ਬਠਿੰਡਾ, 18 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟ ਐਂਡ ਗਾਈਡ ਦੇ ਨੈਸ਼ਨਲ ਹੈੱਡ ਕੁਆਰਟਰ ਦਿੱਲੀ ਵੱਲੋਂ ਕਬਿੰਗ ਦੀ 100 ਵੀਂ ਵਰ੍ਹੇਗੰਢ ਮੌਕੇ ਨੈਸ਼ਨਲ ਲੈਵਲ ਕੱਬ ਬੁਲਬੁਲ ਉਤਸਵ ਗੋਰਖਪੁਰ (ਉਤਰ ਪ੍ਰਦੇਸ਼) ਵਿਖੇ ਮਨਾਇਆ ਜਾ ਰਿਹਾ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ: ਹਰਦੀਪ ਸਿੰਘ ਤੱਗੜ ਦੇ ਹੁਕਮਾਂ ਤਹਿਤ ਕੌਮੀ ਮੇਲੇ ਵਿੱਚ ਭਾਗ ਲੈਣ ਜਾ ਰਹੀ ਬਠਿੰਡਾ ਦੀ ਟੀਮ ਇਸ ਵਾਰ ਆਪਣੇ ਜ਼ਿਲ੍ਹੇ ਦੇ ਨਾਲ ਨਾਲ ਪੂਰੇ ਸੂਬੇ ਦੀ ਅਗਵਾਈ ਕਰੇਗੀ ਅਤੇ ਕੌਮੀ ਮੇਲੇ ਦੌਰਾਨ ਵੱਖ ਵੱਖ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਆਪਣਾ ਪੰਜਾਬੀ ਰੰਗ ਬਿਖੇਰੇਗੀ।ਇਸ ਕੌਮੀ ਜੰਬੂਰੀ ਵਿੱਚ ਭਾਗ ਲੈਣ ਲਈ ਭਾਰਤ ਦੇ ਵੱਖ ਵੱਖ ਸੂਬਿਆਂ ਨਾਲ ਸਬੰਧਿਤ ਪ੍ਰਾਇਮਰੀ ਸਕੂਲਾਂ ਦੇ ਬੱਚੇ ਅਤੇ ਅਧਿਆਪਕ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੇ। ਇਸ ਦੌਰਾਨ ਪੂਰੇ ਪੰਜਾਬ ਦੀ ਕਮਾਂਡ ਜ਼ਿਲ੍ਹਾ ਬਠਿੰਡਾ ਦੇ ਪ੍ਰਾਇਮਰੀ ਸੈਕਸ਼ਨ ਨਾਲ ਸਬੰਧਿਤ 14 ਬੱਚਿਆਂ ਅਤੇ 4 ਅਧਿਆਪਕਾਂ ਨੂੰ ਸੌਂਪੀ ਗਈ ਹੈ।ਡੀ.ਈ.ਓ. ਤੱਗੜ ਨੇ ਇਸ ਕੌਮੀ ਕੈਂਪ ਵਿੱਚ ਭਾਗ ਲੈਣ ਲਈ ਜਾ ਰਹੇ ਅਧਿਆਪਕ ਰਣਜੀਤ ਸਿੰਘ ਮਲਕਾਣਾ, ਰਾਜਿੰਦਰ ਸਿੰਘ ਕੋਠੇ ਇੰਦਰ ਸਿੰਘ, ਪਰਮਜੀਤ ਕੌਰ ਬਲਾਹੜ ਮਹਿਮਾ ਅਤੇ ਪ੍ਰਿਤਪਾਲ ਕੌਰ ਪਰਸਰਾਮ ਨਗਰ ਬਠਿੰਡਾ ਸਮੇਤ ਭਾਗੀਦਾਰ ਬੱਚਿਆਂ ਨੂੰ ਵਧਾਈ ਦਿੰਦਿਆਂ ਸ਼ਾਨਦਾਰ ਪ੍ਰਦਰਸ਼ਨ ਲਈ ਸ਼ੁੱਭ ਇੱਛਾਵਾਂ ਪ੍ਰਗਟ ਕੀਤੀਆਂ ਹਨ। ਇਸ ਮੌਕੇ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਸ: ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਕਾਊਟਿੰਗ ਦੇ ਸੌਵੇਂ ਵਰੇ ਮੌਕੇ 20 ਤੋ 24 ਅਕਤੂਬਰ ਤੱਕ ਲੱਗਣ ਵਾਲੇ ਇਸ ਕੌਮੀ ਜੰਬੂਰੀ ਦੌਰਾਨ ਵੱਖ ਵੱਖ ਸੂਬਿਆਂ ਦੇ ਵਿੱਦਿਅਕ, ਸੱਭਿਆਚਾਰਕ, ਗੀਤ , ਡਾਂਸ ਆਦਿ ਦੇ ਵੱਡੀ ਗਿਣਤੀ ਅੰਤਰ ਰਾਜ ਮੁਕਾਬਲੇ ਹੋਣਗੇ।ਜਿਸ ਦੌਰਾਨ ਜ਼ਿਲ੍ਹਾ ਬਠਿੰਡਾ ਨੂੰ ਪੂਰੇ ਪੰਜਾਬ ਵੱਲੋਂ ਅਗਵਾਈ ਕਰਨ ਦਾ ਮੌਕਾ ਮਿਲਿਆ ਹੈ।
ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਹਰਦਰਸ਼ਨ ਸਿੰਘ ਸੋਹਲ, ਜਗਸ਼ੇਰ ਸਿੰਘ, ਨੇ ਜ਼ਿਲ੍ਹੇ ਨੂੰ ਪ੍ਰਾਪਤ ਹੋਏ ਇਸ ਵੱਡੇ ਮੌਕੇ ਤੇ ਕੈਂਪ ਵਿੱਚ ਭਾਗ ਲੈਣ ਵਾਲੇ ਸਮੁੱਚੇ ਅਧਿਆਪਕਾਂ ਨੂੰ ਵਧਾਈ ਵੀ ਦਿੱਤੀ। ਅਧਿਆਪਕ ਰਣਜੀਤ ਸਿੰਘ ਬਰਾੜ ਮਲਕਾਣਾ ਅਤੇ ਰਾਜਿੰਦਰ ਸਿੰਘ ਗੋਨਿਆਣਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਾਇਮਰੀ ਸਕੂਲਾਂ ਦੇ ਪੰਜਵੀਂ ਅਤੇ ਚੌਥੀ ਜਮਾਤ ਨਾਲ ਸਬੰਧਿਤ ਬੱਚਿਆਂ ਲਈ ਇਹ ਪਹਿਲਾ ਸੁਨਹਿਰੀ ਮੌਕਾ ਹੋਵੇਗਾ ਜਦੋਂ ਉਹ 1300 ਕਿ: ਮੀ: ਦੂਰੀ ਵਾਲੇ ਕਿਸੇ ਇਤਿਹਾਸਿਕ ਸਥਾਨ ਤੇ ਜਾਣ ਦੇ ਨਾਲ ਨਾਲ ਕੌਮੀ ਪੱਧਰ ਦੀ ਜੰਬੂਰੀ ਦਾ ਹਿੱਸਾ ਬਣ ਸਕਣਗੇ। ਉਨ੍ਹਾਂ ਕਿਹਾ ਕਿ ਕੌਮੀ ਮੇਲੇ ਤੇ ਜਾਣ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਟੀਮ ਕੌਮੀ ਮੇਲੇ ਤੇ ਹਰ ਮੁਕਾਬਲੇ ਵਿੱਚ ਪੂਰੇ ਜੋਸ਼ ਤੇ ਦਮ-ਖਮ ਨਾਲ ਭਾਗ ਲਵੇਗੀ ਅਤੇ ਇਸ ਦੌਰਾਨ ਬੱਚਿਆਂ ਨੂੰ ਦਿੱਲੀ ਅਤੇ ਗੋਰਖਪੁਰ ਦੀਆਂ ਮਹੱਤਵਪੂਰਨ ਸਥਾਨ ਵੀ ਦਿਖਾਏ ਜਾਣਗੇ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media