Sunday, April 5, 2026

ਪੰਜਾਬ ਰੋੜਵੇਜ਼ / ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਨੇ ਸ਼ੁਰੂ ਕੀਤੀ ਤਿੰਨ ਦਿਨਾਂ ਹੜ੍ਹਤਾਲ

ਫਾਜ਼ਿਲਕਾ, 17 ਸਤੰਬਰ (ਵਿਨੀਤ ਅਰੋੜਾ)- ਪੰਜਾਬ ਰੋੜਵੇਜ਼/ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ (ਪੰਜਾਬ) ਦੇ ਸਬ ਡਿੱਪੂ ਫਾਜ਼ਿਲਕਾ ਦੇ ਮੈਂਬਰਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਸਥਾਨਕ ਬੱਸ ਸਟੈਂਡ ਦੇ ਵੇਹੜੇ ਵਿਚ ਤਿੰਨ ਦਿਨਾਂ ਹੜ੍ਹਤਾਲ ਸ਼ੁਰੂ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਹੜ੍ਹਤਾਲ ਦੇ ਅੱਜ ਪਹਿਲੇ ਦਿਨ ਦਿੱਤੇ ਗਏ ਧਰਨੇ ਦੇ ਦੌਰਾਨ ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਯੂਨੀਅਨ ਦੇ ਚੇਅਰਮੈਨ ਓਂਕਾਰ ਸਿੰਘ ਸੰਧੂ, ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ, ਮੀਤ ਪ੍ਰਧਾਨ ਰਮੇਸ਼ ਕੁਮਾਰ (ਲਾਡਾ), ਜਨਰਲ ਸਕੱਤਰ ਸਤੀਸ਼ ਕੁਮਾਰ, ਅਨਿਲ ਕੁਮਾਰ, ਖਜ਼ਾਨਚੀ ਗੁਰਬਖਸ਼ ਲਾਲ, ਮਨੀਸ਼ ਕੁਮਾਰ, ਮੁੱਖ ਸਲਾਹਕਾਰ ਮਨਵੀਰ ਸਿੰਘ, ਕੁਲਦੀਪ ਸਿੰਘ, ਜਗਨਦੀਪ ਸਿੰਘ, ਪੁਰਸ਼ੋਤਮ ਕੁਮਾਰ, ਦੇਸ ਰਾਜ, ਪ੍ਰੇਮ ਕੁਮਾਰ, ਗੁਰਭਿੰਦਰ ਸਿੰਘ, ਮਨਜੀਤ ਸਿੰਘ, ਵਿਨੋਦ ਕੁਮਾਰ, ਅਮਿਤ ਕੁਮਾਰ, ਮਨੀਸ਼ ਕੁਮਾਰ, ਓਮ ਪ੍ਰਕਾਸ਼, ਗੁਰਵਿੰਦਰ ਸਿੰਘ, ਕਸ਼ਮੀਰ ਲਾਲ, ਹਰਭਜਨ ਸਿੰਘ ਅਤੇ ਛਿੰਦਾ ਸਿੰਘ ਨੇ ਕਿਹਾ ਕਿ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਬੀਤੇ ਲੰਬੇ ਸਮੇਂ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਪਰ ਪੰਜਾਬ ਸਰਕਾਰ ਵੱਲੋਂ ਯੂਨੀਅਨ ਮੈਂਬਰਾਂ ਦੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਕਿਹਾ ਕਿ ਬੀਤੇ ਲੰਬੇ ਸਮੇਂ ਤੋਂ ਪਨਬਸ ਵਿਚ ਕੰਮ ਕਰ ਰਹੇ ਵਰਕਰਾਂ ਨੂੰ ਠੇਕੇਦਾਰੀ ਸਿਸਟਮ ਵਿੱਚੋਂ ਕੱਢਕੇ ਫਿਰ ਵਿਭਾਗ ਵਿਚ ਠੇਕੇ ਤੇ ਭਰਤੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ 8840 ਕਿਲੋਮੀਟਰ ਦੀ ਸ਼ਰਤ ਲਾਗੂ ਕਰ ਦਿੱਤੀ ਗਈ ਅਤੇ ਤਨਖਾਹ ਅੱਗੇ ਤੋਂ ਵੀ ਘੱਟ ਕਰ ਦਿੱਤੀ ਗਈ ਹੈ। ਜਦਕਿ ਯੂਨੀਅਨ ਮੈਂਬਰਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਣਾ ਚਾਹੀਦਾ ਸੀ। ਸਰਕਾਰ ਵੱਲੋਂ ਕੀਤੀ ਜਾ ਰਹੀ ਇਸ ਧੱਕੇਸ਼ਾਹੀ ਦੇ ਖਿਲਾਫ਼ ਕਰਮਚਾਰੀਆਂ ਵਿਚ ਭਾਰੀ ਰੋਸ ਹੈ। ਜਿਸਦੇ ਚਲਦੇ ਯੂਨੀਅਨ ਮੈਂਬਰਾਂ ਨੂੰ ਮਜ਼ਬੂਰ ਹੋਕੇ ਹੋਰਨਾਂ ਯੂਨੀਅਨਾਂ ਨਾਲ ਮਿਲਕੇ ਸਰਕਾਰ ਦੇ ਖਿਲਾਫ਼ ਸਾਂਝੇ ਮੋਰਚੇ ਦਾ ਸਹਾਰਾ ਲੈਣਾ ਪੈ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਾਂਝੇ ਮੋਰਚੇ ਵੱਲੋਂ ਰੋਸ ਵਜੋਂ 17 ਸਤੰਬਰ ਤੋਂ 19 ਸਤੰਬਰ ਤੱਕ ਤਿੰਨ ਦਿਨਾਂ ਹੜ੍ਹਤਾਲ ਸ਼ੁਰੂ ਕੀਤੀ ਗਈ ਹੈ। ਜਿਸਦੇ ਤਹਿਤ ਅੱਜ ਪਹਿਲੇ ਦਿਨ ਸਥਾਨਕ ਬੱਸ ਸਟੈਂਡ ਵਿਚ ਧਰਨਾਂ ਦਿੱਤਾ ਗਿਆ ਹੈ ਅਤੇ ਕੱਲ 18 ਸਤੰਬਰ ਨੂੰ ਲੰਬੀ ਵਿਚ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਰਕਾਰ ਤੋਂ ਰੈਗੂਲਰ ਕਰਨ ਦਾ ਹੱਕ ਮੰਗਿਆ ਜਾਵੇਗਾ। ਉਨ੍ਹਾਂ ਦੱਸਿਆ ਕਿ 19 ਸਤੰਬਰ ਨੂੰ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿਚ ਯੂਨੀਅਨ ਅਹੁੱਦੇਦਾਰਾਂ ਨੂੰ ਮੀਟਿੰਗ ਲਈ ਬੁਲਾਇਆ ਗਿਆ ਹੈ ਅਤੇ ਜੇਕਰ ਮੀਟਿੰਗ ਦੌਰਾਨ ਉਨ੍ਹਾ ਦੀਆਂ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਯੂਨੀਅਨ ਮੈਂਬਰਾਂ ਵੱਲੋਂ ਸੰਘਰਸ਼ ਨੂੰ ਤੇਜ਼ ਕੀਤਾ ਜਾਵੇਗਾ। ਤਾਕਿ ਬੀਤੇ ਲਗਭਗ 9 ਵਰ੍ਹਿਆਂ ਤੋਂ ਠੇਕੇ ਦੇ ਤਹਿਤ ਕੰਮ ਕਰ ਰਹੇ ਕਰਮਚਾਰੀਆਂ ਨੂੰ ਜਲਦੀ ਰੈਗੂਲਰ ਕਰਵਾਇਆ ਜਾ ਸਕੇ।
ਇਸ ਮੌਕੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਜ਼ੋਰਦਾਰ ਨਾਅਰੇਬਾਜੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਅਤੇ ਸਰਕਾਰ ਤੋਂ ਯੂਨੀਅਨ ਦੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦੀ ਮੰਗ ਕੀਤੀ ਗਈ। ਵੱਖ ਵੱਖ ਸ਼ਹਿਰਾਂ ਨੂੰ ਜਾਣ ਵਾਲੀਆਂ ਬੱਸਾਂ ਰਹੀਆਂ ਬੰਦ: ਮੰਗਾਂ ਨੂੰ ਲੈ ਕੇ ਯੂਨੀਅਨ ਮੈਂਬਰਾਂ ਵੱਲੋਂ ਸ਼ੁਰੂ ਕੀਤੀ ਗਈ ਤਿੰਨਾਂ ਦਿਨਾਂ ਹੜ੍ਹਤਾਲ ਦੇ ਅੱਜ ਪਹਿਲੇ ਦਿਨ ਜਲੰਧਰ, ਚਿੰਤਪੁਰਨੀ, ਜਮਨਾਨਾਗਰ, ਸ਼੍ਰੀਗੰਗਾਨਗਰ, ਸੰਗਰੀਆ, ਹਨੂੰਮਾਨਗੜ੍ਹ, ਮਲੋਟ, ਸਰਸਾ, ਦੀਵਾਨਖੇੜਾ ਨੂੰ ਜਾਣ ਵਾਲੀਆਂ ਲਗਭਗ 30 ਬੱਸਾਂ ਬੰਦ ਰਹੀਆਂ। ਜਿਸ ਕਾਰਨ ਫਾਜ਼ਿਲਕਾ ਤੋਂ ਉਕਤ ਸ਼ਹਿਰਾਂ ਨੂੰ ਜਾਣ ਵਾਲੇ ਮੁਸਾਫ਼ਰਾਂ ਨੂੰ ਵੱਖ ਵੱਖ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply