ਸ: ਛੀਨਾ ਨੇ ਵਿਦਿਆਰਥੀਆਂ ਦੀ ਕੀਤੀ ਹੌਂਸਲਾ ਅਫ਼ਜਾਈ
ਅੰਮ੍ਰਿਤਸਰ, 28 ਮਈ (ਪੰਜਾਬ ਪੋਸਟ ਬਿਊਰੋ)- ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਨੈਸ਼ਨਲ ਮੀਨਸ ਕਮ ਮੈਰਿਟ ਸਕਾਲਰਸ਼ਿਪ ਦੇ ਇਮਤਿਹਾਨ ‘ਚ ਕਾਮਯਾਬੀ ਹਾਸਲ ਕਰਨ ‘ਤੇ ਆਪਣੇ ਦਫ਼ਤਰ ਵਿਖੇ ਹੌਂਸਲਾ ਅਫ਼ਜਾਈ ਕਰਦਿਆ ਸਨਮਾਨਿਤ ਕੀਤਾ। ਸ: ਛੀਨਾ ਨੇ ਇਸ ਮੌਕੇ ਉਕਤ ਵਿਦਿਆਰਥੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੀ ਦੇਖ-ਰੇਖ ਸਕੂਲ ਦੇ ਵਿਦਿਆਰਥੀਆਂ ਵੱਖ-ਵੱਖ ਗਤੀਵਿਧੀਆਂ ‘ਚ ਨਾਮਣਾ ਖੱਟ ਰਹੇ ਹਨ। ਇਹ ਉਨ੍ਹਾਂ ਦੇ ਮਿਹਨਤੀ ਸਟਾਫ਼ ਦੁਆਰਾ ਕਰਵਾਈ ਗਈ ਮਿਹਨਤ ਦਾ ਫ਼ਲ ਹੈ ਕਿ 8 ਵਿਦਿਆਰਥੀਆਂ ਨੇ ਉਕਤ ਪ੍ਰੀਖਿਆ ‘ਚ ਸਫ਼ਲਤਾ ਹਾਸਲ ਕੀਤੀ ਹੈ। ਸਕੂਲ ਪ੍ਰਿੰਸੀਪਲ ਭੰਗੂ ਨੇ ਇਸ ਮੌਕੇ ਸ: ਛੀਨਾ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਸਦਕਾ ਸਕੂਲ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਧਾਰਮਿਕ, ਸੱਭਿਆਚਾਰਕ ਅਤੇ ਖੇਡਾਂ ਆਦਿ ‘ਚ ਆਪਣੀ ਕਾਬਲੀਅਤ ਦਾ ਵਧੀਆ ਪ੍ਰਦਰਸ਼ਨ ਕਰਦੇ ਹੋਏ ਸਕੂਲ ਦੇ ਨਾਂਅ ਨੂੰ ਚਾਰ ਚੰਨ ਲਗਾ ਰਹੇ ਹਨ। ਉਨ੍ਹਾਂ ਕਿਹਾ ਕਿ ਸਕਾਲਰਸ਼ਿਪ ਦੀ ਪ੍ਰੀਖਿਆ ‘ਚ ਅੰਮ੍ਰਿਤਸਰ ਜ਼ਿਲ੍ਹੇ ‘ਚੋਂ 158 ਪਾਸ ਵਿਦਿਆਰਥੀਆਂ ਦੀ ਮੈਰਿਟ ਬਣੀ ਹੈ, ਜਿਨ੍ਹਾਂ ‘ਚੋਂ ਪਹਿਲਾਂ ਤੇ ਤੀਜਾ ਸਥਾਨ ਸਕੂਲ ਵਿਦਿਆਰਥੀ ਕ੍ਰਮਵਾਰ ਅਨਮੋਲ ਸਿੰਘ ਅਤੇ ਗੁਰਪ੍ਰੀਤ ਸਿੰਘ ਨੇ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਸਫ਼ਲ ਆਏ ਉਕਤ ਵਿਦਿਆਰਥੀਆਂ ਨੂੰ 4 ਸਾਲ ਲਈ 500/-ਰੁਪਏ ਪ੍ਰਤੀ ਮਹੀਨਾ ਵਿਦਿਆਰਥੀ ਸਕਾਲਰਸ਼ਿਪ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਵੇਗੀ। ਵਿਦਿਆਰਥੀਆਂ ਦੀ ਇਸ ਉਪਲਬੱਧੀ ‘ਤੇ ਉਤਸ਼ਾਹਿਤ ਕਰਨ ਮੌਕੇ ਕੌਂਸਲ ਦੇ ਜੁਆਇੰਟ ਸਕੱਤਰ ਸ: ਸਰਦੂਲ ਸਿੰਘ ਮੰਨਣ, ਅੰਡਰ ਸੈਕਟਰੀ ਤੇ ਡਿਪਟੀ ਡਾਇਰੈਕਟਰ ਡੀ. ਐੱਸ. ਰਟੌਲ ਤੇ ਸਾਇੰਸ ਅਧਿਆਪਕਾ ਬਲਜੀਤ ਕੌਰ ਮੌਜ਼ੂਦ ਸਨ।