
ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਦਿੱਲੀ ਸਰਕਾਰ ਪਾਸੋਂ ਨਵੀਂ ਵਹੀਲ ਚੇਅਰ ਦੇਣ ਦੀ ਮੰਗ ਕਰਨ ਲਈ ਬੀਤੇ ਦਿਨੀ ਗਏ ਅੰਗਹੀਣ ਰਾਜਾ ਭਈਆ ਅਹੀਰਵਾਲ ਨੂੰ ਦਿੱਲੀ ਸਕੱਤਰੇਤ ਤੋਂ ਧੱਕੇਮਾਰ ਕੇ ਬਾਹਰ ਕੱਢਿਆ ਗਿਆ ਸੀ।ਅੰਗਹੀਣ ਨਾਲ ਹੋਈ ਬਦਸਲੂਕੀ ਦੀ ਵੀਡੀਓ ਕਿਸੇ ਸੱਜਣ ਨੇ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ। ਜਿਸ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵੱਲੋਂ ਅੰਗਹੀਣ ਨੂੰ ਵਹੀਲ ਚੇਅਰ ਦੇਣ ਦੀ ਪੇਸ਼ਕਸ਼ ਮੀਡੀਆ ਰਾਹੀ ਕੀਤੀ ਗਈ ਸੀ। ਅੰਗਹੀਣ ਵੱਲੋਂ ਕਮੇਟੀ ਨੂੰ ਵਹੀਲ ਚੇਅਰ ਦੇਣ ਦੀ ਅਰਜੀ ਪ੍ਰਾਪਤ ਹੋਣ ਉਪਰੰਤ ਹੁਣ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਡਾ ਨੇ ਵਹੀਲਚੇਅਰ ਦੇਣ ਦੀ ਰਸਮ ਨਿਭਾਈ।
ਜੀ.ਕੇ ਨੇ ਕਿਹਾ ਕਿ ਦਿੱਲੀ ਕਮੇਟੀ ਨੇ ਹਮੇਸ਼ਾ ਹੀ ਗੁਰੂ ਦੀ ਗੋਲਕ ਦੇ ਸਹਾਰੇ ਲੋੜਵੰਦਾਂ ਦੀ ਮਦਦ ਕਰਨ ਵੇਲੇ ਕਿਸੇ ਜਾਤ, ਧਰਮ ਜਾਂ ਫਿਰਕੇ ਵਿੱਚ ਭੇਦ ਨਾ ਕਰਦੇ ਹੋਏ ਸਹਾਇਤਾ ਦੇਣ ਵੇਲੇ ਗੁਰੂ ਸਾਹਿਬ ਵੱਲੋਂ ਬਖਸ਼ੇ ”ਸਰਬਤ ਦੇ ਭਲੇ” ਦੇ ਸਿੱਧਾਂਤ ‘ਤੇ ਪਹਿਰਾ ਦੇਣ ਦੀ ਕੋਸ਼ਿਸ਼ ਕੀਤੀ ਹੈ।ਗੁਰਦੁਆਰਾ ਕਮੇਟੀਆਂ ਦਾ ਬਜਟ ਬੇਸ਼ਕ ਸਰਕਾਰਾਂ ਤੋਂ ਕਈ ਗੁਣਾ ਘੱਟ ਹੋਵੇਗਾ, ਪਰ ਸਿੱਖਾਂ ਦਾ ਦਿਲ ਹਮੇਸ਼ਾਂ ਹੀ ਸਭ ਤੋਂ ਵੱਡਾ ਰਿਹਾ ਹੈ।ਇਸ ਮੌਕੇ ਕਮੇਟੀ ਦੇ ਮੁਖ ਸਲਾਹਕਾਰ ਕੁਲਮੋਹਨ ਸਿੰਘ, ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਅਤੇ ਅਕਾਲੀ ਆਗੂ ਵਿਕਰਮ ਸਿੰਘ ਮੌਜੂਦ ਸਨ।
Punjab Post Daily Online Newspaper & Print Media