18 ਸਤੰਬਰ ਤੱਕ ਦੋਸ਼ੀਆਂ ਵਿਰੁੱਧ ਕਾਰਵਾਈ ਨਾ ਹੋਣ ‘ਤੇ ਅੰਮ੍ਰਿਤਸਰ ‘ਚ ਰੋਸ ਮਾਰਚ 19 ਨੂੰ
ਚੰਡੀਗੜ੍ਹ, 15 ਸਤੰਬਰ (ਪੰਜਾਬ ਪੋਸਟ ਬਿਊਰੋ)- ਬੀਤੀ 7 ਸਤੰਬਰ ਨੂੰ ਪੰਜਾਬ ਦੇ ਲੋਕ ਸੰਪਰਕ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਦੇ ਅੰਮ੍ਰਿਤਸਰ ਸਥਿਤ ਗਰੀਨ ਐਵੇਨਿਊ ਵਿਖੇ ਕੋਠੀ ਵੱਲ ਮੰਗ ਪੱਤਰ ਦੇਣ ਜਾਂਦੇ ਪੱਤਰਕਾਰਾਂ ਤੇ ਲਾਠੀਚਾਰਜ ਕਰਨ ਵਾਲੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਖਿਲਾਫ ਇੱਕ ਹਫਤਾ ਬੀਤ ਜਾਣ ਦੇ ਬਾਵਜੂਦ ਵੀ ਹਾਲੇ ਤੱਕ ਕਿਸੇ ਵੀ ਦੋਸ਼ੀ ਦੇ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਗਈ, ਜਿਸ ਦੇ ਰੋਸ ਵਜੋਂ ਪੱਤਰਕਾਰ ਭਾਈਚਾਰੇ ਨੇ ਸਰਕਾਰ ਤੇ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 18 ਸਤੰਬਰ ਤੱਕ ਦੋਸ਼ੀਆਂ ਦੇ ਵਿਰੁੱਧ ਕੋਈ ਕਾਰਵਾਈ ਨਾ ਕੀਤੀ ਗਈ ਤਾਂ 19 ਸਤੰਬਰ ਨੂੰ ਪੱਤਰਕਾਰ ਭਾਈਚਾਰਾ ਸੜਕਾਂ ਤੇ ਆਉਣ ਲਈ ਮਜਬੂਰ ਹੋਵੇਗਾ।
ਚੰਡੀਗੜ੍ਹ ਪੰਜਾਬ ਜਰਨਲਿਸਟਸ ਐਸੋਸ਼ੀਏਸ਼ਨ ਦੇ ਪ੍ਰਧਾਨ ਜਸਬੀਰ ਸਿੰਘ ਪੱਟੀ ਨੇ ਅੱਜ ਚੰਡੀਗੜ੍ਹ ਦੇ ਪ੍ਰੈਸ ਕਲੱਬ ਵਿਖੇ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੱਤਰਕਾਰਾਂ ‘ਤੇ ਪੁਲੀਸ ਵੱਲੋ ਲਾਠੀਚਾਰਜ ਕਰਨਾ ਚਿੰਤਾ ਦਾ ਵਿਸ਼ਾ ਹੀ ਨਹੀ ਸਗੋ ਲੋਕਤੰਤਰ ਪ੍ਰਣਾਲੀ ਨੂੰ ਕਲੰਕਿਤ ਕਰਨ ਵਾਲੀ ਘਟਨਾ ਹੈ। ਉਹਨਾਂ ਕਿਹਾ ਕਿ ਲਾਠੀਚਾਰਜ ਤੋ ਦੂਸਰੇ ਦਿਨ ਤਾਂ ਸਰਕਾਰ, ਲੋਕ ਸੰਪਰਕ ਮੰਤਰੀ ਬਿਕਰਮ ਸਿੰੰਘ ਮਜੀਠੀਆ ਤੇ ਜਿਲ੍ਹਾ ਪ੍ਰਸ਼ਾਸ਼ਨ ਨੇ ਕਾਫੀ ਦਿਲਚਸਪੀ ਵਿਖਾਈ ਸੀ, ਪਰ ਉਸ ਤੋ ਬਾਅਦ ਅੱਜ ਤੱਕ ਜਾਂਚ ਪ੍ਰੀਕਿਰਿਆ ਵਿੱਚ ਪਾ ਕੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੱਤਰਕਾਰ ਲੋਕਤੰਤਰ ਦਾ ਚੌਥਾ ਥੰਮ ਮੰਨੇ ਗਏ ਹਨ ਪਰ ਅੱਜ ਇਸ ਥੰਮ ਨੂੰ ਖਤਮ ਕਰਨ ਲਈ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਕੋਝੇ ਹੱਥ ਕੰਡੇ ਅਪਨਾ ਰਹੀ ਹੈ। ਉਹਨਾਂ ਕਿਹਾ ਕਿ 7 ਸਤੰਬਰ ਨੂੰ ਪੱਤਰਕਾਰ ਕਿਸੇ ਮੁਹਿੰਮ ਤੇ ਨਹੀ ਸਗੋ ਪੰਜਾਬ ਦੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਪੱਤਰਕਾਰਾਂ ਨਾਲ ਕੀਤੇ ਵਾਅਦਿਆ ਦੀ ਯਾਦ ਦਿਵਾਉਣ ਲਈ ਇੱਕ ਮੰਗ ਪੱਤਰ ਦੇਣ ਲਈ ਗਏ ਸਨ ਪਰ ਅੱਗੋਂ ਬਿਕਰਮ ਸਿੰਘ ਮਜੀਠੀਆ ਦੀ ਸ਼ਹਿ ‘ਤੇ ਹੀ ਪੱਤਰਕਾਰਾਂ ਨਾਲ ਪਹਿਲਾਂ ਹੀ ਕਈ ਮਸਲਿਆ ਵਿੱਚ ਵਿਵਾਦਤ ਏ.ਸੀ ਪੀ ਬਾਲ ਕ੍ਰਿਸ਼ਨ ਸਿੰਗਲਾ ਨੇ ਲਾਠੀਚਾਰਜ ਕਰ ਦਿੱਤਾ ਗਿਆ। ਉਹਨਾਂ ਕਿਹਾ ਕਿ 8 ਸਤੰਬਰ ਨੂੰ ਅੰਮ੍ਰਿਤਸਰ ਦੇ ਜਿਲ੍ਹਾ ਪੁਲੀਸ ਕਮਿਸ਼ਨਰ ਨਾਲ ਕਰੀਬ ਦੋ ਘੰਟੇ ਚੱਲੀ ਮੀਟਿੰਗ ਉਪਰੰਤ ਕਿਸੇ ਵੀ ਸਿੱਟੇ ਤੇ ਨਹੀ ਪਹੁੰਚਿਆ ਗਿਆ ਕਿਉਕਿ ਕਮਿਸ਼ਨਰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਸਨ, ਪਰ ਪੱਤਰਕਾਰ ਇਸ ਨਾਲ ਸਹਿਮਤ ਨਹੀ ਸਨ ਅਤੇ ਕਮਿਸ਼ਨਰ ਨੇ ਬੇਬਸੀ ਪ੍ਰਗਟ ਕਰਦਿਆਂ ਮਾਮਲਾ ਡਿਪਟੀ ਕਮਿਸ਼ਨਰ ਨੂੰ ਮੈਜਿਸਟਰੇਟੀ ਜਾਂਚ ਕਰਾਉਣ ਲਈ ਭੇਜ ਦਿੱਤਾ।ਪਰ ਡਿਪਟੀ ਕਮਿਸ਼ਨਰ ਨੇ ਵੀ ਕੋੋਈ ਕਾਰਵਾਈ ਨਹੀ ਕੀਤੀ ਤੇ ਮੰਤਰੀ ਦੇ ਕਹਿਣ ‘ਤੇ ਜਾਂਚ ਨੂੰ ਲਮਕਾ ਦਿੱਤਾ।ਉਹਨਾਂ ਕਿਹਾ ਕਿ ਪੱਤਰਕਾਰਾਂ ਨਾਲ ਕਿਸੇ ਕਿਸਮ ਦੀ ਵਧੀਕੀ ਬਰਦਾਸ਼ਤ ਨਹੀ ਕੀਤੀ ਜਾਵੇਗੀ ਤੇ 18 ਸਤੰਬਰ ਤੱਕ ਜੇਕਰ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ 19 ਸਤੰਬਰ ਨੂੰ ਪੱਤਰਕਾਰ ਇੱਕ ਵਾਰੀ ਫਿਰ ਸੜਕਾਂ ‘ਤੇ ਆ ਜਾਣਗੇ ਤੇ ਉਸ ਤੋਂ ਨਿਕਲਣ ਵਾਲੇ ਸਿੱਟਿਆਂ ਲਈ ਸਰਕਾਰ, ਬਿਕਰਮ ਸਿੰਘ ਮਜੀਠੀਆ ਤੇ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਉਹਨਾਂ ਚੰਡੀਗੜ੍ਹ ਪ੍ਰੈਸ ਕਲੱਬ ਤੇ ਜਲੰਧਰ ਪ੍ਰੈਸ ਕਲੱਬ ਦੇ ਪ੍ਰਬੰਧਕਾਂ ਨੂੰ ਵੀ ਅਪੀਲ ਕੀਤੀ ਕਿ ਦੋਵਾਂ ਕਲੱਬਾਂ ਵਿੱਚ ਮਜੀਠੀਆ ਦੇ ਦਾਖਲੇ ‘ਤੇ ਉਸੇ ਤਰ੍ਹਾ ਹੀ ਰੋਕ ਲਗਾਈ ਜਾਵੇ ਜਿਸ ਤਰ੍ਹਾ ਭਗਵੰਤ ਮਾਨ ਵੱਲੋ ਪੱਤਰਕਾਰਾਂ ਦੀ ਤੌਹੀਨ ਕਰਨ ਸਮੇਂ ਲਗਾਈ ਗਈ ਸੀ।ਉਹਨਾਂ ਕਿਹਾ ਕਿ ਜੇਕਰ ਇੱਕ ਪਾਰਲੀਮੈਂਟ ਮੈਬਰ ਭਗਵੰਤ ਮਾਨ ‘ਤੇ ਪਰਚਾ ਦਰਜ ਹੋ ਸਕਦਾ ਹੈ ਤਾਂ ਫਿਰ ਸਿੰਗਲਾ ਕੋਈ ਉਸ ਤੋ ਵੱਡਾ ਨਹੀ ਹੈ।ਉਹਨਾਂ ਚੰਡੀਗੜ੍ਹ ਕਲੱਬ ਦੇ ਪ੍ਰਬੰਧਕਾਂ ਵੱਲੋ ਭਵਿੱਖ ਵਿੱਚ ਐਸੋਸ਼ੀਏਸ਼ਨ ਵੱਲੋ ਪ੍ਰੈਸ ਕਾਨਫਰੰਸ ਸਮੇਂ ਕੋਈ ਚਾਰਜ ਨਾ ਲੈਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਪ੍ਰੈਸ ਕਲੱਬ ਤੋ ਇਹੋ ਹੀ ਉਮੀਦ ਸੀ।ਇਸ ਸਮੇਂ ਉਹਨਾਂ ਦੇ ਨਾਲ ਐਸੋਸ਼ੀਏਸ਼ਨ ਦੇ ਕਨਵੀਨਰ ਵਿਜੇ ਪੰਕਜ ਤੇ ਹੋਰ ਪੱਤਰਕਾਰ ਵੀ ਹਾਜਰ ਸਨ।
Punjab Post Daily Online Newspaper & Print Media
