
ਫਾਜ਼ਿਲਕਾ, 7 ਅਕਤੂਬਰ (ਵਿਨੀਤ ਅਰੋੜਾ)- ਮਗਨਰੇਗਾ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਬਲਾਕ ਪੱਧਰ ਤੇ ਧਰਨਾ ਖ਼ਤਮ ਕਰਕੇ ਅੱਜ ਜ਼ਿਲਾ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਗਿਆ ਹੈ। ਜਿਸਦੇ ਤਹਿਤ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਕਰਮਚਾਰੀਆਂ ਵੱਲੋਂ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਸੂਬਾਈ ਜਨਰਲ ਸਕੱਤਰ ਅਮ੍ਰਤਪਾਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਸੰਨੀ ਕੁਮਾਰ ਨੇ ਦੱਸਿਾ ਕਿ ਮਗਨਰੇਗਾ ਕਰਮਚਾਰੀ ਬੀਤੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਦੇ ਕੋਲ ਸ਼ਾਂਤਮਈ ਢੰਗ ਨਾਲ ਰੈਗੂਲਰ ਕਰਨ ਦੀ ਆਪਣੀ ਇੱਕੋ ਇੱਕ ਮੰਗ ਦੇ ਲਈ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੱਖਾਂ ਨੌਕਰੀਆਂ ਦੇਣ ਦੇ ਵਾਅਦੇ ਕਰਨ ਵਾਲੀ ਪੰਜਾਬ ਸਰਕਾਰ ਮਗਨਰੇਗਾ ਸਕੀਮ ਦੇ ਤਹਿਤ ਲੱਗੇ ਕੰਟਰੈਕਟ ਕਰਮਚਾਰੀਆਂ ਤੇ ਤਿੱਖਾ ਕਹਾੜਾ ਚਲਾਉਂਦੇ ਹੋਏ ਪੰਚਾਇਤ ਵਿਭਾਗ ਵੱਲੋਂ ਮਗਨਰੇਗਾ ਕਰਮਚਾਰੀਆਂ ਦੀਆਂ ਸੇਵਾਵਾਂ ਰੱਦ ਕਰਨ ਦਾ ਜੋ ਪੱਤਰ ਜਾਰੀ ਕੀਤਾ ਗਿਆ ਹੈ ਮਗਨਰੇਗਾ ਕਰਮਚਾਰੀ ਉਸਦਾ ਸਖ਼ਤ ਵਿਰੋਧ ਕਰਦੇ ਹਨ।ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਮਗਨਰੇਗਾ ਕਰਮਚਾਰੀਆਂ ਦੇ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਆਉਣ ਤੇ ਉਨ੍ਹਾਂ ਨੂੰ ਪੰਚਾਇਤੀ ਵਿਭਾਗ ਵਿਚ ਮਰਜ਼ ਕਰਕੇ ਰੈਗੂਲਰ ਕਰਨਗੇ। ਪਰ ਅੱਜ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ। ਉਨ੍ਹਾਂ ਦੱਸਿਆ ਕਿ ਕਰਮਚਾਰੀਆਂ ਵੱਲੋਂ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹੋਰ ਉੱਚ ਅਧਿਕਾਰੀਆਂ ਨਾਲ ਰੈਗੂਲਰ ਕਰਨ ਸਬੰਧੀ ਵੱਖ ਵੱਖ ਮੀਟਿੰਗਾਂ ਕੀਤੀਆਂ ਅਤੇ ਉਨ੍ਹਾਂ ਨੂੰ ਹਰ ਵਾਰ ਭਰੋਸਾ ਦੁਆਇਆ ਗਿਆ ਅਤੇ ਸਰਕਾਰੀ ਦਸਤਾਵੇਜ਼ ਫਾਇਲ ਤਿਆਰ ਕਰਕ ਅਗਲੀ ਕਾਰਵਾਈ ਦੇ ਲਈ ਪੰਜਾਬ ਸਰਕਾਰ ਨੂੰ ਪਹੁੰਚਾਈ ਗਈ।ਪੰਜਾਬ ਸਰਕਾਰ ਅੱਜ ਜੋ ਠੇਕਾ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਤਜਵੀਜ਼ ਦੀ ਮੰਗ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮਗਨਰੇਗਾ ਕਰਮਚਾਰੀ ਹੋਰ ਕਰਮਚਾਰੀਆਂ ਦੀ ਤਰ੍ਹਾਂ ਪੈਨਲ ਇੰਟਰਵਿਊ ਵਿਚੋਂ ਆਪਣੀ ਯੋਗਤਾ ਪੂਰੀ ਕਰਕੇ ਅਤੇ ਟੈਸਟ ਪਾਸ ਕਰੇਕ ਮਗਨਰੇਗਾ ਸਕੀਮ ਦੇ ਤਹਿਤ ਵੱਖ ਵੱਖ ਕੈਟਾਗਰੀਆਂ ਦੀ ਪੋਸਟ ਤੇ ਪੂਰੇ ਪੰਜਾਬ ਵਿਚ 8 ਵਰ੍ਹਿਆਂ ਤੋਂ ਇੱਕ ਰੈਗੂਲਰ ਕਰਮਚਾਰੀ ਦੀ ਤਰ੍ਹਾਂ ਸੇਵਾਵਾਂ ਨਿਭਾ ਰਹੇ ਹਨ ਅਤੇ ਅੱਜ ਪੰਜਾਬ ਸਰਕਾਰ ਕਰਮਚਾਰੀਆਂ ਦੇ ਨਾਲ ਧੱਕੇਸ਼ਾਹੀ ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਪਰ ਬੀਤੇ ਦਿਨ ਪੰਚਾਇਤ ਵਿਭਾਗ ਵੱਲੌਂ ਇਨ੍ਹਾਂ ਕਰਮਚਾਰੀਆਂ ਨੂੰ ਅਣਵੇਖਿਆ ਕਰਕੇ ਅਤੇ ਨੌਕਰੀ ਤੋਂ ਫਾਰਗ ਕਰਨ ਦੇ ਫਰਮਾਨ ਜਾਰੀ ਕਰ ਦਿੱਤੇ ਗਏ। ਜਿਸ ਕਾਰਨ ਕਰਮਚਾਰੀਆਂ ਵਿਚ ਭਾਰੀ ਰੋਸ ਹੈ।
ਉਨ੍ਹਾ ਦੱਸਿਆ ਕਿ 8 ਅਕਤੂਬਰ ਨੂੰ ਠੇਕਾ ਮੁਲਾਜ਼ਮ ਸੰਘਰਸ਼ ਮਰਚੇ ਦੇ ਸੱਦੇ ਤੇ ਬਾਦਲ ਦੇ ਹਲਕੇ ਲੰਬੀ ਵਿਚ ਰੋਸ ਵਜੋਂ ਵੱਖ ਵੱਖ ਪਿੰਡਾਂ ਵਿਚ ਪੰਜਾਬ ਸਰਕਾਰ ਦੀਆਂ ਕਰਮਚਾਰੀ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਝੰਡਾ ਮਾਰਚ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਰਾਜਪਾਲ ਫਾਜ਼ਿਲਕਾ, ਸੁਨੀਲ ਕੁਮਾਰ ਅਰਨੀਵਾਲਾ, ਸੰਜੀਵ ਕੁਮਾਰ ਅਬੋਹਰ, ਬਲਦੇਵ ਸਿੰਘ ਜਲਾਲਾਬਾਦ, ਅਤੁਲ ਮੋਂਗਾ ਹੈਡ ਆਫਿਸ, ਵਿਪਨ ਕੁਮਾਰ, ਵਿਕਾਸ ਬਜਾਜ, ਖੇਮ ਚੰਦ ਖੂਈਆਂ ਸਰਵਰ, ਪ੍ਰਿਯੰਕਾ ਅਰਨੀਵਾਲਾ, ਗੋਰਵ ਸਚਦੇਵਾ, ਸੁਰਿੰਦਰ ਜਲਾਲਾਬਾਦ, ਅਸ਼ੋਕ ਕੁਮਾਰ, ਮੋਹਿਤ ਖੂਈਆਂ ਸਰਵਰ, ਮੋਹਿਤ ਅਰਨੀਵਾਲਾ, ਸੰਦੀਪ ਸਿੰਘ ਅਰਨੀਵਾਲਾ, ਅਸ਼ੀਸ ਲੂਨਾ ਜਲਾਲਾਬਾਦ, ਪਵਨ ਕੁਮਾਰ, ਰਜੇਸ ਕੁਮਾਰ, ਵੀਨਸ਼ ਅਬੋਹਰ, ਅੰਜੂ ਖੂਈਆਂ ਸਰਵਰ, ਸੰਜੀਵ ਕੁਮਾਰ ਰਾਜਪਾਲ, ਸੁਰਿੰਦਰ ਜਲਾਲਾਬਾਦ, ਸੁਨੀਲ ਫਾਜ਼ਿਲਕਾ, ਮਨਦੀਪ, ਰਣਜੀਤ ਅਤੇ ਕੁਲਵਿੰਦਰ ਅਤੇ ਸੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media