Wednesday, April 1, 2026

ਸੇਵਾ ਅਧਿਕਾਰ ਕਮਿਸ਼ਨਰ ਪੰਕਜ ਮਹਾਜਨ ਤੇ ਲਖਵਿੰਦਰ ਸਿੰਘ ਵੱਲੋਂ ਬਟਾਲਾ ਦੇ ਸੇਵਾ ਕੇਂਦਰਾਂ ਦਾ ਦੌਰਾ

ਬਟਾਲਾ, 3 ਅਕਤੂਬਰ (ਨਰਿੰਦਰ ਬਰਨਾਲ)- ਸੇਵਾ ਅਧਿਕਾਰ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਅਤੇ ਸ. ਲਖਵਿੰਦਰ ਸਿੰਘ ਲੱਖੀ ਵੱਲੋਂ ਅੱਜ ਬਟਾਲਾ ਦੇ ਸੇਵਾ ਕੇਂਦਰਾਂ ਅਤੇ ਸਾਂਝ ਕੇਂਦਰਾਂ ਵਿੱਚ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਸੇਵਾਵਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ, ਡੀ.ਐੱਸ.ਪੀ. ਸ੍ਰੀ ਹਰੀਸ਼ਰਨ ਸ਼ਰਮਾਂ, ਤਹਿਸੀਲਦਾਰ ਬਟਾਲਾ ਸ. ਮਨਜੀਤ ਸਿੰਘ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਸੇਵਾ ਕੇਂਦਰਾਂ ਤੇ ਪੁਲਿਸ ਸਾਂਝ ਕੇਂਦਰਾਂ ਵਿੱਚ ਲੋਕਾਂ ਨੂੰ ਪੰਜਾਬ ਸੇਵਾ ਅਧਿਕਾਰ ਕਾਨੂੰਨ ਤਹਿਤ ਮਿਲ ਰਹੀਆਂ ਸੇਵਾਵਾਂ ਦਾ ਜਾਇਜਾ ਲੈਂਦਿਆਂ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੂਬਾ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖ ਕੇ ਬਣਾਏ ਗਏ ਸੇਵਾ ਅਧਿਕਾਰ ਕਾਨੂੰਨ ਨੂੰ ਹੇਠਲੇ ਪੱਧਰ ਤੱਕ ਇੰਨ-ਬਿੰਨ ਲਾਗੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਰੋਜ਼ਮਰਾਂ ਦੇ ਸਰਕਾਰੀ ਕੰਮਾਂ ਨੂੰ ਤਹਿ ਸਮੇਂ ਸੀਮਾਂ ਵਿੱਚ ਕਰਾਉਣਾ ਲੋਕਾਂ ਦਾ ਕਾਨੂੰਨੀ ਅਧਿਕਾਰ ਹੈ ਅਤੇ ਕੋਈ ਵੀ ਸਰਕਾਰੀ ਕਰਮਚਾਰੀ ਤਹਿ ਸਮੇਂ ਵਿੱਚ ਸੇਵਾਵਾਂ ਦੇਣ ਤੋਂ ਨਾਂਹ ਨਹੀਂ ਕਰ ਸਕਦਾ। ਸ੍ਰੀ ਪੰਕਜ ਮਹਾਜਨ ਤੇ ਸ. ਲਖਬੀਰ ਸਿੰਘ ਲੱਖੀ ਵੱਲੋਂ ਬੱਸ ਸਟੈਂਡ ਨੇੜੇ ਬਣੇ ਸੇਵਾ ਕੇਂਦਰ ਅਤੇ ਪੁਲਿਸ ਸਾਂਝ ਕੇਂਦਰ ਵਿੱਚ ਕੰਮ ਕਰਾਉਣ ਆਏ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਉਨਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ। ਸੇਵਾ ਅਧਿਕਾਰ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਨੇ ਕਿਹਾ ਕਿ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਸਾਲ 2011 ਵਿੱਚ ਪੰਜਾਬ ਸੇਵਾ ਅਧਿਕਾਰ ਕਾਨੂੰਨ ਨੂੰ ਲਾਗੂ ਕੀਤਾ ਗਿਆ ਸੀ ਜਿਸ ਤਹਿਤ ਹੁਣ ਵੱਖ-ਵੱਖ ਸਰਕਾਰੀ ਵਿਭਾਗਾਂ ਦੀ 351 ਸੇਵਾਵਾਂ ਲੋਕਾਂ ਨੂੰ ਇਸ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੇਵਾ ਅਧਿਕਾਰ ਕਾਨੂੰਨ ਤਹਿਤ ਹਰ ਕੰਮ ਲਈ ਸਮਾਂ ਨਿਸ਼ਚਿਤ ਕੀਤਾ ਗਿਆ ਅਤੇ ਨਾਲ ਹੀ ਉਹ ਕੰਮ ਨੂੰ ਕਰਨ ਵਾਲੇ ਅਧਿਕਾਰੀ ਜਾਂ ਕਰਮਚਾਰੀ ਨੂੰ ਵੀ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਰਮਚਾਰੀ ਨਿਰਧਾਰਤ ਸਮੇਂ ਸੀਮਾਂ ਵਿੱਚ ਉਸ ਕੰਮ ਨੂੰ ਨਹੀਂ ਕਰਦਾ ਤਾਂ ਸੇਵਾ ਅਧਿਕਾਰ ਕਾਨੂੰਨ ਤਹਿਤ ਅਣਗਿਹਲੀ ਕਰਨ ਵਾਲੇ ਕਰਮਚਾਰੀ ਜਾਂ ਅਧਿਕਾਰੀ ਨੂੰ ਜੁਰਮਾਨਾਂ ਤੇ ਸਜ਼ਾ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਸੇਵਾ ਅਧਿਕਾਰ ਕਾਨੂੰਨ ਨੇ ਲੋਕਾਂ ਨੂੰ ਸਰਕਾਰੀ ਦਫਤਰਾਂ ਤੇ ਬਾਬੂਸ਼ਾਹੀ ਦੇ ਚੱਕਰਾਂ ਵਿੱਚੋਂ ਕੱਢ ਲੋਕਾਂ ਨੂੰ ਰਾਜ ਭਾਗ ਦੇ ਅਸਲੀ ਮਾਲਕ ਬਣਾਇਆ ਹੈ ਅਤੇ ਇਸ ਕਾਨੂੰਨ ਦੇ ਲਾਗੂ ਹੋਣ ਨਾਲ ਰਿਸ਼ਵਤਖੋਰੀ ਨੂੰ ਵੀ ਲਗਾਮ ਲੱਗੀ ਹੈ।
ਸ੍ਰੀ ਪੰਕਜ ਮਹਾਜਨ ਨੇ ਕਿਹਾ ਕਿ ਲੋਕਾਂ ਵਿੱਚ ਸੇਵਾ ਅਧਿਕਾਰ ਕਾਨੂੰਨ ਦੀ ਜਾਗਰੂਕਤਾ ਲਿਆਉਣ ਲਈ ਕਮਿਸ਼ਨ ਵੱਲੋਂ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਸੈਮੀਨਾਰ ਕੀਤੇ ਜਾਣਗੇ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਿਹਾ ਕਿ ਹਰ ਵਿਭਾਗ ਤੇ ਸੇਵਾ ਕੇਂਦਰ ਦੇ ਸਾਹਮਣੇ ਇਸ ਕਾਨੂੰਨ ਤਹਿਤ ਦਿੱਤੀਆਂ ਜਾਂਦੀਆਂ ਸੇਵਾਵਾਂ ਦੇ ਵੱਡ-ਅਕਾਰੀ ਬੋਰਡ ਲਗਾਏ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਸੇਵਾ ਅਧਿਕਾਰ ਕਾਨੂੰਨ ਤਹਿਤ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਦੱਸਿਆ।ਇਸ ਮੌਕੇ ਕੌਂਸਲਰ ਸ. ਬਲਬੀਰ ਸਿੰਘ ਬਿੱਟੂ, ਭੁਪਿੰਦਰ ਸਿੰਘ ਲਾਡੀ ਵੱਲੋਂ ਸੇਵਾ ਅਧਿਕਾਰ ਕਮਿਸ਼ਨਰ ਸ੍ਰੀ ਪੰਕਜ ਮਹਾਜਨ ਅਤੇ ਸ. ਲਖਵਿੰਦਰ ਸਿੰਘ ਲੱਖੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਪਵਿੱਤਰ ਸਿੰਘ, ਹਰਸ਼, ਅਜੇ ਕੁਮਾਰ, ਕੁਲਵਿੰਦਰ ਸਿੰਘ ਵੀ ਮੌਜੂਦ ਸਨ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply