Sunday, March 15, 2026

ਅਸਮ ਦੇ ਵੱਖ-ਵੱਖ ਹਿਸਿਆਂ ਵਿੱਚ ‘ਸਿੱਖ ਡਿਵੈਲਪਮੈਂਟ ਕੌਂਸਿਲਾਂ’ ਸਥਾਪਤ ਕਰਨ ਸਿੱਖ – ਰਾਣਾ

rana-paramjit-singh

ਨਵੀਂ ਦਿੱਲੀ, 4 ਅਕਤੂਬਰ (ਪੰਜਾਬ ਪੋਸਟ ਬਿਊੋਰੋ)- ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਆਸਾਮ ਦੇ ਮੁੱਖ ਮੰਤਰੀ ਸ਼੍ਰੀ ਤਰੁਨ ਗੋਗੋਈ ਨੂੰ ਅਪੀਲ ਕੀਤੀ ਹੈ ਕਿ ਉਹ ਆਸਾਮ ਵਿੱਚ ਵੱਸਦੇ ਸਿਖਾਂ, ਜੋ ਕਿ ਉਥੇ ਬਹੁਤ ਹੀ ਘਟ-ਗਿਣਤੀ ਵਿੱਚ ਹੋਣ ਕਾਰਣ ਆਪਣੇ-ਆਪ ਨੂੰ ਅਣਗੋਲਿਆਂ ਅਤੇ ਹਿਤਾਂ-ਅਧਿਕਾਰਾਂ ਪਖੋਂ ਅਸੁਰਖਿਅਤ ਮਹਿਸੂਸ ਕਰ ਰਹੇ ਹਨ, ਵਲ ਉਚੇਚਾ ਧਿਆਨ ਦੇਣ ਤੇ ਉਨ੍ਹਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਨੂੰ ਸੁਰਖਿਅਤਾ ਪ੍ਰਦਾਨ ਕਰਵਾਉਣ।ਇਸ ਸੰਬੰਧ ਵਿੱਚ ਜਾਰੀ ਆਪਣੇ ਬਿਆਨ ਵਿੱਚ ਸ. ਰਾਣਾ ਨੇ ਕਿਹਾ ਕਿ ਅਸਮ ਦੇ ਵੱਖ-ਵੱਖ ਹਿਸਿਆਂ ਵਿੱਚ ਵਸਦੇ ਸਿੱਖਾਂ ਦੇ ਵਿਕਾਸ ਨੂੰ ਮੁੱਖ ਰਖਦਿਆਂ ਉਥੇ ਸਿੱਖ ਡਿਵੈਲਪਮੈਂਟ ਕੌਂਸਿਲਾਂ ਸਥਾਪਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨੌਕਰੀਆਂ ਦੀ ਸੁਰਖਿਅਤਾ ਨਿਸ਼ਚਿਤ ਕਰਨ ਲਈ ਉਚ ਵਿਦਿਅਕ ਸੰਸਥਾਵਾਂ ਵਿੱਚ ਉਨ੍ਹਾਂ ਲਈ ਉਸੇ ਤਰ੍ਹਾਂ ਕੋਟਾ ਰਾਖਵਾਂ ਕੀਤੇ ਜਾਣ ਦੀ ਲੋੜ ਹੈ, ਜਿਵੇਂ ਕਿ ਦੂਸਰੀਆਂ ਘਟ ਗਣਤੀਆਂ ਲਈ ਕੀਤਾ ਗਿਆ ਹੋਇਆ ਹੈ।
ਸ. ਰਾਣਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਸਾਮ ਵਿੱਚ ਵਸਦੇ ਸਿੱਖ ਇਸ ਕਰਕੇ ਵੀ ਉਚੇਚੇ ਧਿਆਨ ਦੇ ਹਕਦਾਰ ਹਨ, ਕਿਉਂਕਿ ਉਨ੍ਹਾਂ ਦੇ ਆਸਾਮ ਨਾਲ ਸਦੀਆਂ ਪੁਰਣੇ ਇਤਿਹਾਸਕ ਸੰਬੰਧ ਹਨ। ਉਨ੍ਹਾਂ ਨੇ ਆਸਾਮ ਨਾਲ ਸਿੱਖ-ਸੰਬੰਧਾਂ ਦੀ ਇਤਿਹਾਸਕਤਾ ਦਾ ਜ਼ਿਕਰ ਕਰਦਿਆਂ ਦਸਿਆ ਕਿ ਇਹ ਸੰਬੰਧ ਉਸ ਸਮੇਂ ਸਥਾਪਤ ਹੋਏ ਜਦੋਂ 16ਵੀਂ ਸਦੀ ਦੇ ਅਰੰਭ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਉਥੇ ਪਾਏ ਤੇ ਆਪਸੀ ਪਿਆਰ ਤੇ ਸਰਬ-ਸਾਂਝੀਵਾਲਤਾ ਦੇ ਉਪਦੇਸ਼ ਦੇ ਆਸਾਮ ਵਾਸੀਆਂ ਨੂੰ ਸਿੱਖੀ ਨਾਲ ਜੋੜਿਆ। ਸ. ਰਾਣਾ ਨੇ ਦਸਿਆ ਕਿ ਇਨ੍ਹਾਂ ਸੰਬੰਧਾਂ ਨੂੰ 17ਵੀਂ ਸਦੀ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਆਪਣੇ ਚਰਨ ਪਾ, ਉਥੋਂ ਦੇ ਦੋ ਰਾਜਿਆਂ ਵਿੱਚ ਚਲੀ ਆ ਰਹੀ ਦੁਸ਼ਮਣੀ ਨੂੰ ਪਿਆਰ ਵਿੱਚ ਬਦਲ, ਇਨ੍ਹਾਂ ਸੰਬੰਧਾਂ ਨੂੰ ਮਜ਼ਬੂਤੀ ਬਖਸ਼ੀ। ਸ. ਰਾਣਾ ਨੇ ਦਸਿਆ ਕਿ ਗੁਰੂ ਸਾਹਿਬਾਂ ਵਲੋਂ ਕਾਇਮ ਕੀਤੇ ਗਏ ਹੋਏ ਸੰਬੰਧਾਂ ਨੂੰ ਮੁੱਖ ਰਖਦਿਆਂ ਹੀ ਮਹਾਰਾਜਾ ਰਣਜੀਤ ਸਿੰਘ ਨੇ ਆਸਾਮ ਪੁਰ ਹੋਏ ਹਮਲੇ ਦੌਰਾਨ ਰਾਜਾ ਚੰਦਰਕਾਂਤਾ ਸਿੰਘ ਦੀ ਮਦਦ ਕਰਨ ਲਈ ਆਪਣੀ ਫੌਜ ਦੇ 500 ਕਮਾਂਡੋ ਭੇਜੇ, ਜੋ ਬਾਅਦ ਵਿੱਚ ਉਥੇ ਹੀ ਵਸ ਉਥੋਂ ਦੇ ਹੀ ਹੋ ਕੇ ਰਹਿ ਗਏ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply