Friday, March 27, 2026

 ਜ਼ਿਲ੍ਹਾ ਬਠਿੰਡਾ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਕੀਤੀਆਂ ਨਿਰਧਾਰਤ

ਬਠਿੰਡਾ, 10 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਦਿਵਾਲੀ ਦੇ ਤਿਉਹਾਰ ਦੌਰਾਨ ਕਿਸੇ ਅਣ-ਸੁਖਾਵੀਂ ਘਟਨਾ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਬਠਿੰਡਾ ਵੱਲੋਂ ਸ਼ਹਿਰ ਵਿੱਚ ਪਟਾਕੇ ਵੇਚਣ ਲਈ 5 ਥਾਵਾਂ ਨਿਰਧਾਰਤ ਕੀਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕਿਹਾ ਸ਼ਹਿਰ ਵਿਚ ਸਥਿਤ ਬਹੁਮੰਤਵੀ ਸਟੇਡੀਅਮ, ਸਰਕਾਰੀ ਰਜਿੰਦਰਾ ਕਾਲਜ, ਗੁਰੂ ਨਾਨਕ ਦੇਵ ਥਰਮਲ ਪਲਾਂਟ ਸਟੇਡੀਅਮ, ਰੇਲਵੇ ਦੁਸਿਹਰਾ ਗਰਾਊਂਡ ਸਟੇਡੀਅਮ ਅਤੇ ਦੇਸ ਰਾਜ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ ਵਿਖੇ ਪਟਾਕਿਆਂ ਦੇ ਸਟਾਲ ਲਗਾਉਣ ਲਈ ਨਿਸ਼ਚਿਤ ਕੀਤੀਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ ਨੇ ਕਿਹਾ ਕਿ ਇਨ੍ਹਾਂ ਸਟਾਲਾਂ ਲਈ ਜਗ੍ਹਾ ਦੀ ਵੰਡ ਉਪ ਮੰਡਲ ਮੈਜਿਸਟ੍ਰੇਟ ਬਠਿੰਡਾ ਆਪਣੇ ਪੱਧਰ ‘ਤੇ ਕਰਨਗੇ। ਐਸ.ਡੀ.ਐਮ.ਬਠਿੰਡਾ ਨੂੰ ਹੀ ਸਟਾਲਾਂ ਲਗਵਾਉਣ ਦੀ ਅਰਜੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਰੇ ਪਟਾਖੇ ਇਸ ਤਰ੍ਹਾਂ ਦੇ ਸਟਾਲਾਂ ਵਿੱਚ ਰੱਖੇ ਜਾਣ ਜੋ ਕਿ ਜ਼ਲਣਸ਼ੀਲ ਪਦਾਰਥ ਦਾ ਨਾ ਬਣਿਆ ਹੋਵੇ ਅਤੇ ਏਨਾ ਸਖਤ ਹੋਵੇ ਕਿ ਕੋਈ ਅਣਅਧਿਕਾਰਤ ਵਿਅਕਤੀ ਇਸ ਸਟਾਲ ਵਿਚ ਨਾ ਜਾ ਸਕੇ। ਇਹ ਸਟਾਲ ਇੱਕ ਦੂਸਰੇ ਤੋਂ ਘੱਟੋ-ਘੱਟ 3 ਮੀਟਰ ਦੀ ਦੂਰੀ ‘ਤੇ ਹੋਣੇ ਚਾਹੀਦੇ ਹਨ। ਕਿਸੇ ਵੀ ਸਟਾਲ ਦੇ 50 ਮੀਟਰ ਦੇ ਅੰਦਰ-ਅੰਦਰ ਕੋਈ ਵੀ ਪਟਾਕਾ ਨੁਮਾਇਸ਼ ਲਈ ਨਹੀਂ ਰੱਖਿਆ ਜਾਵੇਗਾ ਅਤੇ ਇਨ੍ਹਾਂ ਸਾਰੀਆਂ ਥਾਵਾਂ ਤੇ ਅੱਗ ਬੁਝਾਉਣ ਦਾ ਯੋਗ ਇੰਤਜ਼ਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸਟਾਲਾਂ ਵਿੱਚ ਰੋਸ਼ਨੀ ਦੇ ਪ੍ਰਬੰਧ ਲਈ ਕੋਈ ਵੀ ਵਿਅਕਤੀ ਮਿੱਟੀ ਦੇ ਤੇਲ ਨਾਲ ਜਲਣ ਵਾਲੀ ਲਾਲਟੈਣ, ਗੈਸ ਨਾਲ ਚੱਲਣ ਵਾਲਾ ਲੈਂਪ ਜਾਂ ਮੋਮਬੱਤੀਆਂ ਦਾ ਇਸਤੇਮਾਲ ਨਹੀਂ ਕਰ ਸਕਦਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਕਿਸੇ ਬਿਜਲੀ ਦੇ ਉਪਕਰਣ ਦਾ ਇਸਤੇਮਾਲ ਰੋਸ਼ਨੀ ਲਈ ਕੀਤਾ ਜਾਂਦਾ ਹੈ ਤਾਂ ਇਹ ਕੰਧ ਜਾਂ ਛੱਤ ਨਾਲ ਪੂਰੀ ਤਰ੍ਹਾਂ ਜੁੜ੍ਹੇ ਹੋਣੇ ਚਾਹੀਦੇ ਹਨ ਨਾ ਕਿ ਤਾਰ ਨਾਲ ਹਵਾ ਵਿੱਚ ਲਟਕਦੇ ਹੋਣ।
ਉਨ੍ਹਾਂ ਹਦਾਇਤ ਕੀਤੀ ਕਿ ਐਸ.ਡੀ.ਐਮ.ਬਠਿੰਡਾ ਲਾਇਸੰਸ ਦੇਣ ਸਮੇਂ ਇਹ ਵੇਖਣਗੇ ਕਿ ਲਾਇਸੰਸ ਵਾਲੀ ਜਗ੍ਹਾ ਬਾਰੇ ਆਲੇ-ਦੁਆਲੇ ਦੇ ਲੋਕਾਂ ਦੀ ਸੁਰੱਖਿਆ ਮੱਦੇਨਜ਼ਰ ਲੋੜੀਂਦੀ ਪੜਤਾਲ ਹੋਵੇ ਅਤੇ ਲੋਕਲ ਪੁਲਿਸ, ਨਗਰ ਨਿਗਮ, ਫਾਇਰ ਅਫ਼ਸਰ ਅਤੇ ਹੋਰ ਅਦਾਰੇ ਜਿਨ੍ਹਾਂ ਪਾਸੋਂ ਨਿਯਮਾਂ ਅਨੁਸਾਰ ਇਤਰਾਜਹੀਣਤਾ ਸਰਟੀਫਿਕੇਟ ਲੈਣਾ ਲੋੜੀਂਦਾ ਹੋਵੇ, ਇਹ ਸਰਟੀਫਿਕੇਟ ਲੈਣ ਉਪਰੰਤ ਜੋ ਵਿਅਕਤੀ ਐਕਸਪਲੋਜ਼ਿਵ ਐਕਟ ਦੀਆਂ ਧਾਰਾਵਾਂ ਅਧੀਨ ਲਾਇਸੰਸ ਦੇਣ ਲਈ ਯੋਗ ਪਾਏ ਜਾਣ, ਉਨ੍ਹਾਂ ਵਿਅਕਤੀਆਂ ਨੂੰ ਹੀ ਪਟਾਕਿਆਂ ਦੇ ਬਨਾਉਣ/ਵਿਕਰੀ/ਸਟਾਕ ਰੱਖਣ ਲਈ ਲਾਇਸੰਸ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਿਨ੍ਹਾਂ ਲਾਇਸੰਸ ਦੇ ਪਟਾਕਿਆਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ ਅਤੇ ਨਾ ਹੀ ਨਿਸ਼ਚਿਤ ਥਾਵਾਂ ਤੋਂ ਇਲਾਵਾ ਇਨ੍ਹਾਂ ਨੂੰ ਵੇਚਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਹੜਾ ਵੀ ਕੋਈ ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰੇਗਾ, ਉਸ ਖਿਲਾਫ਼ ਐਕਸਪਲੋਜ਼ਿਵ ਐਕਟ ਅਧੀਨ ਸਖਤ ਕਾਰਵਾਈ ਕੀਤੀ ਜਾਵੇਗੀ। ਐਸ਼.ਐਸ.ਪੀ.ਬਠਿੰਡਾ ਇਨ੍ਹਾਂ ਥਾਵਾਂ ਦਾ ਸੁਰੱਖਿਆ ਪ੍ਰਬੰਧ ਅਤੇ ਚੈਕਿੰਗ ਸਬੰਧੀ ਲੋੜੀਂਦੀ ਕਾਰਵਾਈ ਕਰਨਗੇ। ਨਗਰ ਨਿਗਮ ਬਠਿੰਡਾ ਕਮਿਸ਼ਨਰ ਫਾਇਰ ਬ੍ਰਿਗੇਡ ਨੂੰ ਚੌਕਸ ਰਹਿਣ ਲਈ ਨਿਰਦੇਸ਼ ਦੇਣਗੇ। ਐਸ.ਡੀ.ਐਮ.ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਨੂੰ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਆਪਣੀ ਸਬ-ਡਿਵੀਜਨ ਅਧੀਨ ਪੈਂਦੇ ਕਸਬਿਆਂ ਵਿੱਚ ਪਟਾਕੇ ਵੇਚਣ ਸਬੰਧੀ ਥਾਵਾਂ ਨਿਸ਼ਚਿਤ ਕਰਨ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …

Leave a Reply