
ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸ਼ਹਿਰ ਵਿਚ ਅੱਜ ਦੁਸ਼ਹਿਰਾ ਤਿਓਹਾਰ ਮੌਕੇ ਤਿੰਨ ਥਾਵਾਂ ਤੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਵਿਸ਼ਾਲ ਪੁੱਤਲੇ ਧੂੰ-ਧੂੰ ਕਰਕੇ ਸਾੜੇ ਗਏ।ਸ਼੍ਰੀ ਸੇਵਾ ਸੰਮਤੀ ਰਾਮ ਲੀਲਾ ਸਭਾ ਵੱਲੋਂ 92 ਵਰ੍ਹਿਆਂ ਤੋਂ ਲਗਾਤਾਰ ਕੀਤੀ ਜਾ ਰਹੀ ਰਾਮਲੀਲਾ ਤੋਂ ਬਾਅਦ ਵਿਜੈ ਦਿਵਸ ਦੁਸ਼ਹਿਰਾ ਤਿਓਹਾਰ ਦੇ ਮੌਕੇ ਤੇ ਅੱਜ ਸਥਾਨਕ ਕੈਂਟ ਰੋਡ ਤੇ ਕਰਵਾਏ ਪ੍ਰੋਗਰਾਮ ਵਿਚ ਭਗਵਾਨ ਰਾਮ ਅਤੇ ਰਾਵਨ ਦੇ ਵਿਚਕਾਰ ਵਿਖਾਏ ਯੁੱਧ ਤੋਂ ਬਾਅਦ ਬੁਰਾਈ ਦੇ ਪ੍ਰਤੀਕ ਰਾਵਨ ਦਾ ਅੰਤ ਕਰ ਦਿੱਤਾ।
ਸਮਾਗਮ ਦੇ ਮੁੱਖ ਮਹਿਮਾਨ ਬੀਐਸਐਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਨੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲਿਆਂ ਨੂੰ ਅੱਗ ਲਗਾਉਣ ਤੋਂ ਪਹਿਲਾਂ ਹਜ਼ਾਰਾਂ ਦੀ ਗਿਣਤੀ ਵਿਚ ਹਾਜ਼ਰ ਜਨਸਮੂਹ ਨੂੰ ਸੰਬੋਧਤ ਕਰਦੇ ਹੋਏ ਕਿਹਾ ਕਿ ਸਰਹੱਦ ਤੇ ਸਾਡੇ ਜਵਾਨ ਕਿਸੇ ਵੀ ਦੇਸ਼ ਵਿਰੋਧੀ ਰਾਵਨ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ। ਇਸਦੇ ਲਈ ਹਰ ਭਾਰਤੀ ਨੂੰ ਦੇਸ਼ ਭਗਤੀ ਦੀ ਭਾਵਨਾ ਵਿਖਾਉਣੀ ਹੋਵੇਗੀ। ਇਸ ਮੌਕੇ ਸੰਮਤੀ ਦੇ ਅਹੁੱਦੇਦਾਰਾਂ ਨੇ ਮੁੱਖ ਮਹਿਮਾਨ ਐਮ.ਪੀ. ਸਿੰਘ, ਸਮਾਜ ਸੇਵਕ ਸੁਭਾਸ਼ ਕਟਾਰੀਆ, ਡਾ. ਵਿਜੈ ਸਚਦੇਵਾ ਅਤੇ ਦੀਪਕ ਨਾਗਪਾਲ ਨੂੰ ਸਨਮਾਨਿਤ ਕੀਤਾ। ਦੂਸਰੇ ਪਾਸੇ ਆਜ਼ਾਦ ਹਿੰਦ ਰਾਮਲੀਲਾ ਕਲੱਬ ਵੱਲੋਂ ਸਥਾਨਕ ਸਰਕਾਰੀ ਐਮ.ਆਰ.ਕਾਲਜ ਦੇ ਸਟੇਡੀਅਮ ਵਿਚ ਦੁਸ਼ਹਿਰਾ ਤਿਓਹਾਰ ਮਨਾਇਆ ਗਿਆ। ਇਸ ਮੌਕੇ ਪੰਜਾਬ ਦੇ ਕੈਬੀਨੇਟ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਬੇਟੇ ਨਵਦੀਪ ਜਿਆਣੀ, ਨਗਰ ਕੌਂਸਲ ਦੇ ਪ੍ਰਧਾਨ ਰਕੇਸ਼ ਧੂੜੀਆ ਅਤੇ ਹੋਰਨਾਂ ਨੇ ਰਾਵਨ, ਕੁੰਭਕਰਨ ਅਤੇ ਮੇਘਨਾਥ ਦੇ ਪੁੱਤਲਿਆਂ ਨੂੰ ਅੱਗ ਲਗਾਈ।
ਇਸ ਤੋਂ ਇਲਾਵਾ ਸ਼੍ਰੀ ਬਾਲਾ ਜੀ ਉਤਰ ਰੇਲਵੇ ਰਾਮਲੀਲਾ ਕਲੱਬ ਵੱਲੋਂ ਵੀ ਦੁਸ਼ਹਿਰਾ ਤਿਓਹਾਰ ਤੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਚੋਧਰੀ, ਡਾ. ਨਵਦੀਪ ਜਸੂਜਾ, ਸਮਾਜ ਸੇਵਿਕਾ ਨਵੀਨ ਮੱਕੜ ਨੇ ਪੁੱਤਲਿਆਂ ਨੂੰ ਅੱਗ ਲਗਾਈ। ਇਸ ਮੌਕੇ ਰੰਗ ਬਿਰੰਗੀ ਆਤਿਸ਼ਬਾਜੀ ਦਾ ਵੀ ਅਯੋਜਨ ਕੀਤਾ ਗਿਆ।
Punjab Post Daily Online Newspaper & Print Media