
ਪਠਾਨਕੋਟ, 28 ਸਤੰਬਰ (ਪੰਜਾਬ ਪੋਸਟ ਬਿਊਰੋ)- ਡਿਪਟੀ ਕਮਿਸ਼ਨਰ ਪਠਾਨਕੋਟ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਸਵਰੂਪ ਕੁਮਾਰ ਦੀ ਅਗਵਾਈ ਹੇਠ ਜ਼ਿਲਾ ਪਠਾਨਕੋਟ ਦੇ ਮੱਕੀ ਕਾਸ਼ਤਕਾਰਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜਾਇਜ਼ਾ ਲੈਣ ਲਈ ਇੰਡੀਅਨ ਇੰਸਟੀਚਿੂਟ ਆਫ ਮੇਜ਼ ਰੀਸਰਚ ਲੁਧਿਆਣਾ ਦੇ ਸੀਨੀਅਰ ਸਾਇੰਸਦਾਨਾਂ ਡਾ. ਕੇ.ਐਸ ਹੁੱਡਾ, ਡਾ.ਆਰ ਕੇ ਫਾਗਨਾ, ਡਾ. ਧਰਮ ਪਾਲ ਵੱਲੋਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ।ਇਸ ਦੌਰੇ ਦੌਰਾਨ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ,ਡਾ ਸੰਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ,ਸੁਦੇਸ਼ ਕੁਮਾਰ ਖੇਤੀਬਾੜੀ ਉਪ ਨਿਰੀਖਕ, ਸੰਸਾਰ ਸਿੰਘ,ਸਰਪੰਚ ਢਾਕੀ ਸੈਦਾਂ ਰਾਜ ਕੁਮਾਰ ਵੀ ਹਾਜ਼ਰ ਸਨ।
ਢਾਕੀ ਸੈਦਾਂ ਦੇ ਅਗਾਂਹਵਧੂ ਕਿਸਾਨ ਸੰਸਾਰ ਸਿੰਘ ਦੇ ਮੱਕੀ ਦੇ ਖੇਤਾਂ ਵਿੱਚ ਗੱਲਬਾਤ ਕਰਦਿਆਂ ਡਾ ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲਾ ਪਠਾਨਕੋਟ ਵਿੱਚ ਝੋਨੇ ਤੋਂ ਬਾਅਦ ਮੱਕੀ ਦੀ ਕਾਸ਼ਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਅਤੇ ਬਹੁਤਾ ਰਕਬਾ ਬਾਰਾਨੀ ਹੈ।ਉਨਾਂ ਕਿਹਾ ਕਿ ਮੱਕੀ ਦੀ ਪ੍ਰਤੀ ਏਕੜ ਪੈਦਾਵਾਰ ਬਾਕੀ ਪੰਜਾਬ ਨਾਲੋਂ ਘੱਟ ਹੋਣ ਕਾਰਨ ਕਿਸਾਨਾਂ ਨੂੰ ਫਾਇਦੇ ਦੀ ਜਗਾ ਨੁਕਸਾਨ ਹੋ ਰਿਹਾ ਹੈ ।ਉਨਾਂ ਕਿਹਾ ਕਿ ਘੱਟ ਪੇੈਦਾਵਾਰ ਹੋਣ ਦੇ ਕਾਰਨਾਂ ਵਿੱਚ ਮੁੱਖ ਤੌਰ ਤੇ ਢੁਕਵੀਂ ਕਿਸਮ ਦੀ ਅਣਹੋਂਦ, ਜੰਗਲੀ ਜਾਨਵਰ, ਤਣੇ ਦੇ ਗਲਣ ਦੀ ਸਮੱਸਿਆ, ਪ੍ਰਤੀ ਏਕੜ ਬੂਟਿਆਂ ਦੀ ਘੱਟ ਗਿਣਤੀ ਅਤੇ ਬਿਜਾਈ ਛੱਟੇ ਨਾਲ ਕਰਨੀ ਹਨ।ਉਨਾਂ ਕਿਹਾ ਇਨਾਂ ਕਾਰਨਾਂ ਨੂੰ ਪੜਾਅਵਾਰ ਦੂਰ ਕਰਕੇ ਮੱਕੀ ਦੀ ਪ੍ਰਤੀ ਹੈਕਟੇਅਰ ਪੇਦਾਵਾਰ ਵਦਾਉਣ ਲਈ ਵਿਸ਼ੇਸ਼ ਯੋਜਨਾ ਤਿਆਰ ਗਈ ਹੈ।ਡਾ. ਕੇ.ਐਸ ਹੁਡਾ ਪ੍ਰਮੁੱਖ ਮੱਕੀ ਰੋਗ ਸਾਇੰਸਦਾਨ ਨੇ ਦੱਸਿਆ ਕਿ ਮੱਕੀ ਦੀਆਂ ਢੁੱਕਵੀਆਂ ਕਿਸਮਾਂ ਦੀ ਚੋਣ ਲਈ ਮੱਕੀ ਦੀਆਂ ਵੱਖ ਵੱਖ 85 ਕਿਸਮਾਂ ਦੀ ਤਜ਼ਰਬੇ ਦੇ ਤੌਰ ਤੇ ਕਾਸ਼ਤ ਕੀਤੀ ਗਈ ਹੈ ਤਾਂ ਜੋ ਇਸ ਇਲਾਕੇ ਲਈ ਸਭ ਤੋਂ ਢੁਕਵੀ ਕਿਸਮ ਦੀ ਚੋਣ ਕੀਤੀ ਜਾ ਸਕੇ।ਉਨਾਂ ਦੱਸਿਆ ਕਿ ਕਿਸਮਾਂ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ ਜਿਸ ਨੂੰ ਅਗਲੇ ਸਾਲ ਵੀ ਜਾਰੀ ਰੱਖਿਆ ਜਾਵੇਗਾ।ਡਾ ਆਰ ਕੇ ਫਾਗਨਾ ਸੀਨੀਅਰ ਵਿਗਿਆਨੀ (ਮੱਕੀ ਪ੍ਰਜਨਣ) ਅਤੇ ਡਾ ਧਰਮਪਾਲ ਸੀਨੀਆਰ ਵਿਗਿਆਨੀ (ਬਾਇਉਕੈਮਿਸਟ) ਨੇ ਦੱਸਿਆ ਕਿ ਖਪਤਕਾਰ ਦੇਸੀ ਮੱਕੀ ਦੇ ਆਟਾ ਸੁਆਦੀ ਹੋਣ ਕਾਰਨ ਬਹੁਤ ਪਸੰਦ ਕਰਦੇ ਹਨ।ਉਨਾਂ ਕਿਹਾ ਕਿ ਦੇਖਿਆ ਗਿਆ ਹੈ ਕਿ ਇਸ ਇਲਕੇ ਦੇ ਕਿਸਾਨਾਂ ਵੱਲੋਂ ਕਾਸ਼ਤ ਕੀਤੀ ਜਾਂਦੀਆਂ ਕਿਸਮਾਂ ਵਿੱਚ ਰਲਾ ਹੋਣ ਕਾਰਨ ਪ੍ਰਤੀ ਏਕੜ ਪੈਦਾਵਾਰ ਘੱਟ ਹੈ।ਉਨਾਂ ਕਿਹਾ ਕਿ ਖੇਤੀਬਾੜੀ ਵਿਭਾਗ ਦੇ ਸਹਿਯੋਗ ਨਾਲ ਬੇਹਤਰ ਦੇਸੀ ਕਿਸਮਾਂ ਦੀ ਚੋਣ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਕਾਸ਼ਤ ਦੇ ਸੁਧਰੇ ਤਰੀਕੇ ਵੀ ਦੱਸੇ ਜਾਣਗੇ ਤਾਂ ਜੋ ਪ੍ਰਤੀ ਹੈਕਟੇਅਰ ਮੱਕੀ ਦੀ ਪੈਦਾਵਾਰ ਵਿੱਚ ਵਾਧਾ ਕਰਕੇ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕੀਤਾ ਜਾ ਸਕੇ।ਡਾ ਸੰਦੀਪ ਸਿੰਘ ਨੇ ਦੱਸਿਆ ਕਿ ਦੇਸੀ ਮੱਕੀ ਦੀ ਕਾਸ਼ਤ ਦੇ ਸਿੱਧੇ ਮੰਡੀਕਰਨ ਲਈ ਖੇਤ ਤੋਂ ਘਰ ਨਾਮ ਦੀ ਵੈਬਸਾਈਟ ਅਤੇ ਮੋਬਾਇਲ ਐਪ ਵੀ ਲਾਂਚ ਕੀਤੀ ਗਈ ਹੈ।ਉਨਾਂ ਕਿਸਾਨਾਂ ਨੂੰ ਇਸ ਵੈਬਸਾਈਟ ਨਾਲ ਜੁੜਣ ਦੀ ਅਪੀਲ ਕੀਤੀ ।ਸਰਪੰਚ ਰਾਜ ਕੁਮਾਰ ਨੇ ਖੇਤੀਬਾੜੀ ਵਿਭਾਗ ਵੱਲੋਂ ਮੱਕੀ ਕਾਸਤਕਾਰਾਂ ਦੀਆ ਸਮੱਸਿਆਵਾਂ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
Punjab Post Daily Online Newspaper & Print Media