Sunday, February 22, 2026

ਸ਼ੋ੍ਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਕਵੀ ਸਮਾਗਮ ਕਰਵਾਇਆ

ppn1810201631
ਅੰਮ੍ਰਿਤਸਰ, 18 ਅਕਤੂਬਰ (ਗੁਰਪ੍ਰੀਤ ਸਿੰਘ )- ਸਿ’ਖ ਧਰਮ ਦੇ ਚੌਥੇ ਗੁਰੂ, ਅੰਮ੍ਰਿਤਸਰ ਸ਼ਹਿਰ ਦੇ ਸੰਸਥਾਪਕ, ਬਾਣੀ ਦੇ ਬੋਹਿਥ, ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੀਤੀ ਰਾਤ ਇਕ ਵਿਸ਼ੇਸ਼ ਕਵੀ ਸਮਾਗਮ ਕਰਵਾਇਆ ਗਿਆ।ਜਿਸ ਵਿੱਚ ਪੰਥ ਪ੍ਰਸਿੱਧ ਨਾਮਵਰ ਕਵੀ ਬਲਬੀਰ ਸਿੰਘ ‘ਬੱਲ’, ਪੰਥਕ ਕਵੀ, ਰਛਪਾਲ ਸਿੰਘ ‘ਪਾਲ’,  ਗੁਰਦਿਆਲ ਸਿੰਘ ‘ਨਿਮਰ’, ਅਜੀਤ ਸਿੰਘ ‘ਰਤਨ’, ਤਰਲੋਕ ਸਿੰਘ ‘ਦੀਵਾਨਾ’,  ਅਵਤਾਰ ਸਿੰਘ ‘ਤਾਰੀ’,  ਹਰੀ ਸਿੰਘ ‘ਜਾਚਕ’,  ਚੈਨ ਸਿੰਘ ‘ਚੱਕਰਵਰਤੀ’, ਗੁਰਚਰਨ ਸਿੰਘ ‘ਚਰਨ’, ਰਾਜਿੰਦਰ ਸਿੰਘ ‘ਜੋਸ਼’, ਸੁਰਜੀਤ ਸਿੰਘ ਆਰਟਿਸਟ,  ਅਮਰਜੀਤ ਸਿੰਘ ‘ਅਮਰ’,  ਬਲਵਿੰਦਰ ਸਿੰਘ ਸੰਧਾ, ਕਰਮਜੀਤ ਸਿੰਘ ਨੂਰ, ਸਤਬੀਰ ਸਿੰਘ ‘ਸ਼ਾਨ’, ਗਿਆਨੀ ਪਿਆਰਾ ਸਿੰਘ ‘ਜਾਚਕ’,  ਕੁਲਵੰਤ ਸਿੰਘ ‘ਕੋਮਲ’,  ਮਲਕੀਤ ਸਿੰਘ ‘ਨਿਮਾਣਾ’,  ਜੋਗਿੰਦਰ ਸਿੰਘ ‘ਕੰਗ’, ਗੁਰਬਚਨ ਸਿੰਘ ‘ਮਾਹੀਆ’,  ਜਸਬੀਰ ਸਿੰਘ ‘ਤੇਗ’,  ਕੁਲਦੀਪ ਸਿੰਘ ‘ਨਿਸ਼ਚਲ’,  ਗੁਰਚਰਨ ਸਿੰਘ ‘ਚੀਨਾ’,  ਰਣਜੀਤ ਸਿੰਘ ‘ਰਾਣਾ’, ਸ: ਸੁਲੱਖਣ ਸਿੰਘ, ਬੀਬੀ ਮਨਜੀਤ ਕੌਰ, ਬੀਬੀ ਸਤਪਾਲ ਕੌਰ, ਬੀਬੀ ਗੁਰਮਤਿ ਕੌਰ ਆਦਿ ਸ਼ਾਮਿਲ ਹੋਏ। ਸਮਾਗਮ ਦੌਰਾਨ ਪੰਥ ਪ੍ਰਸਿੱਧ ਕਵੀਆਂ ਨੇ ਆਪਣੀਆਂ ਬਹੁਮੁੱਲੀਆਂ ਰਚਨਾਵਾਂ ਰਾਹੀਂ ਸ੍ਰੀ ਗੁਰੂ ਰਾਮਦਾਸ ਜੀ ਨੂੰ ਅਕੀਦਤ ਭੇਟ ਕੀਤੀ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹੱਤਤਾ, ਇਤਿਹਾਸ ਨੂੰ ਦੁਹਰਾਇਆ।ਇਨ੍ਹਾਂ ਨਾਮਵਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਤੇ ਸੁਰੀਲੀ ਆਵਾਜ ਨਾਲ ਸੰਗਤਾਂ ਦੀ ਵਾਹੁਵਾਹ ਖੱਟੀ।ਕਵੀ  ਰਛਪਾਲ ਸਿੰਘ ‘ਪਾਲ’ ਨੇ ਆਪਣੀ ਕਵਿਤਾ ਰਾਹੀਂ ਕਿਹਾ :
ਗੁਰੂ ਰਾਮਦਾਸ ਤੇਰੇ ਦਰ ਉੱਤੇ ਸ਼ਰਧਾ ਨਾਲ ਜੋ ਸੰਗਤਾਂ ਆਈਆਂ ਨੇ।
ਜੋ ਖਾਲੀ ਆਉਂਦੇ ਭਰ ਜਾਂਦੇ ਤੇਰੇ ਦਰ ਦੀਆਂ ਇਹ ਵਡਿਆਈਆਂ ਨੇ।

ਸੁਰਜੀਤ ਸਿੰਘ ‘ਆਰਟਿਸਟ’ ਨੇ ਸੋਢੀ ਸੁਲਤਾਨ ਪਾਤਸ਼ਾਹ ਦੀਆਂ ਰਹਿਮਤਾਂ ਬਖਸ਼ਿਸ਼ਾਂ ਅਤੇ ਭਰੋਸੇ ਨੂੰ ਉਜਾਗਰ ਕਰਦਿਆਂ ਕੁਝ ਇਸ ਤਰ੍ਹਾਂ ਬਿਆਨ ਕੀਤਾ:

ਗੁਰੂ ਰਾਮਦਾਸ ਦੇ ਪ੍ਰਕਾਸ਼ ਉਤਸਵ ਉੱਤੇ,
ਕਤਾਰ ਲੱਗੀ ਹੋਈ ਏ ਗੁਰੂ ਪਿਆਰਿਆਂ ਦੀ।
ਗੁਰੂ ਰਾਮਦਾਸ ਤੇ ਜਿਨ੍ਹਾਂ ਨੂੰ ਹੋਏ ਭਰੋਸਾ,
ਉਨ੍ਹਾਂ ਨੂੰ ਲੋੜ ਨਾ ਹੋਰ ਸਹਾਰਿਆਂ ਦੀ।

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਮਹਿਮਾ ਗਾਉਂਦਿਆਂ ਪ੍ਰਸਿੱਧ ਕਵੀ  ਕਰਮਜੀਤ ਸਿੰਘ ‘ਨੂਰ’ ਨੇ ਆਪਣੀ ਰਚਨਾ ਕੁਝ ਇਸ ਤਰ੍ਹਾਂ ਪੇਸ਼ ਕੀਤੀ :

ਧਰਤੀ ਉੱਤੇ ਸਵਰਗ ਹੈ ਹਰਿਮੰਦਰ
ਜੋੋ ਹੈ ਲੱਖਾਂ ਸਵਰਗਾਂ ਦੀ ਸ਼ਾਨ ਵਰਗਾ
ਡਿੱਠੇ ਸੁੰਦਰ ਅਸਥਾਨ ਸੰਸਾਰ ਭਰ ਦੇ
ਨਹੀਂ ਅਸਥਾਨ ਕੋਈ ਏਸ ਅਸਥਾਨ ਵਰਗਾ
ਹੋਏ ਲੱਖਾਂ ਸੁਲਤਾਨ ਜਹਾਨ ਅੰਦਰ
ਨਹੀਂ ਸੁਲਤਾਨ ਕੋਈ ਸੋਢੀ ਸੁਲਤਾਨ ਵਰਗਾ
ਸੁਧਾਸਰ ਦਾ ਨੂਰ ਇਸ਼ਨਾਨ ਇਕੋ
ਅੱਠਸੱਠ ਤੀਰਥਾਂ ਦਾ ਨੂਰ ਇਸ਼ਨਾਨ ਵਰਗਾ

ਇਸੇ ਤਰ੍ਹਾਂ  ਗੁਰਦਿਆਲ ਸਿੰਘ ‘ਨਿਮਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਅਪਰਮ ਅਪਾਰ ਮਹਿਮਾ ਦੱਸਦੇ ਹੋਏ ਕਿਹਾ :

ਚਮਕਾਂ ਮਾਰਦਾ ਤਖ਼ਤ ਅਕਾਲ ਸੋਹਣਾ, ਇਸਦੀ ਸ਼ਾਨ ਵਰਗੀ ਹੋਰ ਸ਼ਾਨ ਕੋਈ ਨਾ
ਹਰਿਮੰਦਰ ਸਾਹਿਬ ਦੀ ਕਰੇ ਬਰਾਬਰੀ ਜੋ ਐਸਾ ਜੱਗ ਤੇ ਹੋਰ ਅਸਥਾਨ ਕੋਈ ਨਾ
ਹਿਰਦਾ ਵਾਂਗ ਗੁਲਾਬ ਦੇ ਖਿੜ੍ਹੇ ਸਭਦਾ ਤੇ ਸੀਸ ਝੁਕਦੇ ਨਾਲ ਸਤਿਕਾਰ ਏਥੇ
ਸ਼ਰਧਾ ਨਾਲ ਫਿਰ ਅੱਖੀਆਂ ਬੰਦ ਕਰਕੇ ਸੁੱਖਾਂ ਮੰਗਦਾ ਕੁੱਲ ਸੰਸਾਰ ਏਥੇ

ਅਵਤਾਰ ਸਿੰਘ ਤਾਰੀ ਨੇ ਅੰਮ੍ਰਿਤ ਸਰੋਵਰ ਬਾਰੇ ਸੁੰਦਰ ਅਲਫ਼ਾਜ਼ਾਂ ਵਿੱਚ ਬਿਆਨ ਕਰਦਿਆਂ ਕਿਹਾ :

ਇਸ ਰਹਿਮਤ ਭਰੇ ਸਰੋਵਰ ‘ਚੋਂ ਕੋਈ ਘੁੱਟ ਪੀਏ ਕੋਈ ਜਾਮ ਪੀਏ
ਪੀਵਣ ਤੇ ਬਿਲਕੁਲ ਬੰਦਿਸ਼ ਨਹੀਂ ਕੋਈ ਸੁਭਾ ਪੀ ਏ ਕੋਈ ਸ਼ਾਮ ਪੀਏ
ਕੋਈ ਰਾਮ ਪੀਏ ਕੋਈ ਰਹੀਮ ਪੀਏ ਕੋਈ ਏਕੰਕਾਰ ਦਾ ਨਾਮ ਪੀਏ
ਏਥੇ ਕੋਈ ਮੋਮਨ ਕਾਫਰ ਨਹੀਂ ਕੋਈ ਖਾਸ ਪੀਏ ਕੋਈ ਆਮ ਪੀਏ

ਇਸੇ ਤਰ੍ਹਾਂ ਬਾਕੀ ਸਭ ਨਾਮਵਰ ਕਵੀਆਂ ਨੇ ਵੀ ਆਪਣੀਆਂ ਰਚਨਾਵਾਂ ਰਾਹੀਂ  ਕੈਨਵਸ’ ਉੱਤੇ ਸਤਿਗੁਰਾਂ ਦੇ ਇਤਿਹਾਸ ਨੂੰ ਬਾਖੂਬੀ ਉੱਕਰਿਆ।

ਇਸ ਮੌਕੇ  ਸੁਲੱਖਣ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਇੰਦਰ ਮੋਹਣ ਸਿੰਘ ‘ਅਨਜਾਣ’ ਇੰਚਾਰਜ ਪਬਲੀਸਿਟੀ ਤੇ ਗੁਰਦੁਆਰਾ ਗਜ਼ਟ, ਅਰਵਿੰਦਰ ਸਿੰਘ ‘ਸਾਸਨ’ ਏ ਪੀ ਆਰ ਓ, ਪ੍ਰਗਟ ਸਿੰਘ ਕੈਸ਼ੀਅਰ, ਰਣਜੋਧ ਸਿੰਘ ਇੰਚਾਰਜ, ਜਗਰੂਪ ਸਿੰਘ ਗੁਰਦੁਆਰਾ ਇੰਸਪੈਕਟਰ, ਭਾਈ ਸਤਨਾਮ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਟਾਫ਼ ਦੇ ਇਲਾਵਾ ਭਾਰੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply