

ਅੰਮ੍ਰਿਤਸਰ, 13 ਅਕਤੂਬਰ (ਗੁਰਪ੍ਰੀਤ ਸਿੰਘ) – ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਆਪਣੀ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਉਪਰੰਤ 25 ਮਿੰਟ ਬੈਠ ਕੇ ਇਲਾਹੀ ਬਾਣੀ ਦਾ ਕੀਰਤਨ ਵੀ ਸਰਵਣ ਕੀਤਾ। ਦਫ਼ਤਰ ਸ਼ੋ੍ਰਮਣੀ ਕਮੇਟੀ ਪਹੁੰਚਣ ਸਕੱਤਰ ਮਨਜੀਤ ਸਿੰਘ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਸ਼ੋ੍ਰਮਣੀ ਕਮੇਟੀ ਪ੍ਰਧਾਨ ਦੇ ਨਿਜੀ ਸਹਾਇਕ ਪ੍ਰਮਜੀਤ ਸਿੰਘ ਮੁੰਡਾ ਪਿੰਡ ਤੇ ਸੁਲੱਖਣ ਸਿੰਘ ਮੈਨੇਜਰ ਸ੍ਰੀ ਦਰਬਾਰ ਸਾਹਿਬ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ।ਡਾ: ਮਨਮੋਹਨ ਸਿੰਘ ਨੇ ਫੋਨ ‘ਤੇ ਜਥੇਦਾਰ ਅਵਤਾਰ ਸਿੰਘ ਨਾਲ ਗੱਲਬਾਤ ਕੀਤੀ ਅਤੇ ਹਾਲ-ਚਾਲ ਪੁੱਛਿਆ।ਡਾ: ਮਨਮੋਹਨ ਸਿੰਘ ਨੇ ਵਿਜ਼ਿਟਿੰਗ ਬੱੱਕ ‘ਤੇ ਲਿਖਿਆ ਕਿ ਦੁਨੀਆਂ ਦੇ ਸਾਰੇ ਧਾਰਮਿਕ ਅਸਥਾਨ ਅਤਿ ਸਤਿਕਾਰਤ ਹਨ, ਪਰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ‘ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ॥’ਉਨ੍ਹਾਂ ਕਿਹਾ ਕਿ ਇਹ ਉਹ ਮੁਕੱਦਸ ਅਸਥਾਨ ਹੈ ਜਿੱਥੇ ਆ ਕੇ ਮਨ ਤ੍ਰਿਪਤ ਹੋ ਜਾਂਦਾ ਹੈ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਡਾ: ਮਨਮੋਹਨ ਸਿੰਘ ਦਾ ਧਰਮ ਪਤਨੀ ਬੀਬੀ ਗੁਰਸ਼ਰਨ ਕੌਰ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਉਣ ‘ਤੇ ਉਨ੍ਹਾਂ ਨੂੰ ਸਿਰੋਪਾਓ, ਲੋਈ, ਸ੍ਰੀ ਹਰਿਮੰਦਰ ਸਾਹਿਬ ਦਾ ਮਾਡਲ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਡਾ. ਮਨਮੋਹਨ ਸਿੰਘ ਦੇ ਭਰਾਤਾ ਸੁਰਜੀਤ ਸਿੰਘ ਕੋਹਲੀ, ਗੁਰਬਚਨ ਸਿੰਘ ਮੁੱਖ ਸੂਚਨਾ ਅਧਿਕਾਰੀ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ, ਜਸਵਿੰਦਰ ਸਿੰਘ ਸੂਚਨਾ ਅਧਿਕਾਰੀ, ਸਰਬਜੀਤ ਸਿੰਘ ਸਹਾਇਕ ਸੂਚਨਾ ਅਧਿਕਾਰੀ, ਬਘੇਲ ਸਿੰਘ ਤੇ ਲਖਬੀਰ ਸਿੰਘ ਵਧੀਕ ਮੈਨੇਜਰ ਹਾਜ਼ਰ ਸਨ।
Punjab Post Daily Online Newspaper & Print Media