Sunday, March 15, 2026

ਨੀਲੀ ਬੱਤੀ ਤੇ ਸ਼ਰਾਬ ਮਾਫੀਆ ਦੀ ਸ਼ਰੇਆਮ ਗੁੰਡਾਗਰਦੀ, ਬੱਸ ਡਰਾਈਵਰ ਤੇ ਕਡੰਕਟਰ ਦੀ ਕੀਤੀ ਕੁੱਟਮਾਰ

ppn2010201606ਬਠਿੰਡਾ, 20 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪਿਛਲੇ ਦਿਨੀਂ 18 ਅਕਤੂਬਰ ਨੂੰ ਤਕਰੀਬਨ ਸਾਢੇ ਚਾਰ ਵਜੇ ਮੋਗਾ ਵਿਖੇ ਮੇਨ ਚੌਂਕ ਵਿੱਚ ਇੱਕ ਨੀਤੀ ਬੱਤੀ ਲੱਗੀ ਅਲਟੋ ਕਾਰ ਜਿਸ ਤੇ ਪੀ.ਬੀ 30 ਜੀ-4243 ਨੰਬਰ ਲੱਗਿਆ ਹੋਇਆ ਸੀ ਉਸ ਵਿੱਚ ਬੈਠਾ ਵਿਅਕਤੀ ਆਪਣੇ ਆਪ ਨੂੰ ਈ.ਟੀ.ਓ ਐਕਸਾਈਜ਼ ਲੁਧਿਆਣਾ ਦੱਸ ਰਿਹਾ ਸੀ ਬਾਅਦ ਵਿੱਚ ਪਤਾ ਕਰਨ ਤੇ ਉਸ ਦਾ ਨਾਮ ਨਵਜੀਤ ਸਿੰਘ ਸਾਹਮਣੇ ਆਇਆ। ਪ੍ਰੈਸ ਨੋਟ ਜਾਰੀ ਕਰਕੇ ਬਠਿੰਡਾ ਵੈਲਫੇਅਰ ਅਤੇ ਵਿਕਾਸ ਮੰਚ ਦੇ ਮੁੱਖ ਸਰਪ੍ਰਸਤ ਪ੍ਰਿਥੀਪਾਲ ਸਿੰਘ ਜਲਾਲ ਮਾਲਕ ਜਲਾਲ ਬੱਸ ਸਰਵਿਸ ਬਠਿੰਡਾ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਬੱਸ ਮੋਗਾ ਵਿਖੇ ਜਾ ਰਹੀ ਸੀ, ਜਿਸ ਦੇ ਪਿੱਛੇ ਉਕਤ ਵਿਅਕਤੀ ਅਲਟੋ ਕਾਰ ਲੈ ਕੇ ਆ ਰਿਹਾ ਸੀ, ਆਈ.ਟੀ.ਆਈ ਮੋਗਾ ਤੋਂ ਅੱਗੇ ਸ਼ਹਿਰ ਵੱਲ ਸੜਕ ਤੇ ਪ੍ਰੀਮਿਕਸ ਪਾਉਂਦੇ ਹੋਣ ਕਾਰਨ ਸੜਕ ਦਾ ਇੱਕ ਪਾਸਾ ਹੀ ਚੱਲ ਰਿਹਾ ਸੀ ਜਿਸ ਕਾਰਨ ਕਾਫੀ ਜਾਮ ਲੱਗਿਆ ਹੋਇਆ ਸੀ। ਡਰਾਈਵਰ ਵੱਲੋਂ ਜਗ੍ਹਾ ਖਾਲੀ ਨਾ ਹੋਣ ਕਾਰਨ ਅਤੇ ਤਿਉਹਾਰ ਕਰਕੇ ਸ਼ਹਿਰ ਵਿੱਚ ਕਾਫੀ ਭੀੜ ਕਾਰਨ ਲਗਭਗ 100 ਮੀਟਰ ਤੱਕ ਸਾਈਡ ਨਹੀਂ ਦਿੱਤੀ ਜਾ ਸਕੀ, ਸੜਕ ਖਾਲੀ ਹੋਣ ‘ਤੇ ਡਰਾਈਵਰ ਨੇ ਉਕਤ ਕਾਰ ਨੂੰ ਅੱਗੇ ਲੰਘਾ ਦਿੱਤਾ ਤਾਂ ਉਕਤ ਕਾਰ ਵਾਲੇ ਈ.ਟੀ.ਓ ਸਾਹਿਬ ਜੋ ਕਿ ਕਾਰ ਨੂੰ ਖੁਦ ਹੀ ਚਲਾ ਰਿਹਾ ਸੀ ਅਤੇ ਇੱਕਲਾ ਹੀ ਸੀ ਨੇ ਅੱਗੇ ਮੇਨ ਚੌਂਕ ਕੋਲ ਜਾ ਕੇ ਕਾਰ ਨੂੰ ਬੱਸ ਅੱਗੇ ਖੜ੍ਹੀ ਕਰਕੇ ਬੱਸ ਰੋਕ ਲਈ ਅਤੇ ਈ.ਟੀ.ਓ ਸਾਹਿਬ ਵੱਲੋਂ ਆਪਣੇ ਮੋਬਾਇਲ ਤੋਂ ਟੈਲੀਫੋਨ ਕਰਨ ਤੇ ਤਿੰਨ ਮੋਟਰਸਾਈਕਲਾਂ ਉਪਰ 6 ਅਣਪਛਾਤੇ ਵਿਅਕਤੀ ਆ ਗਏ, ਜਿਹਨਾਂ ਕੋਲ ਮਾਰੂ ਹਥਿਆਰ ਸਨ।ਬੱਸ ਵਿੱਚ ਸਵਾਰ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਕਾਫੀ ਗੁੰਡਾਗਰਦੀ ਅਤੇ ਕੁੱਟਮਾਰ ਕੀਤੀ।ਬਾਅਦ ਵਿੱਚ ਪਤਾ ਲੱਗਿਆ ਕਿ ਉਕਤ ਵਿਅਕਤੀ ਸ਼ਰਾਬ ਮਾਫੀਆ ਦੀ ਗੁੰਡਾ ਬ੍ਰਿਗੇਡ ਦੇ ਮੈਂਬਰ ਸਨ ਨੇ ਸਾਡੇ ਡਰਾਈਵਰ ਰਵੇਲ ਸਿੰਘ ਅਤੇ ਕੰਡਕਟਰ ਲਵਪ੍ਰੀਤ ਨੂੰ ਬੱਸ ਵਿੱਚ ਚੜ੍ਹ ਕੇ ਖਿੱਚ ਕੇ ਥੱਲੇ ਲਾਹ ਲਿਆ ਅਤੇ ਕਾਫੀ ਕੁੱਟਮਾਰ ਕੀਤੀ। ਈ.ਟੀ.ਓ ਸਾਹਿਬ ਨੇ ਡਿੱਗੇ ਪਏ ਡਰਾਈਵਰ ਕੰਡਕਟਰ ਦੇ ਠੁੱਡੇ ਮਾਰੇ ਜਿਸ ਕਾਰਨ ਕੰਡਕਟਰ ਦੀ ਅੱਖ ਤੇ ਸੱਟ ਲੱਗੀ। ਕੁੱਟਮਾਰ ਕਰਨ ਅਤੇ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਤੋਂ ਬਾਅਦ ਇਹ ਸਾਰੇ ਗੁੰਡਾ ਬ੍ਰਿਗੇਡ ਅਤੇ ਈ.ਟੀ.ਓ ਸਾਹਿਬ ਬੱਸ ਨੂੰ ਘੇਰ ਕੇ ਥਾਣੇ ਲੈ ਗਏ।ਥਾਣੇ ਜਾ ਕੇ ਈ.ਟੀ.ਓ ਸਾਹਿਬ ਨੇ ਆਪਣੀ ਅਫਸਰਸ਼ਾਹੀ ਦਾ ਰੋਹਬ ਪਾਉਂਦਿਆਂ ਪੁਲਿਸ ‘ਤੇ ਦਬਾਅ ਪਾ ਕੇ ਡਰਾਈਵਰ ਕੰਡਕਟਰ ਤੋਂ ਕੋਰੇ ਕਾਗਜ਼ਾਂ ਤੇ ਸਾਈਨ ਕਰਵਾ ਲਏ।ਬੱਸ ਦੇ ਮਾਲਕ ਜਲਾਲ ਨੇ ਦੱਸਿਆ ਕਿ ਜਦੋਂ ਉਹਨਾਂ ਸਿਟੀ-1 ਥਾਣਾ ਮੋਗਾ ਵਿਖੇ ਥਾਣੇਦਾਰ ਬਲਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾ ਕਿਹਾ ਕਿ ਰਾਜ਼ੀਨਾਮਾ ਹੋ ਗਿਆ ਹੈ। ਜਦੋਂ ਮੈਂ ਕਿਹਾ ਕਿ ਮੇਰੀ ਈ.ਟੀ.ਓ ਸਾਹਿਬ ਨਾਲ ਗੱਲ ਕਰਾਓ ਕਿ ਉਹਨਾਂ ਝਗੜਾ ਕਿਉਂ ਕੀਤਾ ਤਾਂ ਉਹਨਾਂ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।ਡਰਾਈਵਰ ਤੇ ਕੰਡਕਟਰ ਇਨਸਾਫ ਲੈਣ ਲਈ ਅਤੇ ਕਾਨੂੰਨ ਕਾਰਵਾਈ ਕਰਾਉਣ ਲਈ ਤਰਲੇ ਮਿੰਨਤਾਂ ਕਰਦੇ ਰਹੇ।ਉਹਨਾਂ ਕਿਹਾ ਕਿ ਈ.ਟੀ.ਓ ਅਤੇ ਸ਼ਰਾਬ ਮਾਫੀਆ ਵੱਲੋਂ ਕੀਤੀ ਸ਼ਰੇਆਮ ਗੁੰਡਾਗਰਦੀ ਵਿਰੁੱਧ ਕਾਰਵਾਈ ਕਰਵਾਉਣ ਲਈ ਸਾਰਾ ਮਾਮਲਾ ਮੁੱਖ ਮੰਤਰੀ ਪੰਜਾਬ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਹੋਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਦਿੱਤਾ ਗਿਆ ਹੈ ਤਾਂ ਕਿ ਦੋਨਾਂ ਪੀੜ੍ਹਤਾਂ ਨੂੰ ਇਨਸਾਫ ਮਿਲ ਸਕੇ।ਉਧਰ ਈ.ਟੀ.ਓ ਦਾ ਕਹਿਣਾ ਹੈ ਕਿ ਉਨਾਂ ਨੇ ਕਿਸੇ ਨਾਲ ਕੋਈ ਜਿਆਦਤੀ ਨਹੀਂ ਕੀਤੀ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply