Friday, March 6, 2026

ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀ ਦਿਖਾਉਂਦੇ ਹਨ ਗਤਕੇ ਦੇ ਜੌਹਰ

ppn1710201617
ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ) – ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਬੁਲੰਦੀਆਂ ਨੂੰ ਛੂਹ ਚੁੱਕਿਆ ਹੈ। ਇਸ ਸਕੂਲ ਦੀ ਕਹਾਣੀ ਆਪਣੇ ਆਪ ਵਿਚ ਮਾਇਨੇ ਰੱਖਦੀ ਹੈ।ਜਿੱਥੇ ਅਧਿਆਪਕਾਂ ਦੀ ਸਖ਼ਤ ਮਿਹਨਤ ਝਲਕਾਂ ਮਾਰਦੀ ਹੈ। ਉੱਥੇ ਹੀ ਵਿਦਿਆਰਥੀਆਂ ਦੀ ਸਿੱਖਣ ਦੀ ਚਾਹਤ ਵੀ ਹਰ ਇੱਕ ਨੂੰ ਦੰਦਾਂ ਥੱਲ੍ਹੇ ਉਂਗਲਾਂ ਲੈਣ ਲਈ ਮਜ਼ਬੂਰ ਕਰ ਦਿੰਦੀ ਹੈ। ਇਸ ਸਕੂਲ ਨੂੰ ਮਾਣ ਹੈ ਕਿ ਇਸ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੇ ਸਾਹਮਣੇ ਆਪਣੀ ਪ੍ਰਤਿਭਾ ਦਾ ਜੌਹਰ ਦਿਖਾਇਆ ਹੈ।
ਇਸ ਸਕੂਲ ਦੇ ਅਧਿਆਪਕ ਲਵਜੀਤ ਗਰੇਵਾਲ , ਮੈਡਮ ਸੁਖਪਾਲ, ਸ਼ੈਲ, ਅਤੇ ਸੁਰਿੰਦਰਪਾਲ ਕੌਰ ਦੀ  ਸਖ਼ਤ ਮਿਹਨਤ ਦਾ ਨਤੀਜਾ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਸਿੱਖਿਆ ਦੇ ਨਾਲ ਨਾਲ ਸਰਵ ਕਲਾ ਸਮਰੱਥ ਹੋਣਾ ਚਾਹੁੰਦੇ ਹਨ। ਜਿੱਥੇ ਵਿਦਿਆਰਥਣਾਂ ਗਿੱਧੇ ਦੀ ਪੇਸ਼ਕਾਰੀ ਵਿਚ ਚਾਰ ਚੰਨ ਲਾ ਦਿੰਦੀਆਂ ਹਨ। ਉੱਥੇ ਹੀ ਵਿਦਿਆਰਥੀ ਜਦੋਂ ਕਿਸੇ ਪ੍ਰੋਗਰਾਮ ਵਿਚ ਗਤਕੇ ਦੇ ਜੌਹਰ ਦਿਖਾਉਂਦੇ ਹਨ ਤਾਂ ਦੇਖਣ ਵਾਲਾ ਸੋਚਦਾ ਹੀ ਰਹਿ ਜਾਂਦਾ ਹੈ। ਛੋਟੇ ਛੋਟੇ ਵਿਦਿਆਰਥੀਆਂ ਵਿਚ ਫੁਰਤੀਲਾਪਣ ਆਪਣੇ ਆਪ ਵਿਚ ਬੇਮਿਸਾਲ ਹੈ।
ਗਤਕੇ ਦੀ ਟੀਮ ਦੇ ਇਹ ਵਿਦਿਆਰਥੀ ਜਿੰਨ੍ਹਾਂ ਵਿਚ ਸ਼ਰਵਿੰਦ, ਮੰਗਤ, ਅਜੈ, ਪਵਨ, ਇਜਨੀਤ, ਵਿਕਰਮ ਅਤੇ ਸੁਖਵਿੰਦਰ ਸ਼ਾਮਲ ਹਨ। ਇਨ੍ਹਾਂ ਵਿਦਿਆਰਥੀ ਦੀ ਸਾਹਸ ਦੀ ਕਹਾਣੀ ਇੰਨ੍ਹਾਂ ਦੀ ਦਿੱਖ ਹੀ ਭਰ ਦਿੰਦੀ ਹੈ। ਗਤਕੇ ਦੇ ਜੌਹਰ ਦਿਖਾਉਂਦਿਆਂ ਜਿਹੜਾ ਮਨੋਬਲ ਹੋਣਾ ਚਾਹੀਦਾ ਹੈ। ਇੰਨ੍ਹਾਂ ਨੰਨ੍ਹੇ ਮੁੰਨ੍ਹੇ ਵਿਦਿਆਰਥੀਆਂ ਵਿਚ ਇਹ ਮਨੋਬਲ ਉਛਾਲੇ ਮਾਰਦਾ ਹੈ। ਗਤਕੇ ਦੇ ਇੰਨ੍ਹਾਂ ਜੌਹਰਾਂ ਵਿਚ ਫਰੀ ਸੋਟੀ, ਜਾਲ ਘੁੰਮਾਉਣਾ, ਸਿੰਗਲ ਮਰਹੱਨੀ, ਡਬਲ ਮਰਹੱਨੀ, ਘੋੜ ਜਾਲ ਅਤੇ ਪੈਂਤਰਾ ਪ੍ਰਮੁੱਖ ਹਨ। ਅਧਿਆਪਕ ਲਵਜੀਤ ਸਿੰਘ ਨੇ ਦੱਸਿਆ ਕਿ ਗਤਕੇ ਦੀ ਇਹ ਟੀਮ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿਚ ਪਹਿਲਾ ਸਥਾਨ ਹਾਸਲ ਕਰ ਚੁੱਕੀ ਹੈ। ਪੇਂਡੂ ਖੇਤਰ ਦੇ ਇਹਨ੍ਹਾਂ ਵਿਦਿਆਰਥੀਆਂ ਦੇ ਹੌਂਸਲੇ ਨੂੰ ਸਲਾਮ ਹੈ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ ਸਿੱਖਿਆ ਡਾ. ਸੁਖਬੀਰ ਸਿੰਘ ਬੱਲ ਅਤੇ ਜ਼ਿਲ੍ਹਾ ਸਿੱਖਿਆ ਅਧਿਾਕਰੀ ਐਲੀਮੈਂਟਰੀ ਹਰੀ ਚੰਦ ਕੰਬੋਜ ਦਾ ਕਹਿਣਾ ਹੈ ਕਿ ਅਧਿਆਪਕ ਇਕ ਨਿਰਮਾਤਾ ਹੈ ਜਿਹੜਾ ਬੱਚਿਆਂ ਦੇ ਕੋਰੇ ਮਨਾਂ ਤੇ ਕੁਝ ਕਰਨ ਦਾ ਨਿਰਮਾਣ ਕਰਦਾ ਹੈ। ਇਸ ਲਈ ਜੇਕਰ ਮੁੱਢ ਤੋਂ ਹੀ ਬੱਚੇ ਅੰਦਰ ਇਸ ਤਰ੍ਹਾਂ ਦੇ ਮੁਕਬਾਲਿਆਂ ਲਈ ਪ੍ਰੇਰਨਾਂ ਭਰ ਦਿੱਤੀ ਜਾਵੇ ਤਾਂ ਜ਼ਿੰਦਗੀ ਦੀਆਂ ਮੰਜ਼ਿਲਾਂ ਵਿਚ ਇਸ ਤਰ੍ਹਾਂ ਦੇ ਵਿਦਿਆਰਥੀ ਕਦੇ ਘਬਰਾਉਣਗੇ ਨਹੀਂ ਬਲਕਿ ਪੂਰੀ ਲਗਨ ਅਤੇ ਮਿਹਨਤ ਨਾਲ ਜ਼ਿੰਦਗੀ ਦੀਆਂ ਮੰਜ਼ਿਲਾਂ ਨੂੰ ਪਾਰ ਕਰਨਗੇ। ਉਨ੍ਹਾਂ ਕਿਹਾ ਕਿ ਦੋਨਾ ਨਾਨਕਾ ਦਾ ਸਰਕਾਰੀ ਪ੍ਰਾਇਮਰੀ ਸਕੂਲ ਹੋਰਨਾਂ ਸਕੂਲਾਂ ਲਈ ਵੀ ਰਾਹ ਦਸੇਰਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply