੀਮਤੀ ਆਇਸ਼ਾ ਗਾਈਡਨ ਦਾ ਫੁੱਲਾਂ ਦਾ ‘ਵਰਸਿਟੀ ਦੇ ਕੈਂਪਸ ਪਹੁੰਚਣ ‘ਤੇ ਗੁਲਦਸਤਾ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਰਜਿਸਟਰਾਰ ਡਾ. ਢਿੱਲੋਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਦਿਆਰਥੀ ਨੇਅਜ਼ੂਆ ਦੇ ਭਾਸ਼ਣ ਤੋਂ ਭਰਪੂਰ ਜਾਣਕਾਰੀ ਹਾਸਲ ਕੀਤੀ ਹੈ ਅਤੇ ਇਸ ਤਰ੍ਹਾਂ ਦੇ ਭਾਸ਼ਣ ਉਨ੍ਹਾਂ ਵਿੱਚ ਵਿਸ਼ਵ ਪੱਧਰ ‘ਤੇ ਹੋ ਰਹੀਆਂ ਘਟਨਾਵਾਂ ਪ੍ਰਤੀ ਨਵੀਂ ਜਗਿਆਸਾ ਅਤੇ ਉਤੇਜਨਾ ਭਰਦੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਅਤੇ ਭਾਰਤ ਸਾਹਮਣੇ ਅਣਗਿਣਤ ਚੁਣੌਤੀਆਂ ਹਨ ਜਿਨ੍ਹਾਂ ਦੇ ਹੱਲ ਲਈ ਦੋਵੇਂ ਦੇਸ਼ਾਂ ਨੂੰ ਮਿਲਕੇ ਹੰਭਲਾ ਮਾਰਨਾ ਹੋਵੇਗੀ। ਇਸ ਮੌਕੇ ਮੌਜ਼ੂਦ ਵਿਦਿਆਰਥੀਆਂ ਨੇ ਅਜੂਆ ਤੋਂ ਸਵਾਲ-ਜਵਾਬ ਵੀ ਪੁੱਛੇ ਜਿਨ੍ਹਾਂ ਦਾ ਉਨ੍ਹਾਂ ਬੜੀ ਸੰਜੀਦਗੀ ਨਾਲ ਜਵਾਬ ਦਿੱਤਾ।
ਇਸ ਮੌਕੇ ਖ਼ਾਲਸਾ ਯੂਨੀਵਰਸਿਟੀ ਦੇ ਯੂਥ ਵੈਲਫ਼ੇਅਰ ਡਾਇਰੈਕਟਰ ਡਾ. ਸੁਖਬੀਰ ਕੌਰ ਮਾਹਲ, ਡਾਇਰੈਕਟਰ ਰਿਸਰਚ ਡਾ. ਆਰ. ਕੇ. ਧਵਨ, ਡਾ. ਜਸਪਾਲ ਸਿੰਘ, ਸ: ਰਵਿੰਦਰ ਸਿੰਘ ਰੌਬਿਨ, ਸ੍ਰੀਮਤੀ ਹਰਪ੍ਰੀਤ ਕੌਰ, ਸ੍ਰੀਮਤੀ ਮਨਿੰਦਰ ਕੌਰ, ਦੀਪਿਕਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਿਦਿਆਰਥੀ ਮੌਜ਼ੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media