ਨਵੀਂ ਦਿੱਲੀ, 25 ਸਤੰਬਰ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਦੇਵ ਨਗਰ ਵਿਖੇ ਚਲਦੇ ਸਰਕਾਰੀ ਸਹਾਇਤਾ ਪ੍ਰਾਪਤ 2 ਖਾਲਸਾ ਸਕੂਲਾਂ ਦੀ ਜਰਜ਼ਰ ਹੋ ਚੁੱਕੀ ਇਮਾਰਤ ਦੀ ਕਾਰਸੇਵਾ ਦਮਦਮੀ ਟਕਸਾਲ ਵੱਲੋਂ ਕੀਤੀ ਜਾਵੇਗੀ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਂ ‘ਤੇ ਮੁੰਡਿਆਂ ਅਤੇ ਕੁੜੀਆਂ ਦੇ ਵੱਖ-ਵੱਖ ਸੀਨੀਅਰ ਸੈਂਕਡਰੀ ਸਕੂਲ ਦੀ ਮਾਨਤਾ ਵੱਜੋਂ ਚਲ ਰਹੇ ਦੋਨਾਂ ਸਕੂਲਾਂ ਦੀ ਇਮਾਰਤ ਦਾ ਹਾਲ ਦੁਰਘਟਨਾਂ ਸੰਭਾਵਿਤ ਹੋਣ ਕਰਕੇ ਉਕਤ ਫੈਸਲਾ ਲਿਆ ਗਿਆ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਮਦਮੀ ਟਕਸਾਲ ਜੱਥਾ ਭਿੰਡਰਾਂਂ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ ਨੂੰ ਇਸ ਸਬੰਧੀ ਕਾਰਸੇਵਾ ਕਰਨ ਲਈ ਕਮੇਟੀ ਵੱਲੋਂ ਬੇਨਤੀ ਪੱਤਰ ਦੇਣ ਦੇ ਨਾਲ ਹੀ ਸਿਰੋਪਾਊ ਅਤੇ ਸ਼ਾਲ ਦੇ ਕੇ ਕਮੇਟੀ ਦਫ਼ਤਰ ਵਿੱਚ ਸਨਮਾਨਿਤ ਕੀਤਾ।
ਜੀ.ਕੇ. ਨੇ ਇਸਦੇ ਨਾਲ ਹੀ ਗੁਰਦੁਆਰਾ ਬੰਗਲਾ ਸਾਹਿਬ ਦੇ ਆਲੇ-ਦੁਆਲੇ ਦੇ ਸੁੰਦਰੀਕਰਨ ਅਤੇ ਲੈਂਡ-ਸਕੈਪਿੰਗ ਦੀ ਕਾਰਸੇਵਾ ਵੀ ਟਕਸਾਲ ਨੂੰ ਦੇਣ ਦਾ ਐਲਾਨ ਕੀਤਾ। ਜੀ.ਕੇ. ਨੇ ਕਿਹਾ ਕਿ ਦੇਵ ਨਗਰ ਦੇ ਖਾਲਸਾ ਸਕੂਲਾਂ ਵਿੱਚੋਂ ਸਿੱਖਿਆ ਪ੍ਰਾਪਤ ਕਰਕੇ ਗਏ ਸਿੱਖ ਵਿੱਦਿਆਰਥੀਆਂ ਨੇ ਦੇਸ਼-ਵਿਦੇਸ਼ ਵਿਚ ਕੌਮ ਦਾ ਨਾਂ ਰੌਸ਼ਨ ਕੀਤਾ ਹੈ। ਇਸ ਸਬੰਧ ਵਿਚ ਕਈ ਅਹਿਮ ਅਹੁਦਿਆਂ ਤੇ ਰਹੇ ਜੱਜ, ਖੁਫ਼ਿਆ ਵਿਭਾਗ ‘ਰਾ’ ਦੇ ਸਕੱਤਰ ਸਣੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਵੱਲੋਂ ਵੀ ਇਸ ਇਤਿਹਾਸਿਕ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਨ ਦਾ ਜੀ.ਕੇ. ਨੇ ਹਵਾਲਾ ਦਿੱਤਾ।
ਜੀ.ਕੇ. ਨੇ ਦੱਸਿਆ ਕਿ ਦੀਵਾਰਾਂ ਅਤੇ ਛੱਤ ਦਾ ਪੱਲਸਤਰ ਡਿੱਗਣ ਕਰਕੇ ਕਈ ਕਮਰਿਆਂ ਨੂੰ ਬੰਦ ਕੀਤਾ ਗਿਆ ਹੈ ਤਾਕਿ ਵਿੱਦਿਆਰਥੀਆਂ ਨੂੰ ਸੱਟ ਲਗਣ ਦਾ ਖਦਸਾ ਨਾ ਰਹੇ। 1962-63 ਵਿੱਚ ਗਿਆਨੀ ਸੰਤੋਖ ਸਿੰਘ ਵਰਗੇ ਉ-ਚ ਕੋਟਿ ਦੇ ਧਾਰਮਿਕ ਟੀਚਰ ਦੀ ਮੌਜੂਦਗੀ ਸੱਦਕਾ ਜੀ.ਕੇ. ਨੇ ਸਮੂਹ ਸਕੂਲੀ ਬੱਚਿਆਂ ਦੇ ਅੰਮ੍ਰਿਤ ਛੱਕ ਕੇ ਸਮੂਹਿਕ ਫੋਟੋ ਖਿਚਾਉਣ ਦੀ ਘਟਨਾਂ ਦਾ ਵੀ ਜਿਕਰ ਕੀਤਾ। ਜੀ.ਕੇ. ਨੇ ਕਿਹਾ ਕਿ ਇਨ੍ਹਾਂ ਇਤਿਹਾਸਿਕ ਸਕੂਲਾਂ ਨੇ ਕੌਮ ਨੂੰ ਬਹੁਤ ਕੁਝ ਦਿੱਤਾ ਹੈ ਪਰ ਅੱਜ ਲੋੜ ਹੈ ਕੌਮ ਆਪਣੀ ਇਸ ਵਿਰਾਸਤ ਨੂੰ ਸੰਭਾਲਣ ਵਾਸਤੇ ਟਕਸਾਲ ਦਾ ਸਹਿਯੋਗ ਕਰੇ।
ਬਾਬਾ ਖਾਲਸਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਜਿਆਦਾਤਰ ਸੰਤ-ਮਹਾਪੁਰਸ਼ ਗੁਰੂਧਾਮਾਂ ਦੀ ਕਾਰਸੇਵਾ ਲੱਭਦੇ ਹਨ ਪਰ ਟਕਸਾਲ ਨੇ ਵਿਰਾਸਤੀ ਖਾਲਸਾ ਸਕੂਲਾਂ ਦੀ ਕਾਰਸੇਵਾ ਦੀ ਜਿੰਮੇਵਾਰੀ ਲੈ ਕੇ ਕੌਮ ਦਾ ਮਾਨ ਵਧਾਇਆ ਹੈ। ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਓਂਕਾਰ ਸਿੰਘ ਥਾਪਰ, ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਤਨਵੰਤ ਸਿੰਘ, ਕੁਲਵੰਤ ਸਿੰਘ ਬਾਠ, ਗੁਰਵਿੰਦਰ ਪਾਲ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਕੈਪਟਨ ਇੰਦਰਪ੍ਰੀਤ ਸਿੰਘ, ਦਰਸ਼ਨ ਸਿੰਘ, ਸਮਰਦੀਪ ਸਿੰਘ ਸੰਨੀ, ਹਰਜਿੰਦਰ ਸਿੰਘ, ਜੀਤ ਸਿੰਘ, ਬੀਬੀ ਧੀਰਜ ਕੌਰ, ਅਕਾਲੀ ਆਗੂ ਵਿਕਰਮ ਸਿੰਘ, ਗੁਰਮੀਤ ਸਿੰਘ ਫੈਡਰੇਸ਼ਨ, ਤ੍ਰਿਲੋਚਨ ਸਿੰਘ ਢਿੱਲੋ, ਹਰਜੀਤ ਸਿੰਘ ਬੇਦੀ, ਬੀਬੀ ਰਣਜੀਤ ਕੌਰ, ਬੀਬੀ ਨਰਿੰਦਰ ਕੌਰ, ਅਮਰਜੀਤ ਕੌਰ ਪਿੰਕੀ, ਬੀਬੀ ਤਰਵਿੰਦਰ ਕੌਰ ਖਾਲਸਾ, ਬੀਬੀ ਗਿੰਨੀ ਕੌਰ ਵਾਲੀਆ, ਬੀਬੀ ਹਰਪ੍ਰੀਤ ਕੌਰ, ਬੀਬੀ ਬਲਜੀਤ ਕੌਰ, ਸਿਮਰਤ ਸਿੰਘ ਅਤੇ ਰਾਜਾ ਹਰਵਿੰਦਰ ਜੀਤ ਸਿੰਘ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media