
ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਟਸ ਬਿਊਰੋ) – ਤਰਕਸ਼ੀਲ ਸੁਸਾਇਟੀ ਪੰਜਾਬ ਦੀ ਅੰਮ੍ਰਿਤਸਰ ਇਕਾਈ ਵਲੋਂ ਸ਼ਹੀਦੇ ਆਜਮ ਭਗਤ ਸਿੰਘ, ਤਰਕਸ਼ੀਲ ਲਹਿਰ ਦੇ ਬਾਨੀ ਡਾ. ਆਈ.ਟੀ ਕਾਵਵੂਰ ਅਤੇ ਗੁਰਸ਼ਰਨ ਭਾਜੀ ਨੂੰ ਸਮਰਪਿਤ ਤਰਕਸ਼ੀਲ ਮੈਗਜੀਨ ਪਾਠਕ ਮਿਲਣੀ ਤਹਿਤ ਸਥਾਨਕ ਵਿਰਸਾ ਵਿਹਾਰ ਵਿਖੇ ਇਕ ਸੈਮੀਨਾਰ ਵਿਰਸਾ ਵਿਹਾਰ ਸੁਸਾਇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ, ਜਿਸ ਵਿਚ ਮੌਜੂਦਾ ਹਾਲਾਤਾਂ ਵਿਚ ਤਰਕਸ਼ੀਲ ਮੈਗਜੀਨ ਅਤੇ ਤਰਕਸ਼ੀਲ ਸਾਹਿਤ ਦੀ ਲੋਕਪੱਖੀ ਪ੍ਰਸੰਗਕਿਤਾ ਸਬੰਧੀ ਵੱਖ ਵੱਖ ਪਾਠਕਾਂ ਵਲੋਂ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਤਰਕਸ਼ੀਲ ਮੈਗਜੀਨ ਦੇ ਮੁੱਖ ਸੰਪਾਦਕ ਸ੍ਰੀ ਬਲਬੀਰ ਚੰਦ ਲੌਂਗੋਵਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਹਿਤ ਦਾ ਮਨੁੱਖ ਦੀ ਜ਼ਿੰਦਗੀ ਵਿਚ ਬਹੁਤ ਮਹੱਤਵ ਹੁੰਦਾ ਹੇ ਅਤੇ ਖਾਸ ਕਰਕੇ ਤਰਕਸ਼ੀਲ ਅਤੇ ਇਨਕਲਾਬੀ ਸਾਹਿਤ ਆਮ ਲੋਕਾਂ ਵਿਚ ਵਿਗਿਆਨਕ ਦ੍ਰਿਸ਼ਟੀਕੋਣ ਪ੍ਰਫੁਲਿਤ ਕਰਨ ਦੇ ਨਾਲ ਨਾਲ ਉਨ੍ਹਾਂ ਨੂੰ ਲੋਕਪੱਖੀ ਸਮਾਜਕ ਅਤੇ ਸਭਿਆਚਾਰਕ ਤਬਦੀਲੀ ਲਿਆਉਣ ਲਈ ਵੀ ਪ੍ਰੇਰਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਤਰਕਸ਼ੀਲ ਮੈਗਜੀਨ ਵਿਚ ਪਾਠਕਾਂ ਨੂੰ ਮਨੋਵਿਗਿਆਨ, ਫਿਲਾਸਫੀ, ਸਾਹਿਤ ਵਿਗਿਆਨ, ਸਿਹਤ, ਧਰਮ ਅਤੇ ਜਮਹੂਰੀ ਹੱਕਾਂ ਸਬੰਧੀ ਜਾਣਕਾਰੀ ਦੇਣ ਤੋਂ ਇਲਾਵਾ ਵਿਦਿਆਰਥੀਆਂ, ਨੌਜਵਾਨਾਂ, ਔਰਤਾਂ, ਕਿਸਾਨਾਂ ਅਤੇ ਸਮਾਜ ਦੇ ਹੋਰ ਮਿਹਨਤਕਸ਼ ਵਰਗਾਂ ਦੇ ਮਸਲਿਆਂ ਤੇ ਵੀ ਗੰਭੀਰਤਾ ਭਰਪੂਰ ਲੇਖ ਪ੍ਰਕਾਸ਼ਿਤ ਕੀਤੇ ਜਾਂਦੇ ਹਨ, ਜਿਸ ਦਾ ਪਾਠਕਾਂ ਵਲੋਂ ਹਮੇਸ਼ਾਂ ਵਧੀਆ ਹੁੰਗਾਰਾ ਮਿਲਦਾ ਆ ਰਿਹਾ ਹੈ।
ਇਸ ਮੌਕੇ ਉਘੇ ਚਿੰਤਕ ਡਾ. ਸ਼ਾਮ ਸੁੰਦਰ ਦੀਪਤੀ ਨੇ ਕਿਹਾ ਕਿ ਸਾਨੂੰ ਆਪਣੇ ਨੌਜਵਾਨਾਂ, ਵਿਦਿਆਰਥੀਆਂ ਅਤੇ ਬੱਚਿਆਂ ਨੂੰ ਤਰਕਸ਼ੀਲ ਸਾਹਿਤ ਨਾਲ ਜੋੜਣਾ ਚਾਹੀਦਾ ਹੈ ਅਤੇ ਉਨ੍ਹਾਂ ਦੇ ਦਿਮਾਗ ਵਿਚ ਸਵਾਲ ਉਭਾਰਨ ਦੇ ਨਾਲ ਨਾਲ ਊਨ੍ਹਾਂ ਨਾਲ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਸੰਵਾਦ ਵੀ ਰਚਾਉਣਾ ਚਾਹੀਦਾ ਹੈ ਤਾਂ ਕਿ ਉਹ ਵਰਤਮਾਨ ਹਾਲਾਤਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਨਿਡਰਤਾ ਨਾਲ ਟਾਕਰਾ ਕਰਨ ਦੇ ਸਮਰਥ ਬਣ ਸਕਣ।
ਸੁਸਾਇਟੀ ਦੇ ਜਥੇਬੰਦਕ ਮੁਖੀ ਸੁਮੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਡਾ. ਕਾਵੂਰ, ਗੁਰਸ਼ਰਨ ਭਾਜੀ ਅਤੇ ਇਨਕਲਾਬੀ ਕਵੀ ਪਾਸ਼ ਨੇ ਆਪਣੀਆਂ ਇਨਕਲਾਬੀ ਸਾਹਿਤਕ ਲਿਖਤਾਂ ਅਤੇ ਕਿਰਤਾਂ ਰਾਹੀਂ ਆਮ ਮਿਹਨਤਕਸ਼ ਲੋਕਾਂ ਨੂੰ ਤਰਕਸ਼ੀਲ ਅਤੇ ਸੰਘਰਸ਼ਸ਼ੀਲ ਬਣਨ ਲਈ ਲਗਾਤਾਰ ਪ੍ਰੇਰਿਤ ਕੀਤਾ ਅਤੇ ਤਰਕਸ਼ੀਲ ਮੈਗਜੀਨ ਵੀ ਪਿਛਲੇ 30 ਸਾਲਾਂ ਤੋਂ ਸਮਾਜ ਦੇ ਇਕ ਵੱਡੇ ਵਰਗ ਵਿਚ ਵਿਗਿਆਨਕ ਚੇਤਨਾ ਪ੍ਰਫੁਲਿਤ ਕਰਨ ਵਿਚ ਸਫਲ ਰਿਹਾ ਹੈ। ਉਨ੍ਹਾਂ ਕਿਹਾ ਕਿ ਫਰਾਂਸ ਅਤੇ ਰੂਸ ਦੇ ਇਨਕਲਾਬਾਂ ਵਿਚ ਇਨਕਲਾਬੀ ਅਤੇ ਤਸਕਸ਼ੀਲ ਸਾਹਿਤ ਨੇ ਅਹਿਮ ਭੂਮਿਕਾ ਨਿਭਾਈ ਸੀ।
ਤਰਕਸ਼ੀਲ ਆਗੂ ਐਡਵੋਕੇਟ ਅਮਰਜੀਤ ਬਾਈ ਨੇ ਕਿਹਾ ਕਿ ਮੌਜੂਦਾ ਸਾਮਰਾਜਪੱਖੀ ਹਾਕਮ ਜਮਾਤਾਂ ਸਿਖਿਆ ਦਾ ਭਗਵਾਂਕਰਨ ਅਤੇ ਧਰਮੀਕਰਨ ਕਰਕੇ ਵਿਦਿਆਰਥੀਆਂ ਅਤੇ ਆਮਾ ਲੋਕਾਂ ਦੀ ਮਾਨਸਿਕਤਾ ਵਿਚ ਅੰਧ ਵਿਸ਼ਵਾਸ਼, ਰੂੜੀਵਾਦ ਅਤੇ ਕਿਸਮਤਵਾਦ ਫੈਲਾ ਰਹੀਆਂ ਹਨ ਤਾਂ ਅਜਿਹੇ ਮੌਕੇ ਸ਼ਹੀਦ ਭਗਗਤ ਸਿੰਘ ਅਤੇ ਡਾ. ਕਾਵੂਰ ਦੀ ਇਨਕਲਾਬੀ ਅਤੇ ਤਰਕਸ਼ੀਲ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰਨਾ ਹੋਰ ਵੀ ਜ਼ਰੂਰੀ ਹੈ ਅਤੇ ਤਰਕਸ਼ੀਲ ਮੈਗਜੀਨ ਇਹ ਭੂਮਿਕਾ ਬਾਖੂਬੀ ਨਿਭਾ ਰਿਹਾ ਹੈ।ਤਰਕਸ਼ੀਲ ਆਗੂ ਮੁਖਵਿੰਦਰ ਚੋਹਲਾ ਨੇ ਪਾਠਕ ਮਿਲਣੀ ਕਰਾਉਣ ਦੀ ਸ਼ਲਾਘਾ ਕਰਦਿਆਂ ਤਰਕਸ਼ੀਲ ਮੈਗਜੀਨ ਨੂੰ ਵੱਧ ਤੋਂ ਵੱਧ ਪਿੰਡਾਂ ਕਸਬਿਆਂ ਅਤੇ ਆਮ ਲੋਕਾਂ ਤਕ ਪਹੁੰਚਾਉਣ ਦੀ ਲੋੜ ਤੇ ਜ਼ੋਰ ਦਿੱਤਾ।ਪ੍ਰੋ. ਮੋਹਨ ਸਿੰਘ ਨੇ ਤਰਕਸ਼ੀਲ ਮੈਗਜੀਨ ਵਿਚਲੀ ਸਮੱਗਰੀ ਨੂੰ ਆਮ ਪਾਠਕਾਂ ਦੀ ਪੱਧਰ ਤੇ ਸਰਲ ਬਣਾਉਣ ਦਾ ਸੁਝਾਅ ਦਿੱਤਾ।
ਇਸ ਮੌਕੇ ਤਰਕਸ਼ੀਲ ਆਗੂਆ ਬਲਦੇਵ ਰਾਜ ਵੇਰਕਾ, ਕਾਮਰੇਡ ਬਲਕਾਰ ਦੁਧਾਲਾ, ਮੁਖਤਿਆਰ ਗੋਪਾਲਪੁਰਾ, ਡਾ. ਰਾਏ ਜਸਬੀਰ ਸਿੰਘ, ਨਿਰਮਲ ਅਰਪਣ ਨੇ ਵਿਚਾਰ ਚਰਚਾ ਵਿਚ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਤਰਕਸ਼ੀਲ ਮੈਗਜੀਨ ਅਤੇ ਤਰਕਸ਼ੀਲ ਸਾਹਿਤ ਨੇ ਸਮਾਜ ਵਿਚੋਂ ਅੰਧ ਵਿਸ਼ਵਾਸੀ ਅਤੇ ਰੂੜੀਵਾਦੀ ਮਾਨਸਿਕਤਾ ਦੇ ਖਾਤਮੇ ਲਈ ਵੱਖ ਵੱਖ ਵਰਗਾਂ ਦੇ ਲੋਕਾਂ ਨੂੰ ਵਿਗਿਆਨਕ ਦ੍ਰਿਸ਼ਟੀਕੋਣ ਦੀ ਸੇਧ ਵਿਖਾਈ ਹੈ ਅਤੇ ਊਨ੍ਹਾਂ ਨੂੰ ਪਾਖੰਡੀ ਬਾਬਿਆਂ, ਤਾਂਤਰਿਕ, ਜੋਤਸ਼ੀਆਂ ਦੀ ਲੁੱਟ ਤੋਂ ਬਚਾਉਣ ਤੋਂ ਇਲਾਵਾ ਉਨ੍ਹਾਂ ਨੂੰ ਪੂੰਜੀਵਾਦੀ ਅਤੇ ਫਾਸੀਵਾਦੀ ਹਾਕਮ ਜਮਾਤਾਂ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਕਰਨ ਲਈ ਜਾਗਰੂਕ ਕੀਤਾ ਹੈ। ਤਰਕਸ਼ੀਲ ਆਗੂ ਮੇਜਰ ਸਿੰਘ ਵਲੋਂ ਆਏ ਹੋਏ ਸਰੋਤਿਆਂ ਦਾ ਧੰਨਵਾਦ ਕੀਤਾ ਗਿਆ। ਬਲਬੀਰ ਚੰਦ ਲੌਂਗੋਵਾਲ ਨੇ ਪਾਠਕਾਂ ਵਲੋਂ ਆਏ ਸੁਝਾਵਾਂ ਤੇ ਅਮਲ ਕਰਨ ਦਾ ਭਰੋਸਾ ਦਿੱਤਾ।
ਇਸ ਸੈਮੀਨਾਰ ਵਿਚ ਤਰਕਸ਼ੀਲ ਆਗੂ, ਸੁਖਮੀਤ ਸਿੰਘ, ਮਾਸਟਰ ਕੁਲਜੀਤ ਵੇਰਕਾ, ਕਾਮਰੇਡ ਬਲਵਿੰਦਰ ਦੁਧਾਲਾ, ਡਾ. ਕਸ਼ਮੀਰ ਸਿੰਘ, ਜਸਪਾਲ ਬਾਸਰਕਾ, ਕਾਮਰੇਡ ਅਜੀਤ ਸਿੰਘ, ਰਾਜ ਕੁਮਾਰ ਵੇਰਕਾ, ਨਾਗਰ ਮੱਲ, ਵਰਿੰਦਰ ਕੌਰ, ਸ਼ਮਸ਼ੇਰ ਹੇਰ, ਦੀਪ ਦਵਿੰਦਰ ਸਿੰਘ, ਡਾ. ਪ੍ਰਸ਼ੋਤਮ ਲਾਲ, ਹਰਭਜਨ ਸਿੰਘ ਖੇਮਕਰਨੀ, ਨਵਤੇਜ ਸਿੰਘ, ਦਮਨਜੀਤ ਕੌਰ, ਸੁਸ਼ੀਲ ਕੁਮਾਰ, ਰਾਜਿੰਦਰ ਸਿੰਘ ਵੇਰਕਾ, ਰਮੇਸ਼ ਕੁਮਾਰ, ਸਰਬਜੀਤ ਸੰਧੂ, ਰਮੇਸ਼ ਯਾਦਵ, ਰੁਪਿੰਦਰ ਕੌਰ, ਭੁਪਿੰਦਰ ਸਿੰਘ ਕੋਹਾਲੀ, ਸੂਜਰ ਪ੍ਰਤਾਪ ਸਿੰਘ ਅਤੇ ਸੁਰਜਨ ਸਿੰਘ ਅਦਲੀਵਾਲ, ਧਰਵਿੰਦਰ ਕੋਹਾਲੀ, ਕਰਤਾਰ ਸਿੰਘ ਐਮ.ਏ, ਸੁਰਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਪਾਠਕਾਂ ਅਤੇ ਲੇਖਕਾਂ ਨੇ ਸ਼ਮੂਲੀਅਤ ਕੀਤੀ
Punjab Post Daily Online Newspaper & Print Media