
ਅੰਮ੍ਰਿਤਸਰ, 2 ਅਕਤੂਬਰ (ਜਗਦੀਪ ਸਿੰਘ ਸੱਗੂ)- ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਸ਼ਹਿਰ ਦੇ ਨਾਮਵਰ ਸਨਅਤਕਾਰ ਮੁਨੀਸ਼ ਅਗਰਵਾਲ ਨੇ ਕਿਹਾ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਅਰਵਿੰਦ ਕੇਜਰੀਵਾਲ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਲਿਆ ਹੈ ਅਤੇ ਉਹਨਾਂ ਨੂੰ ਪੂਰਾ ਵਿਸ਼ਵਾਸ਼ ਹੈ ਕਿ ਪੰਜਾਬ ਨੂੰ ਮੁੜ ਲੀਹ ਤੇ ਲੈ ਕੇ ਆਉਣ ਦੀ ਸਮਰੱਥਾ ਸਿਰਫ ਸਿਰਫ ਆਮ ਆਦਮੀ ਪਾਰਟੀ ਵਿੱਚ ਹੀ ਹੈ।ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਅਤੇ ਅਕਾਲੀ ਦਲ ਦੋਨਾਂ ਨੂੰ ਕਈ ਦਹਾਕਿਆਂ ਤੋਂ ਰਾਜ ਕਰਨ ਦਾ ਮੌਕਾ ਦਿੱਤਾ ਹੈ, ਪਰ ਇਨ੍ਹਾਂ ਦੋਹਾਂ ਪਾਰਟੀਆਂ ਨੇ ਪੰਜਾਬ ਦੇ ਹਰ ਵਰਗ ਨੂੰ ਨਿਰਾਸ਼ ਕੀਤਾ ਹੈ।ਪਿਛਲੇ 9 ਸਾਲਾਂ ਦੌਰਾਨ ਮੌਜੂਦਾ ਅਕਾਲੀ ਦਲ ਭਾਜਪਾ ਸਰਕਾਰ ਨੇ ਉਦਯੋਗਪਤੀਆਂ ਅਤੇ ਵਪਾਰੀਆਂ ਵਾਸਤੇ ਕੁੱਝ ਚੰਗਾ ਕਰਨ ਦੀ ਬਜਾਏ ਉਨ੍ਹਾਂ ਨੂੰ ਭਾਰੀ ਟੈਕਸਾਂ ਦੇ ਬੋਝ ਥਲੇ ਦੱਬ ਦਿੱਤਾ ਹੈ। ਜਿਸ ਕਾਰਨ ਬਹੁਤ ਸਾਰੇ ਉਦਯੋਗਪਤੀ ਆਪਣਾ ਕਾਰੋਬਾਰ ਹੋਰਨਾਂ ਸੂਬਿਆਂ ਵਿੱਚ ਲੈ ਗਏ ਹਨ ਅਤੇ ਬਾਕੀ ਰਹਿੰਦੇ ਹੋਏ ਵੀ ਗੁਆਂਢੀ ਸੂਬਿਆਂ ਵਿੱਚ ਸਥਾਪਤ ਹੋਣ ਬਾਰੇ ਵਿਚਾਰ ਕਰ ਰਹੇ ਹਨ।ਮੁਨੀਸ਼ ਅਗਰਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਦਿੱਲੀ ਸਰਕਾਰ ਨੇ ਵਪਾਰੀ ਵਰਗ ਨੂੰ ਕਾਰੋਬਾਰ ਕਰਨ ਲਈ ਸਾਫ਼ ਸੁਥਰਾ, ਭ੍ਰਿਸ਼ਟਾਚਾਰ ਰਹਿਤ ਪਾਰਦਰਸ਼ਕ ਢਾਂਚਾ ਪ੍ਰਦਾਨ ਕੀਤਾ ਹੈ ਜਿਸ ਨਾਲ ਦਿੱਲੀ ਦੇ ਵਪਾਰੀ ਅਤੇ ਉਦਯੋਗਪਤੀ ਬਿਨ੍ਹਾਂ ਕਿਸੇ ਫਿਕਰ ਦੇ ਆਪਣਾ ਕਾਰੋਬਾਰ ਕਰ ਰਹੇ ਹਨ। ਉਹਨ੍ਹਾਂ ਕਿਹਾ ਕਿ ਕਿਸੇ ਵੀ ਨੀਤੀ ਨੂੰ ਲਾਗੂ ਕਰਨ ਲਈ ਚੰਗੀ ਨੀਯਤ ਦੀ ਜਰੂਰਤ ਹੁੰਦੀ ਹੈ ਜੋ ਕਿ ਅਰਵਿੰਦ ਕੇਜਰੀਵਾਲ ਅਤੇ ਉਹਨ੍ਹਾਂ ਦੇ ਆਗੂਆਂ ਵਿੱਚ ਬਿਨ੍ਹਾਂ ਸ਼ੱਕ ਮੌਜੂਦ ਹੈ।ਅਗਰਵਾਲ ਨੇ ਕਿਹਾ ਕਿ ਪੰਜਾਬ ਦੇ ਸਮੂਹ ਵਪਾਰੀ ਮੌਜੂਦਾ ਗਠਜੋੜ ਤੋਂ ਅੱਕ ਚੁਕੇ ਹਨ ਅਤੇ 2017 ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇਣ ਨੂੰ ਤਿਆਰ ਬੈਠੇ ਹਨ।
Punjab Post Daily Online Newspaper & Print Media