ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਗੁਰਪੁਰਬ ਮੌਕੇ 21 ਅਕਤੂਬਰ ਨੂੰ ਹਜ਼ੂਰ ਸਾਹਿਬ ਤੋਂ ਮੁੰਬਈ ਤੱਕ ਸ੍ਰੀ ਦਸਮ ਪ੍ਰਕਾਸ਼ ਯਾਤਰਾ ਸਿੱਖ ਪੰਥ ਲਈ ਖਤਰਾ ਹੈ।ਕਿਉਂਕਿ ਇਹ ਸ਼ਬਦ-ਗੁਰੂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹੋਂਦ ਨੂੰ ਚੁਣੌਤੀ ਦੇਣ ਲਈ ਸੋਚੀ ਸਮਝੀ ਸਾਜਸ਼ ਦਾ ਹਿੱਸਾ ਹੈ। ਇਹ ਯਾਤਰਾ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ ਜਿਸ ਵਿਚ ਸਪੱਸ਼ਟ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਲ ਕਿਸੇ ਹੋਰ ਰਚਨਾ ਨੂੰ ਨਹੀਂ ਰੱਖਿਆ ਜਾ ਸਕਦਾ।ਪਰ ਕੁੱਝ ਲੋਕਾਂ ਵਲੋਂ ਦਸਮ ਗ੍ਰੰਥ ਦਾ ਅਖੰਡ ਪਾਠ ਵੀ ਕਰਨ ਦਾ ਪ੍ਰੋਗਰਾਮ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੇ ਤੁਲ ਸਥਾਨ ਦੇਣ ਦਾ ਵੀ ਹੀਆ ਕੀਤਾ ਜਾ ਰਿਹਾ ਹੈ।ਜਿਸ ਦੀ ਪੰਥਕ ਤਾਲਮੇਲ ਸੰਗਠਨ ਡਟ ਕੇ ਵਿਰੋਧਤਾ ਕਰਦਾ ਹੈ ਅਤੇ ਇਹਨਾਂ ਹਾਲਾਤਾਂ ‘ਤੇ ਚਿੰਤਾ ਜ਼ਾਹਰ ਕਰਦਾ ਹੈ।
ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਜਥੇਬੰਦੀਆਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਨੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸਵਾਲ ਖੜ੍ਹਾ ਕੀਤਾ ਕਿ ਜਦ ਪੰਥਕ ਤੌਰ ‘ਤੇ ਜਾਗ੍ਰਿਤੀ ਯਾਤਰਾ ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਤੋਂ ਸ਼ੁਰੂ ਹੋ ਚੁੱਕੀ ਹੈ ਤਾਂ ਇਸ ਦਸਮ ਪ੍ਰਕਾਸ਼ ਯਾਤਰਾ ਦਾ ਕੀ ਅਰਥ ਬਣਦਾ ਹੈ।ਮੁੰਬਈ ਦੇ ਇਕ ਗੁਰਦੁਆਰੇ ਵਲੋਂ ਪੰਥ ਵਿਰੋਧੀ ਸ਼ਕਤੀਆਂ ਦਾ ਹਥ ਠੋਕਾ ਬਣ ਕੇ ਸਿੱਖ ਭਾਈਚਾਰੇ ਅੰਦਰ ਖਾਨਾਜੰਗੀ ਪੈਦਾ ਕਰਨ ਦਾ ਸਪੱਸ਼ਟ ਸੰਕੇਤ ਹੈ। ਸੰਗਠਨ ਸਮੁੱਚੇ ਸਿੱਖ ਜਗਤ ਨੂੰ ਅਪੀਲ ਕਰਦਾ ਹੈ ਕਿ ਪੈਦਾ ਕੀਤੇ ਜਾ ਰਹੇ ਸੰਕਟ ਦਾ ਇਕ ਹੀ ਹੱਲ ਹੈ ਕਿ ਸਿੱਖ ਰਹਿਤ ਮਰਯਾਦਾ ਦਾ ਉਹ ਆਦੇਸ਼ ਮੰਨੀਏ ਜਿਸ ਵਿਚ ਵਿਵਾਦਤ ਕਿਸੇ ਵੀ ਮੁੱਦੇ ਨੂੰ ਛੇੜਨ ਤੋਂ ਵਰਜਿਆ ਹੋਇਆ ਹੈ।ਕੇਵਲ ਤੇ ਕੇਵਲ ਗੁਰੂ ਗਰੰਥ ਸਾਹਿਬ ਨੂੰ ਹੀ ਗੁਰੂ ਮੰਨੀਏ ਅਤੇ ਸਿੱਖੀ ਸਿਧਾਂਤਾਂ ਦੇ ਉਲਟ ਕਿਸੇ ਵੀ ਮਨਮਤਿ ਉੱਪਰ ਗੁਰਮਤਿ ਦਾ ਮਖੌਟਾ ਚੜ੍ਹਨ ਨਾ ਦੇਈਏ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media