
ਅੰਮ੍ਰਿਤਸਰ, 20 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਸਮਾਗਮਾਂ ਨੂੰ ਸਮਰਪਿੱਤ ਸਵਾਮੀ ਰਾਮਾਨੰਦ ਤੀਰਥ ਮਰਾਠਾਵਾੜਾ ਯੂਨੀਵਰਸਿਟੀ ਵੱਲੋ ਇੱਕ ਚੇਅਰ ਸਥਾਪਤ ਕਰਕੇ ਧਰਮ ਆਧਾਰਿਤ ਖੋਜ ਕੇਂਦਰ ਖੋਹਲਣ ਦੀ ਸੱਦਾ ਪੱਤਰ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੁਆਰਾ ਦਿੱਤਾ ਗਿਆ ਤੇ ਬਾਦਲ ਨੇ ਸੱਦਾ ਪੱਤਰ ਲੈ ਕੇ ਪੁੱਜੇ ਡਾ. ਦੀਪਕ ਸ਼ਿੰਦੇ ਤੇ ਡਾਕਟਰ ਗੋਵਿੰਦ ਕਤਲਾਕੁਤੇ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਖੁਦ ਜਾਂ ਆਪਣੇ ਸਿੱਖਿਆ ਮੰਤਰੀ ਨੂੰ ਭੇਜਣਗੇ।
ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪੰਡਤ ਵਿਦਿਆ ਸਾਗਰ ਨੇ ਪੱਤਰ ਰਾਹੀ ਦੱਸਿਆ ਕਿ ਦੇਸ਼ ਭਰ ਵਿੱਚ ਇਹ ਪਹਿਲੀ ਸੰਸਥਾ ਹੋਵੇਗੀ ਜਿਥੇ ਧਰਮਾਂ ਤੇ ਖੋਜ ਦਾ ਕੰਮ ਕੀਤਾ ਜਾਵੇਗਾ ਤੇ ਨਾਦੇੜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਚਰਨ ਛੋਹ ਪ੍ਰਾਪਤ ਪਵਿੱਤਰ ਅਸਥਾਨ ਤੋ ਹੀ ਇਹ ਕਾਰਜ ਆਰੰਭ ਕੀਤਾ ਜਾ ਰਿਹਾ ਹੈ।ਉਹਨਾਂ ਲਿਖਿਆ ਹੈ ਕਿ ਜਿਲ੍ਹਾ ਗੁਰਦਾਸਪੁਰ ਦੇ ਕਸਬਾ ਘੁੰਮਾਣ ਵਿਖੇ ਬਾਬਾ ਨਾਮਦੇਵ ਜੀ ਦੇ ਸਮਾਗਮ ਸਮੇ ਮਹਾਂਰਾਸ਼ਟਰ ਦੇ ਮੁੱਖ ਮੰਤਰੀ ਸ੍ਰੀ ਫੜਨਵੀਸ ਨੇ ਐਲਾਨ ਕੀਤਾ ਸੀ, ਜਿਸ ਨੂੰ ਬੂਰ ਪੈਣਾ ਸ਼ੁਰੂ ਹੋ ਗਿਆ ਹੈ।
ਪੱਤਰ ਲੈ ਕੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਵਾਲੇ ਡਾ. ਦੀਪਕ ਸ਼ਿੰਦੇ ਕੋਆਰਡੀਨੇਟਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਟੱਡੀ ਚੇਅਰ ਨਾਦੇੜ ਅਤੇ ਮੁੱਖੀ ਮੀਡੀਆ ਸਟੱਡੀ ਤੇ ਜਰਨਲਿਜ਼ਮ ਅਤੇ ਡਾ. ਗੋਵਿੰਦ ਕਾਤਲਾਕੁਤੇ ਵਿੱਤ ਤੇ ਲੇਖਾ ਅਫਸਰ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਸੂਚਨਾ ਕੇਂਦਰ ਵਿਖੇ ਗੱਲਬਾਤ ਕਰਦਿਆ ਦੱਸਿਆ ਕਿ ਇਹ ਸਿਰਫ ਚੇਅਰ ਹੀ ਨਹੀ ਸਗੋ ਖੋਜ ਸੰਸਥਾ ਹੋਵੇਗੀ ਤੇ ਦੇਸ਼ ਵਿੱਚ ਪਹਿਲੀ ਸੰਸਥਾ ਹੋਵੇਗੀ ਜਿਹੜੀ ਧਰਮਾਂ ਤੇ ਵਿਸ਼ੇਸ਼ ਕਰਕੇ ਸਿੱਖ ਧਰਮ ‘ਤੇ ਖੋਜ ਕਰੋਗੀ।ਉਹਨਾਂ ਕਿਹਾ ਕਿ ਮੁੱਖ ਮੰਤਰੀ ਨਾਲ ਉਹਨਾਂ ਦੀ ਮੁਲਾਕਾਤ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਹੈ ਅਤੇ ਉਹਨਾਂ ਨੇ ਭਰੋਸਾ ਦਿਵਾਇਆ ਹੈ ਕਿ ਉਹ ਜਲਦੀ ਹੀ ਇਸ ਸਬੰਧੀ ਤਰੀਕ ਦੱਸ ਦੇਣਗੇ ਤੇ ਉਸ ਸਮੇਂ ਉਹ ਖੁਦ ਜਾਂ ਵਿਦਿਆ ਮੰਤਰੀ ਪੁੱਜੇਗਾ।ਉਹਨਾਂ ਕਿਹਾ ਕਿ ਉਹਨਾਂ ਦੀ ਇੱਛਾ ਸੀ ਕਿ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੇ ਇਹ ਇੱਛਾ ਵੀ ਉਹਨਾਂ ਦੀ ਪੂਰੀ ਹੋ ਗਈ ਹੈ।ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਪਰਕਾਸ਼ ਸਿੰਘ ਬਾਦਲ ਵੱਲੋ ਤਰੀਕ ਨਿਰਧਾਰਤ ਉਪਰ ਚੇਅਰ ਦੀ ਸਥਾਪਤੀ ਸਮੇਂ ਸਿੱਖ ਸੰਸਥਾਵਾਂ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਸੱਦਾ ਪੱਤਰ ਭੇਜਿਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਹਰਚਰਨ ਸਿੰਘ ਨਾਲ ਜਦੋ ਗੱਲ ਕੀਤੀ ਤਾਂ ਉਹਨਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸੱਦਾ ਪੱਤਰ ਮਿਲਣ ‘ਤੇ ਉਹ ਇਸ ਸਮਾਗਮ ਵਿੱਚ ਜਰੂਰ ਭਾਗ ਲੈਣਗੇ। ਉਹਨਾਂ ਦੱਸਿਆ ਕਿ ਉਹ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਵੀ ਮਿਲ ਚੁੱਕੇ ਹਨ ਤੇ ਉਹਨਾਂ ਵੱਲੋ ਵੀ ਭਰਵਾਂ ਸਹਿਯੋਗ ਮਿਲਿਆ ਹੈ।ਸ੍ਰੀ ਦਰਬਾਰ ਸਹਿਬ ਵਿਖੇ ਮੱਥਾ ਟੇਕਣ ਉਪਰੰਤ ਉਹਨਾਂ ਨੂੰ ਮੁੱਖ ਸੂਚਨਾ ਅਧਿਕਾਰੀ ਗੁਰਬਚਨ ਸਿੰਘ ਤੇ ਐਸਿਸਟੈਂਟ ਸੂਚਨਾ ਅਧਿਕਾਰੀ ਸਰਬਜੀਤ ਸਿੰਘ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ।
Punjab Post Daily Online Newspaper & Print Media