Friday, July 3, 2026

ਨਮੀ ਦੇ ਨਾਂ ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ

ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਕਿਸਾਨ ਤਾਂ ਪਹਿਲਾਂ ਹੀ ਮੰਦੀ ਦੀ ਮਾਰ, ਫਸਲ ਦੇ ਘੱਟ ਝਾੜ ਅਤੇ ਰਾਜ ਸਰਕਾਰ ਵੱਲੋਂ ਬਿਨਾਂ ਕਾਰਨ ਬਾਰਡਰ ਪੱਟੀ ਨੂੰ ਖਾਲ੍ਹੀ ਕਰਵਾਉਣ ਦੇ ਚਲਦੇ ਪ੍ਰੇਸ਼ਾਨ ਹਨ। ਉਪਰੋਂ ਮੰਡੀ ਬੋਰਡ ਨਮੀ ਦਾ ਡਰਾਮਾ ਕਰਕੇ ਕਿਸਾਨਾਂ ਨੂੰ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਕਰ ਰਹੀ ਹੈ।
ਇਹ ਗੱਲ ਅੱਜ ਇੱਥੇ ਯੂਥ ਕਾਂਗਰਸ ਦੇ ਵਿਧਾਨਸਭਾ ਫਾਜ਼ਿਲਕਾ ਦੇ ਪ੍ਰਧਾਨ ਸਤਿਆਜੀਤ ਝੀਂਝਾ ਨੇ ਕਹੀ।  ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਪ੍ਰਸ਼ਾਸਨ ਝੋਨੇ ਦੀ ਫਸਲ ਦੀ ਬੋਲੀ ਸ਼ੁਰੂ ਕਰ ਰਿਹਾ ਹੈ ਦੂਸਰੇ ਪਾਸੇ ਨਮੀ ਦਾ ਬਹਾਨਾ ਬਣਾਕੇ ਕਿਸਾਨਾਂ ਦੀਆਂ ਟਰਾਲੀਆਂ ਵਾਪਸ ਭੇਜੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਦੀ ਫਸਲ ਵਿਚ ਥੋੜੀ ਬਹੁਤ ਨਮੀ ਜਿਆਦਾ ਹੈ ਤਾਂ ਵੀ ਉਸਨੂੰ ਮੰਡੀ ਵਿਚ ਤਾਂ ਆਉਣ ਦਿੱਤਾ ਜਾਵੇ ਤਾਕਿ ਉਹ ਮੰਡੀ ਵਿਚ ਉਸਨੂੰ ਸੁੱਕਾ ਕੇ ਵੇਚ ਸਕੇ। ਉਨ੍ਹਾਂ ਕਿਹਾ ਕਿ ਨਮੀ ਮੰਡੀ ਵਿਚ ਐਂਟਰੀ ਕਰਦੇ ਸਮੇਂ ਨਹੀਂ ਸਗੋਂ ਬੋਲੀ ਦੇ ਸਮੇਂ ਚੈਕ ਕਰਨੀ ਚਾਹੀਦੀ ਹੈ।
ਸ਼੍ਰੀ ਝੀਂਝਾ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਇੱਕ ਪਾਸੇ ਕਿਸਾਨਾਂ ਦੀ ਫਸਲ ਨੂੰ ਵੱਧ ਤੋਲਿਆ ਜਾ ਰਿਹਾ ਹੈ ਦੂਸਰੇ ਪਾਸੇ ਕਿਸਾਨਾਂ ਨੂੰ ਖਰੀਦ ਦੇ ਲਈ ਰਿਸ਼ਵਤ ਦੇਣੀ ਪੈ ਰਹੀ ਹੈ। ਅਜਿਹੇ ਵਿਚ ਜੇਕਰ ਕਿਸਾਨ ਆਤਮ ਹੱਤਿਆ ਨਹੀਂ ਕਰੇਗਾ ਤਾਂ ਕੀ ਕਰੇਗਾ?
ਉਨ੍ਹਾਂ ਕਿਹਾ ਕਿ ਬਾਰਡਰ ਬੈਲਟ ਤੇ ਬੈਠੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਰਾਜ ਸਰਕਾਰ ਨੇ ਆਪਣੇ ਨਿਜੀ ਫਾਇਦੇ ਲਈ ਪ੍ਰੇਸ਼ਾਨ ਕੀਤਾ ਹੈ। ਇਹ ਲੋਕ ਪਹਿਲਾਂ ਹੀ ਪ੍ਰੇਸ਼ਾਨ ਹਨ ਅਤੇ ਇਨ੍ਹਾਂ ਨੂੰ ਅਚਾਨਕ ਘਰ ਛੱਡਣ ਨੂੰ ਮਜ਼ਬੂਰ ਕਰ ਦਿੱਤਾ ਗਿਆ। ਇਨ੍ਹਾਂ ਲੋਕਾਂ ਦੇ ਕੋਲ ਆਪਣਾ ਕੀਮਤੀ ਸਮਾਨ ਲੈਕੇ ਜਾਣ ਦਾ ਨਾਂ ਤਾਂ ਕੋਈ ਸਾਧਨ ਸੀ ਅਤੇ ਨਾ ਹੀ ਆਰਥਿਕ ਰੂਪ ਨਾਲ ਸੰਪਨ। ਰਹੀ ਸਹੀ ਕਸਰ ਰਾਹਤ ਕੈਂਪਾਂ ਵਿਚ ਅਵਿਵਸਥਾ ਨੇ ਪੂਰੀ ਕਰ ਦਿੱਤੀ। ਜਿੱਥੇ ਲੋਕਾਂ ਨੂੰ ਸੁਵਿਧਾ ਦੇ ਨਾਂ ਤੇ ਨਾਮਾਤਰ ਹੀ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ।
ਸ਼੍ਰੀ ਝੀਂਝਾ ਨੇ ਕਿਹਾ ਕਿ ਹਾਲੇ ਤੱਕ ਇਹ ਵੀ ਤੈਅ ਨਹੀਂ ਹੋ ਸਕਿਆ ਹੈ ਕਿ ਬਾਰਡਰ ਤੇ ਬੈਠੇ ਲੋਕਾਂ ਨੂੰ ਬੇਘਰ ਕਰਨ ਦਾ ਹੁਕਮ ਕੇਂਦਰ ਸਰਕਾਰ, ਆਰਮੀ, ਬੀਐਸਐਫ ਜਾਂ ਫਿਰ ਰਾਜ ਸਰਕਾਰ ਦਾ ਸੀ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਹ ਕਿਸੇ ਵੀ ਸੂਰਤ ਵਿਚ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਜੇਕਰ ਸੋਮਵਾਰ ਤੱਕ ਸਰਕਾਰ ਨੇ ਇਹ ਨਮੀ ਵਾਲਾ ਡਰਾਮਾ ਬੰਦ ਨਾ ਕੀਤਾ ਤਾਂ ਯੂਥ ਕਾਂਗਰਸ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਰਾਸ਼ਟਰੀ ਰਾਜਮਾਰਗ ਜਾਮ ਕਰਕੇ ਪ੍ਰਦਰਸ਼ਨ ਕਰੇਗੀ।

Check Also

ਸਵ. ਜਤਿੰਦਰ ਬਰਾੜ ਦਾ ਲਿਖਿਆ ਅਤੇ ਕੇਵਲ ਧਾਲੀਵਾਲ ਨਿਰਦੇਸ਼ਿਤ ਕੀਤਾ ਨਾਟਕ ‘ਕੁਦੇਸਣ’ ਦਾ ਸਫ਼ਲ ਮੰਚਣ

ਅੰਮ੍ਰਿਤਸਰ, 3 ਜੁਲਾਈ (ਦੀਪ ਦਵਿੰਦਰ ਸਿੰਘ ) – ਪ੍ਰਸਿੱਧ ਨਾਟ ਸੰਸਥਾ ਮੰਚ-ਰੰਗਮੰਚ ਅੰਮ੍ਰਿਤਸਰ ਅਤੇ ਵਿਰਸਾ …

Leave a Reply