
ਨਵੀਂ ਦਿੱਲੀ, 12 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ਵੱਲੋਂ ਬੀਤੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲੜਨ ਦੇ ਕੀਤੇ ਗਏ ਐਲਾਨ ਦੌਰਾਨ ਵਰਤੀ ਗਈ ਸ਼ਬਦਾਵਲੀ ‘ਤੇ ਦਿੱਲੀ ਕਮੇਟੀ ਨੇ ਵਡਾਲਾ ਨੂੰ ਰੁਖ਼ ਸਾਫ਼ ਕਰਨ ਦੀ ਅਪੀਲ ਕੀਤੀ ਹੈ। ਦਰਅਸਲ ਵਡਾਲਾ ਨੇ ਆਪਣੀ ਸਿਆਸ਼ੀ ਜਮਾਤ ”ਸਿੱਖ ਸਦਭਾਵਨਾ ਦਲ” ਵੱਲੋਂ ਦਿੱਲੀ ਕਮੇਟੀ ਚੋਣਾਂ ਵਿਚ ਨਿਤਰਣ ਦੀ ਗੱਲ ਕਰਦੇ ਹੋਏ ਬਿਨਾਂ ਕਿਸੇ ਦਾ ਨਾਂ ਲਏ ਤਿੱਖੀ ਸਿਆਸ਼ੀ ਦੂਸ਼ਣਬਾਜ਼ੀ ਕੀਤੀ ਸੀ ।
ਕਮੇਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ ਨੇ ਕਿਹਾ ਕਿ ਅਸੀਂ ਭਾਈ ਵਡਾਲਾ ਦਾ ਸਨਮਾਨ ਗੁਰੂ ਰਾਮਦਾਸ ਜੀ ਦੇ ਦਰ ਦਾ ਕੀਰਤਨੀ ਹੋਣ ਦੇ ਕਾਰਨ ਬੇਸ਼ਕ ਕਰਦੇ ਹਾਂ ਪਰ ਭਾਈ ਵਡਾਲਾ ਦੀ ਸ਼ਬਦਾਵਲੀ ਕਰਕੇ ਦੁਵਿਧਾ ਦੀ ਸਥਿਤੀ ਪੈਦਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਈ ਵਡਾਲਾ ਨੇ ਦਿੱਲੀ ਦੇ ਸਿਆਸ਼ੀ ਦਲਾਂ ਨੂੰ ਚੰਦੂ ਅਤੇ ਜਹਾਂਗੀਰ ਦੱਸਿਆ ਹੈ ਇਸ ਕਰਕੇ ਭਾਈ ਸਾਹਿਬ ਨੂੰ ਇਹ ਗੱਲ ਸਾਫ਼ ਕਰਨੀ ਚਾਹੀਦੀ ਹੈ ਕਿ ਭਾਈ ਵਡਾਲਾ ਦੇ ਹਿਸਾਬ ਨਾਲ ਗੁਰੂ ਅਰਜਨ ਦੇਵ ਜੀ ਮੌਜੂਦਾ ਸਮੇਂ ਵਿਚ ਕੌਣ ਹਨ ? ਕੀ ਉਹ ਆਪਣੇ ਆਪ ਨੂੰ, ਆਪਣੇ ਦਲ ਨੂੰ ਜਾਂ ਕਿਸੇ ਤੀਜ਼ੇ ਨੂੰ ਗੁਰੂ ਸਾਹਿਬ ਸਮਝਦੇ ਹਨ ?
ਭਾਈ ਵਡਾਲਾ ਦੇ ਨਾਲ ਦਿੱਲੀ ਵਿੱਚ ਨਜ਼ਰ ਆ ਰਹੇ ਜਿਆਦਾਤਰ ਸਾਥੀਆਂ ਦਾ ਬੀਤੇ ਦਿਨੀਂ ਚੱਬਾ ਵਿਖੇ ਹੋਏ ਸਰਬਤ ਖਾਲਸਾ ਨਾਲ ਸੰਬੰਧ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਸਵਾਲ ਵੀ ਪੁੱਛਿਆ। ਉਨ੍ਹਾਂ ਕਿਹਾ ਕਿ ਭਾਈ ਵਡਾਲਾ ਨੂੰ ਇਸ ਗੱਲ ਤੇ ਸਪਸ਼ਟਤਾ ਕਰਨੀ ਚਾਹੀਦੀ ਹੈ ਕਿ ਉਹ ਪੰਥ ਨੂੰ ਪ੍ਰਵਾਨ ਜਥੇਦਾਰਾਂ ਸਾਹਿਬਾਨਾਂ ਨੂੰ ਕੌਮ ਦਾ ਜਥੇਦਾਰ ਮੰਨਦੇ ਹਨ ਜਾਂ ਅਖੌਤੀ ਸਰਬਤ ਖਾਲਸਾ ਵੱਲੋਂ ਥਾਪੇ ਗਏ ਜਥੇਦਾਰਾਂ ਨੂੰ ਕੌਮ ਦਾ ਰਹਿਬਰ ਮੰਨਦੇ ਹਨ ?
ਭਾਈ ਵਡਾਲਾ ਵੱਲੋਂ ਮਸੰਦਾਂ ਨੂੰ ਹਟਾਉਣ ਦੇ ਦਿੱਤੇ ਗਏ ਸੱਦੇ ਤੇ ਸਵਾਲਿਆ ਨਿਸ਼ਾਨ ਲਗਾਉਂਦੇ ਹੋਏ ਉਨ੍ਹਾਂ ਨੇ ਭਾਈ ਵਡਾਲਾ ਨੂੰ ਮਸੰਦ ਦੀ ਪਰਿਭਾਸ਼ਾ ਦੱਸਣ ਦੀ ਵੀ ਗੁਜ਼ਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਕਮੇਟੀ ਪ੍ਰਬੰਧਕਾਂ ਨੂੰ ਲਗਭਗ 3.75 ਸਾਲ ਪਹਿਲੇ ਦਿੱਲੀ ਦੀ ਸੰਗਤ ਨੇ ਚੁਣ ਕੇ ਭੇਜਿਆ ਸੀ। ਕਿਸੇ ਨੇ ਵੀ ਜ਼ੋਰ-ਜਬਰਦੱਸਤੀ ਜਾਂ ਤਾਕਤ ਦੇ ਬਲ ‘ਤੇ ਨਾ ਹੀ ਗੁਰਦੁਆਰਾ ਪ੍ਰਬੰਧ ਤੇ ਕਬਜ਼ਾ ਕੀਤਾ ਸੀ ਅਤੇ ਨਾ ਹੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਿਯਾਦਾ ਤੋਂ ਬਾਗੀ ਹੋ ਕੇ ਕੋਈ ਕਾਰਜ ਕੀਤਾ ਹੈ, ਫਿਰ ਕਿਸ ਪ੍ਰਕਾਰ ਨਾਲ ਮੌਜੂਦਾ ਪ੍ਰਬੰਧਕ ਮਸੰਦ ਹੋ ਗਏ ? ਜਦਕਿ ਮਸੰਦਾਂ ਦੇ ਦੌਰ ਦੌਰਾਨ ਜਰਨਲ ਡਾਇਰ ਨੂੰ ਸਿਰੋਪਾਉ ਦੇਣਾ, ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਮੂਰਤੀਆਂ ਸਥਾਪਿਤ ਹੋਣਾ ਅਤੇ ਵੇਸ਼ਵਾ ਦਾ ਨਾਚ ਗੁਰਧਾਮਾਂ ਵਿੱਚ ਕਰਨ ਦੇ ਅਕਸਰ ਹਵਾਲੇ ਮਿਲਦੇ ਹਨ।
ਭਾਈ ਵਡਾਲਾ ਵੱਲੋਂ ਗੋਲਕ ਦੀ ਲੁੱਟ ਨੂੰ ਰੋਕਣ ਲਈ ਸਿੱਖ ਸਦਭਾਵਨਾ ਦਲ ਨੂੰ ਮੌਕਾ ਦਿੱਤੇ ਜਾਣ ਦੀ ਦਿੱਲੀ ਦੀ ਸੰਗਤ ਨੂੰ ਦਿੱਤੀ ਗਈ ਦੁਹਾਈ ਨੂੰ ਵੀ ਉਨ੍ਹਾਂ ਬੇਲੋੜਾ ਦੱਸਿਆ। ਉਨ੍ਹਾਂ ਕਿਹਾ ਕਿ ਭਾਈ ਵਡਾਲਾ ਨੂੰ ਇਹ ਗੱਲ ਤੱਥਾਂ ਦੇ ਨਾਲ ਸਾਬਿਤ ਕਰਨੀ ਚਾਹੀਦੀ ਹੈ ਕਿ ਉਹ ਕਿਸ ਲੁੱਟ ਦੀ ਗੱਲ ਕਰ ਰਹੇ ਹਨ ? ਜਦਕਿ ਦਿੱਲੀ ਕਮੇਟੀ ਨੇ ਸਮਾਜ਼ ਦੇ ਸਭ ਤੋਂ ਨੀਵੇਂ ਪੱਧਰ ‘ਤੇ ਖੜੇ ਹਰ ਦਬੇ-ਕੁੱਚਲੇ ਅਤੇ ਲਤਾੜੇ ਹੋਏ ਸਿੱਖ ਦੀ ਹਰ ਪ੍ਰਕਾਰ ਦੀ ਮਦਦ ਕਰਨ ਤੋਂ ਕਦੇ ਪਾਸਾ ਨਹੀਂ ਵੱਟਿਆ ਤੇ ਅੱਜ ਪੂਰੇ ਸੰਸਾਰ ਦੀਆਂ ਸਮੂਹ ਗੁਰਦੁਆਰਾ ਕਮੇਟੀਆਂ ਦੇ ਮੁਕਾਬਲੇ ਦਿੱਲੀ ਕਮੇਟੀ ਮੋਹਰਲੀ ਕਤਾਰ ਵਿਚ ਪੰਥਕ, ਸਮਾਜਿਕ, ਧਾਰਮਿਕ ਅਤੇ ਸਿਆਸ਼ੀ ਮਸਲਿਆਂ ‘ਤੇ ਦਲੇਰੀ ਦੇ ਨਾਲ ਲੜਾਈ ਲੜ ਰਹੀ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media