ਚੰਡੀਗੜ, 18 ਅਕਤੂਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ. ਪੀ. ਸਿੰਘ ਬਦਨੌਰ ਨੇ ਕਿਹਾ ਹੈ ਕਿ ਮੀਡੀਆ ਨੂੰ ਆਮ ਲੋਕਾਂ ਦੇ ਮਾਮਲਿਆਂ ਦੀ ਸਹੀ ਤਸਵੀਰ ਸਰਕਾਰ ਸਾਹਮਣੇ ਰੱਖਣ ਲਈ ਇੱਕ ਸੈਲਫ-ਰੈਗੂਲੇਟਰੀ ਵਿਵਸਥਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਸਬੰਧਤ ਮੁੱਦੇ ਉਠਾਉਣ ਵਿੱਚ ਮੀਡੀਆ ਦੀ ਭੂਮਿਕਾ ਬਹੁਤ ਅਹਿਮ ਹੈ ਅਤੇ ਇਹ ਅਜਿਹੇ ਮੁੱਦਿਆਂ ਦਾ ਹੱਲ ਲੱਭਣ ਵਿੱਚ ਵੀ ਮਦਦ ਕਰ ਸਕਦਾ ਹੈ। ਰਾਜਪਾਲ ਅੱਜ ਇੱਥੇ ਖੇਤਰੀ ਸੰਪਾਦਕਾਂ ਦੀ ਕਾਨਫ਼ਰੰਸ ਨੂੰ ਸੰਬੋਧਨ ਕਰ ਰਹੇ ਸਨ। ਪੇਡ ਨਿਊਜ਼ ਦੀਆਂ ਕੁਝ ਘਟਨਾਵਾਂ ਦਾ ਜ਼ਿਕਰ ਕਰਦਿਆਂ, ਸ੍ਰੀ ਬਦਨੌਰ ਨੇ ਕਿਹਾ ਕਿ ਮੀਡੀਆ ਨੂੰ ਇਸ ਸਮੱਸਿਆ ਦੇ ਹੱਲ ਲਈ ਅੱਗੇ ਆਉਣਾ ਚਾਹੀਦਾ ਹੈ।ਉਨ੍ਹਾਂ ਚੰਡੀਗੜ੍ਹ ਵਿੱਚ ਬੁਨਿਆਦੀ ਢਾਂਚੇ ਅਤੇ ਜਨਤਕ ਸੁਵਿਧਾ ਵਿੱਚ ਸੁਧਾਰ ਲਿਆਉਣ ਲਈ ਆਮ ਲੋਕਾਂ ਨੂੰ ਸੁਝਾਅ ਭੇਜਣ ਦਾ ਸੱਦਾ ਦਿੱਤਾ ਅਤੇ ਨਾਲ ਹੀ ਕਿਹਾ ਕਿ ਮੀਡੀਆ ਨੂੰ ਅਜਿਹੇ ਸੁਝਾਅ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲਿਆਂ ਦਾ ਸੁਆਗਤ ਕਰਦਿਆਂ ਪੱਤਰ ਸੂਚਨਾ ਦਫ਼ਤਰ (ਪੀ.ਆਈ.ਬੀ) ਦੇ ਡਾਇਰੈਕਟਰ ਜਨਰਲ ਸ੍ਰੀ ਏ.ਪੀ. ਫ਼ਰੈਂਕ ਨਰੋਨਹਾ ਨੇ ਕਿਹਾ ਵਿਕਾਸ ਦੇ ਏਜੰਡੇ ਵਿੱਚ ਮੀਡੀਆ ਨੂੰ ਸਰਕਾਰ ਇੱਕ ਅਹਿਮ ਸਬੰਧਤ ਧਿਰ ਸਮਝਦੀ ਹੈ। ਉਨ੍ਹਾਂ ਕਿਹਾ, ”ਮੀਡੀਆ ਉੱਤੇ ਇੱਕ ਫ਼ੈਸਿਲੀਟੇਟਰ ਅਤੇ ਨਿਗਰਾਨ ਦੋਵੇਂ ਤਰ੍ਹਾਂ ਦੀ ਜ਼ਿੰਮੇਵਾਰੀ ਹੈ, ਤਾਂ ਜੋ ਇਹ ਯਕੀਨੀ ਹੋ ਸਕੇ ਕਿ ਵਿਕਾਸ ਦੇ ਫਲ ਯੋਗ ਲੋਕਾਂ ਤਕ ਪੰਹੁਚਾਏ ਜਾ ਸਕਣ।” ਉਨ੍ਹਾਂ ਕਿਹਾ ਕਿ ਮੀਡੀਆ, ਖ਼ਾਸ ਕਰ ਕੇ ਖੇਤਰੀ ਮੀਡੀਆ ਇਸ ਉੱਦਮ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ।ਉਦਘਾਟਨੀ ਸੈਸ਼ਨ ਦੌਰਾਨ, ਗ੍ਰਹਿ ਮੰਤਰੀ ਸ੍ਰੀ ਰਾਜਨਾਥ ਸਿੰਘ ਅਤੇ ਸੰਸਦ ਮੈਂਬਰ ਸ੍ਰੀਮਤੀ ਕਿਰਨ ਖੇਰ ਵੀ ਮੌਜੂਦ ਸਨ।
ਕਾਨਫ਼ਰੰਸ ਦੇ ਪਿਛੋਕੜ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਨਰੋਨਹਾ ਨੇ ਦੱਸਿਆ ਕਿ ਖੇਤਰੀ ਸੰਪਾਦਕ ਕਾਨਫ਼ਰੰਸ ਦਾ ਆਯੋਜਨ ਖੇਤਰੀ ਪ੍ਰੈੱਸ ਦੇ ਸੰਪਾਦਕਾਂ ਨੂੰ ਅਹਿਮ ਮੁੱਦਿਆਂ ਬਾਰੇ ਸਬੰਧਤ ਮੰਤਰਾਲਿਆਂ ਦੇ ਮੰਤਰੀਆਂ ਨਾਲ ਸਿੱਧੀ ਗੱਲਬਾਤ ਕਰਨ ਦਾ ਇੱਕ ਮੌਕਾ ਪ੍ਰਦਾਨ ਕਰਵਾਉਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਤਰ੍ਹਾਂ ਹਿੱਸਾ ਲੈਣ ਵਾਲੇ ਕਿਸੇ ਵਿਸ਼ੇਸ਼ ਪਹਿਲਕਦਮੀ, ਪ੍ਰੋਗਰਾਮਾਂ ਅਤੇ ਨੀਤੀਆਂ ਦੇ ਵਾਜਬ ਸੰਦਰਭ ਅਤੇ ਗਹਿਰੇ ਪਿਛੋਕੜ ਬਾਰੇ ਜਾਣ ਸਕਣਗੇ ਅਤੇ ਇਸ ਦੇ ਨਾਲ ਹੀ ਨੀਤੀ-ਘਾੜਿਆਂ ਨੂੰ ਵੀ ਮੀਡੀਆ ਤੋਂ ਫ਼ੀਡਬੈਕ ਲੈਣ ਵਿੱਚ ਮਦਦ ਮਿਲ ਸਕੇਗੀ; ਜੋ ਹੋਰ ਸੁਧਾਰ ਲਿਆਉਣ ਵਿੱਚ ਲਾਹੇਵੰਦ ਹੋ ਸਕਦੀ ਹੈ। ਸੂਚਨਾ ਅਤੇ ਸੰਚਾਰ ਦੇ ਪਸਾਰ ਵਿੱਚ ਪੀ.ਆਈ.ਬੀ. ਦੀ ਭੂਮਿਕਾ ਨੂੰ ਉਜਾਗਰ ਕਰਦਿਆਂ ਸ੍ਰੀ ਨਰੋਨਹਾ ਨੇ ਕਿਹਾ ਕਿ ਸੰਚਾਰ ਦੇ ਰਵਾਇਤੀ ਤਰੀਕਿਆਂ ਤੋਂ ਇਲਾਵਾ ਪੀ.ਆਈ.ਬੀ. ਵੱਲੋਂ ਖੇਤਰੀ ਪ੍ਰੈੱਸ ਅਤੇ ਆਮ ਲੋਕਾਂ ਤੱਕ ਸੋਸ਼ਲ ਮੀਡੀਆ ਰਾਹੀਂ ਵੀ ਵੱਡੇ ਪੱਧਰ ‘ਤੇ ਪਹੁੰਚ ਕੀਤੀ ਜਾ ਰਹੀ ਹੈ, ਤਾਂ ਜੋ ਉਨ੍ਹਾਂ ਨੂੰ ਸਰਕਾਰੀ ਨੀਤੀਆਂ ਅਤੇ ਪ੍ਰੋਗਰਾਮਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸ ਦੋ ਦਿਨਾ ਕਾਨਫ਼ਰੰਸ ਦੌਰਾਨ ਗ੍ਰਹਿ ਮਾਮਲੇ, ਮਹਿਲਾ ਤੇ ਬਾਲ ਵਿਕਾਸ, ਸੜਕੀ ਆਵਾਜਾਈ ਤੇ ਹਾਈਵੇਜ਼, ਖਪਤਕਾਰ ਮਾਮਲੇ ਤੇ ਜਨ ਵਿਤਰਣ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਉੱਤਰ-ਪੂਰਬ ਖੇਤਰ ਵਿਕਾਸ ਵਿਭਾਗਾਂ ਦੇ ਛੇ ਕੇਂਦਰੀ ਮੰਤਰੀ ਭਾਗ ਲੈ ਰਹੇ ਹਨ। ਸਬੰਧਤ ਮੰਤਰਾਲਿਆਂ ਦੇ ਕੇਂਦਰੀ ਮੰਤਰੀ ਸਬੰਧਤ ਸੈਸ਼ਨਾਂ ਦੀ ਪ੍ਰਧਾਨਗੀ ਕਰਨਗੇ ਅਤੇ ਨੀਤੀਗਤ ਮਾਮਲਿਆਂ ਅਤੇ ਆਪਣੇ ਮੰਤਰਾਲੇ ਨਾਲ ਸਬੰਧਤ ਪਹਿਲਕਦਮੀਆਂ ਬਾਰੇ ਸੰਪਾਦਕਾਂ ਨੂੰ ਸੰਬੋਧਨ ਕਰਨਗੇ।ਕਾਨਫ਼ਰੰਸ ਵਿੱਚ ਜੰਮੂ ਕਸ਼ਮੀਰ, ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਉੱਤਰ ਪ੍ਰਦੇਸ਼, ਅਸਾਮ, ਮੇਘਾਲਿਆ, ਤ੍ਰਿਪੁਰਾ, ਮਿਜ਼ੋਰਮ ਜਿਹੇ ਰਾਜਾਂ ਅਤੇ ਚੰਡੀਗੜ੍ਹ ਦੇ ਸੰਪਾਦਕ ਭਾਗ ਲੈ ਰਹੇ ਹਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media