Saturday, October 17, 2026

ਸਜ਼ਾ ਨਹੀਂ, ਬਲਕਿ ਜੀਵਾਣੂ ਕਾਰਨ ਹੋਣ ਵਾਲੀ ਬਿਮਾਰੀ ਹੈ ਕੁਸ਼ਟ ਰੋਗ-ਡਾ. ਜੋਤਿਕਾ ਕਲਸੀ

dr-jotika-kalsiਅੰਮ੍ਰਿਤਸਰ, 16 ਸਤੰਬਰ (ਪੰਜਾਬ ਪੋਟਸ ਬਿਊਰੋ) – ਕੁਸ਼ਟ ਰੋਗ ਪਰਮਾਤਮਾ ਵੱਲੋਂ ਦਿੱਤੀ ਸਜ਼ਾ ਨਹੀਂ ਹੈ, ਬਲਕਿ ਇਹ ਇਕ ਬਿਮਾਰੀ ਹੈ, ਜੋ ਕਿ ਮਾਈਕੋਬੈਕਟੀਰੀਆ ਲੈਪਰੀ ਜੀਵਾਣੂ ਕਾਰਨ ਹੁੰਦੀ ਹੈ। ਇਹ ਪ੍ਰਗਟਾਵਾ ਕਰਦਿਆਂ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਜੋਤਿਕਾ ਕਲਸੀ ਨੇ ਕਿਹਾ ਕਿ ਵਿਸ਼ਵ ਭਰ ਵਿਚੋਂ ਭਾਰਤ ਵਿਚ ਕੁਸ਼ਟ ਰੋਗ ਦੇ ਹਰ ਸਾਲ 50 ਫੀਸਦੀ ਕੇਸ ਨਿਕਲਦੇ ਹਨ। ਉਨ੍ਹਾਂ ਦੱਸਿਆ ਕਿ ਇਸ ਰੋਗ ਨਾਲ ਬਹੁਤ ਸਾਰੇ ਵਹਿਮ-ਭਰਮ ਜੁੜੇ ਹੋਏ ਹਨ ਪਰੰਤੂ ਹਕੀਕਤ ਕੁਝ ਹੋਰ ਹੀ ਹੈ, ਜਿਸ ਬਾਰੇ ਸਾਨੂੰ ਜਾਗਰੂਕ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗ ਇਕ ਬਹੁਤ ਹੀ ਘੱਟ ਛੂਤ ਵਾਲੀ ਬਿਮਾਰੀ ਹੈ ਅਤੇ ਇਸ ਦੇ ਕੀਟਾਣੂ ਕੁਸ਼ਟ ਰੋਗ ਦੇ ਮਰੀਜ਼ ਦੇ ਛਿੱਕਣ ਨਾਲ ਜਾਂ ਗੱਲਬਾਤ ਕਰਨ ਨਾਲ ਹਵਾ ਵਿਚ ਫ਼ੈਲਦੇ ਹਨ ਅਤੇ ਸਾਹ ਦੇ ਰਸਤੇ ਤੰਦਰੁਸਤ ਇਨਸਾਨ ਦੇ ਸਰੀਰ ਵਿਚ ਦਾਖ਼ਲ ਹੋ ਕੇ ਹੌਲੀ-ਹੌਲੀ ਉਸ ਨੂੰ ਕੁਸ਼ਟ ਰੋਗੀ ਬਣਾ ਦਿੰਦੇ ਹਨ। ਇਸ ਵਿਚ ਔਸਤਨ 5 ਤੋਂ 7 ਸਾਲ ਦਾ ਸਮਾਂ ਲੱਗ ਸਕਦਾ ਹੈ। ਉਨ੍ਹਾਂ ਦੱਸਿਆ ਕਿ ਸਰੀਰ ਦੀ ਚਮੜੀ ਦੇ ਕਿਸੇ ਵੀ ਹਿੱਸੇ ‘ਤੇ ਸੁੰਨ ਚਿਟਾਕ ਜਾਂ ਤਾਂਬੇ ਰੰਗ ਦੇ ਦਾਗ ਜਾਂ ਧੱਬੇ, ਗਰਮ-ਠੰਡਾ ਜਾਂ ਛੂਹਣ ਤੇ ਸੁੰਨ ਮਹਿਸੂਸ ਹੋਵੇ ਤਾਂ ਇਹ ਕੁਸ਼ਟ ਰੋਗ ਦੀ ਨਿਸ਼ਾਨੀ ਹੈ।
ਡਾ. ਜੋਤਿਕਾ ਕਲਸੀ ਨੇ ਕਿਹਾ ਕਿ ਕੁਸ਼ਟ ਰੋਗ ਪੂਰਨ ਤੌਰ ‘ਤੇ ਠੀਕ ਹੋਣ ਵਾਲਾ ਰੋਗ ਹੈ ਪਰੰਤੂ ਸ਼ਰਤ ਇਹ ਹੈ ਕਿ ਇਸ ਬਿਮਾਰੀ ਬਾਰੇ ਸਮੇਂ ਸਿਰ ਪਤਾ ਲੱਗ ਜਾਵੇ ਕਿਉਂਕਿ ਇਸ ਦੀ ਜਿੰਨੀ ਜਲਦੀ ਪਛਾਣ ਹੋ ਜਾਵੇ ਓਨੀ ਜਲਦੀ ਹੀ ਇਲਾਜ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਰੋਗ ਦਾ ਪਤਾ ਪਹਿਲੀ ਸਟੇਜ ‘ਤੇ ਹੀ ਲੱਗ ਜਾਵੇ ਤਾਂ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ। ਫਿਰ ਵੀ ਜੇਕਰ ਮਰੀਜ਼ ਅਗਿਆਨਤਾ ਕਾਰਨ ਸਹੀ ਸਮੇਂ ‘ਤੇ ਇਲਾਜ ਨਹੀਂ ਕਰਵਾਉਂਦਾ ਤਾਂ ਜ਼ਿਲ੍ਹਾ ਅੰਮ੍ਰਿਤਸਰ ਵਿਚ ਸਿਵਲ ਸਰਜਨ ਡਾ. ਪਰਦੀਪ ਚਾਵਲਾ ਦੀ ਯੋਗ ਅਗਵਾਈ ਅਤੇ ਉਨ੍ਹਾਂ ਦੀ ਦੇਖ-ਰੇਖ ਹੇਠ ਪਿਛਲੇ ਦੋ ਸਾਲਾਂ ਤੋਂ ਆਰ. ਸੀ. ਐਸ ਰੀਕੰਨਸਟ੍ਰੱਕਟਿਵ ਸਰਜਰੀ ਦੇ ਕੈਂਪ ਸਿਵਲ ਹਸਪਤਾਲ ਅੰਮ੍ਰਿਤਸਰ ਵਿਚ ਹਰ ਸਾਲ ਲਗਾਏ ਜਾਂਦੇ ਹਨ, ਜਿਨ੍ਹਾਂ ਵਿਚ ਉਹ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਨਵੰਬਰ ਦੇ ਮਹੀਨੇ ਸਿਵਲ ਹਸਪਤਾਲ ਵਿਚ ਕੁਸ਼ਟ ਰੋਗੀਆਂ ਦੀ ਅਪੰਗਤਾ ਨੂੰ ਠੀਕ ਕਰਨ ਤੇ ਉਨ੍ਹਾਂ ਦੇ ਮੁੜ ਵਸੇਬੇ ਦੇ ਯਤਨਾਂ ਤਹਿਤ ਇਹ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਖਾਸ ਗੱਲ ਇਹ ਹੈ ਕਿ ਇਸ ਸਰਜਰੀ ‘ਤੇ ਮਰੀਜ਼ ਦਾ ਆਪਣਾ ਕੋਈ ਖ਼ਰਚਾ ਨਹੀਂ ਹੁੰਦਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸੰਪਰਕ ਵਿਚ ਰਹਿੰਦੇ ਲੋਕਾਂ ਨੂੰ ਇਸ ਬਿਮਾਰੀ ਪ੍ਰਤੀ ਜਾਗਰੂਕ ਕਰਨ ਤਾਂ ਜੋ ਦਿਨੋ-ਦਿਨ ਇਸ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਨੂੰ ਘਟਾਇਆ ਜਾ ਸਕੇ ਅਤੇ ਇਕ ਸੁਚੱਜੇ ਤੇ ਅਰੋਗ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply