
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਉਨ੍ਹਾਂ ਵਲੋਂ ਉਚਾਰੀ ਗਈ ਬਾਣੀ ‘ਲਾਵਾਂ’ ਦੀ ਅਰਥਾਂ ‘ਤੇ ਵਿਆਖਿਆ ਸਹਿਤ ਕੱਥਾ ਦੀ ਅਰੰਭਤਾ ਵੀਰਵਾਰ 13 ਅਕਤੂਬਰ ਨੂੰ ਹੋਵੇਗੀ ਅਤੇ ਉਸਦੀ ਸਮਾਪਤੀ ਸੋਮਵਾਰ 17 ਅਕਤੂਬਰ ਨੂੰ ਹੋਵੇਗੀ। ਇਹ ਜਾਣਕਾਰੀ ਦਿੰਦਿਆਂ ਰਾਣਾ ਪਰਮਜੀਤ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਦਸਿਆ ਕਿ ਇਹ ਕੱਥਾ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ, ਗੁ. ਬੰਗਲਾ ਸਾਹਿਬ ਤੇ ਗੁ. ਸੀਸਗੰਜ ਸਾਹਿਬ ਵਿਖੇ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਤੋਂ ਉਪਰੰਤ 7.30 ਤੋਂ 8.30 ਤਕ ਹੋਵੇਗੀ, ਜਦਕਿ ਗੁ. ਰਕਾਬ ਗੰਜ ਸਾਹਿਬ, ਗੁ. ਨਾਨਕ ਪਿਆਓ ਸਾਹਿਬ, ਗੁ. ਮੋਤੀ ਬਾਗ ਸਾਹਿਬ, ਗੁ. ਬਾਲਾ ਸਾਹਿਬ ਅਤੇ ਗੁ. ਮਜਨੂੰ ਟਿੱਲਾ ਸਾਹਿਬ ਵਿਖੇ ਇਹ ਕੱਥਾ ਆਸਾ ਦੀ ਵਾਰ ਦੇ ਕੀਰਤਨ ਤੋਂ ਬਾਅਦ 8.00 ਵਜੇ ਤੋਂ 9.00 ਵਜੇ ਤਕ ਹੋਵੇਗੀ। ਸ. ਰਾਣਾ ਨੇ ਦਸਿਆ ਕਿ ਗੁ. ਬੰਗਲਾ ਸਾਹਿਬ ਵਿਖੇ ਹੋਣ ਵਾਲੀ ਕੱਥਾ ਦਾ ਸਿੱਧਾ ਪ੍ਰਸਾਰਣ ਸਦਾ ਵਾਂਗ ਚੜ੍ਹਦੀਕਲਾ ਟਾਈਮ ਟੀਵੀ ਪੁਰ ਅਤੇ ਗੁ. ਸੀਸਗੰਜ ਸਾਹਿਬ ਵਿਖੇ ਹੋਣ ਵਾਲੀ ਕੱਥਾ ਦਾ ਸਿੱਧਾ ਪ੍ਰਸਾਰਣ ਫਤਿਹ ਟੀਵੀ ਪੁਰ ਹੋਵੇਗਾ। ਉਨ੍ਹਾਂ ਹੋਰ ਦਸਿਆ ਕਿ ਗੁ. ਬੰਗਲਾ ਸਾਹਿਬ ਵਿਖੇ ਇਹ ਕੱਥਾ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਨਿਸ਼ਾਨ ਸਿੰਘ (13 ਅਕਤੂਬਰ) ਤੇ ਭਾਈ ਰਣਜੀਤ ਸਿੰਘ (16 ਅਤੇ 17 ਅਕਤੂਬਰ) ਤੋਂ ਇਲਾਵਾ ਭਾਈ ਜਸਵੰਤ ਸਿੰਘ ਪਰਵਾਨਾ (14 ਅਤੇ 15 ਅਕਤੂਬਰ), ਗੁ. ਸੀਸਗੰਜ ਸਾਹਿਬ ਅਤੇ ਹੋਰ ਇਤਿਹਾਸਕ ਗੁਰਦੁਆਰਿਆਂ ਵਿਖੇ ਇਹ ਕੱਥਾ ਉਥੋਂ ਦੇ ਹੈੱਡ ਗ੍ਰੰਥੀ ਸਾਹਿਬਾਨ ਕਰਨਗੇ।
Punjab Post Daily Online Newspaper & Print Media