Sunday, February 22, 2026

ਕਾਤਿਲਾਂ ਦਾ ਪਨਾਹਗਾਰ ਸਿੱਖਾਂ ਨੂੰ ਪੰਥਕ ਮਸਲਿਆਂ ਤੇ ਨਸੀਹਤ ਨਾ ਦੇਵੇ – ਜੀ.ਕੇ

manjit singh g.k, ..ਨਵੀਂ ਦਿੱਲੀ, 21 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਗਾਤਾਰ ਪੰਥਕ ਮਸਲਿਆਂ ‘ਤੇ ਕੀਤੀ ਜਾ ਰਹੀ ਬਿਆਨਬਾਜ਼ੀ ਸਿੱਖਾਂ ਨੂੰ ਗੁਮਰਾਹ ਕਰਨ ਦੀ ਕੋਝੀ ਕੋਸ਼ਿਸ਼ ਹੈ। ਉਕਤ ਦਾਅਵਾ ਦਿੱੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ 1984 ਸਿੱਖ ਕਤਲੇਆਮ ਦੇ ਕਾਤਲਾਂ ਨੂੰ ਬਚਾਉਣ ਵਾਸਤੇ ਦੇਸ਼ ਦੇ ਸਭਤੋਂ ਵੱਡੇ ਸਿਆਸੀ ਪਰਿਵਾਰ (ਨਹਿਰੂ-ਗਾਂਧੀ) ਦੀ ਸ਼ਹਿ ‘ਤੇ ਅਦਾਲਤਾਂ ਵਿਚ ਖੇਡੀ ਜਾ ਰਹੀ ਪੈਂਤੜੇਬਾਜ਼ੀ ਤੇ ਕੈਪਟਨ ਨੂੰ ਮੂੰਹ ਖੋਲਣ ਦੀ ਨਸੀਹਤ ਦੇਣ ਦੌਰਾਨ ਕੀਤਾ।
ਜੀ.ਕੇ. ਨੇ ਕਿਹਾ ਕਿ ਇੱਕ ਪਾਸੇ ਕੈਪਟਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਬਹਿਬਲ ਕਲਾ ਗੋਲੀਕਾਂਡ ਅਤੇ ਹੋਰ ਪੰਥਕ ਮਸਲਿਆਂ ‘ਤੇ ਘੜਿਆਲੀ ਹੰਝੂ ਵਹਾਉਂਦੇ ਹਨ ਪਰ ਦੂਜੇ ਪਾਸੇ 1984 ਵਿਚ ਹੋਏ ਸਿੱਖ ਕਤਲੇਆਮ ਤੇ ਸਾਕਾ ਨੀਲਾ ਤਾਰਾ ਵਿਚ ਸ਼ਾਮਿਲ ਕਾਂਗਰਸੀ ਆਗੂਆਂ ਦੇ ਖਿਲਾਫ਼ ਇੱਕ ਸ਼ਬਦ ਵੀ ਬੋਲਣ ਤੋਂ ਪਾਸਾ ਵੱਟ ਜਾਂਦੇ ਹਨ। ਕੈਪਟਨ ‘ਤੇ ਸਹੂਲੀਅਤ ਦੀ ਸਿਆਸਤ ਕਰਨ ਦਾ ਆਰੋਪ ਲਗਾਉਂਦੇ ਹੋਏ ਜੀ.ਕੇ ਨੇ ਸਿੱਖ ਕਤਲੇਆਮ ਦੇ ਪੀੜਿਤਾਂ ਨੂੰ ਇਨਸਾਫ਼ ਮਿਲਣ ਵਿਚ ਹੋ ਰਹੀ ਦੇਰੀ ਨੂੰ ਕਾਂਗਰਸ ਦੀ ਗਿਣੀ-ਮਿਥੀ ਸਾਜਿਸ਼ ਕਰਾਰ ਦਿੱਤਾ।
ਜੀ.ਕੇ. ਨੇ ਸਵਾਲ ਕੀਤਾ ਕਿ ਮੌਜੂਦਾ ਸਮੇਂ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਖ-ਵੱਖ ਥਾਂਵਾ ਤੇ ਹੋਈ ਬੇਅਦਬੀ ਲਈ ਕੈਪਟਨ ਦੀ ਨਜ਼ਰ ਵਿਚ ਜੇਕਰ ਸੂਬਾ ਸਰਕਾਰ ਦੋਸ਼ੀ ਹੈ ਤਾਂ ਸਾਕਾ ਨੀਲਾ ਤਾਰਾ ਦੌਰਾਨ ਸਰਕਾਰੀ ਹਮਲੇ ਵੇਲੇ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਅਤੇ ਹੋਰ ਗੁਰਦੁਆਰਿਆ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਕੌਣ ਕਸੂਰਵਾਰ ਸੀ? ਜੀ.ਕੇ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲੀਆਂ ਨਾਲ ਛਲਣੀ ਕਰਨ ਵਾਲੀ ਸਿੱਖਾਂ ਦੀ ਕਾਤਿਲ ਕਾਂਗਰਸ ਪਾਰਟੀ ਦੇ ਕੈਪਟਨ ਪ੍ਰਧਾਨ ਹੁੰਦੇ ਹੋਏ ਪੰਥਕ ਹਿੱਤਾਂ ਦੀ ਦੁਹਾਈ ਕਿਵੇਂ ਦੇ ਸਕਦੇ ਹਨ ?
ਕਾਂਗਰਸੀ ਆਗੂ ਸਜੱਣ ਕੁਮਾਰ ਨੂੰ ਕਾਨੂੰਨੀ ਘੇਰੇ ਵਿੱਚੋ ਕੱਢਣ ਲਈ ਕਾਗਰਸ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਭਾਰਤੀ ਨਿਆਪਾਲਿਕਾ ਦਾ ਅਪਮਾਨ ਦੱਸਦੇ ਹੋਏ ਜੀ.ਕੇ. ਨੇ ਦਿੱਲੀ ਹਾਈ ਕੋਰਟ ਦੇ ਜੱਜ ਪ੍ਰਕਾਸ਼ ਸਿੰਘ ਤੇਜ਼ੀ ਦੀ ਲਿਆਕਤ ਅਤੇ ਵਫ਼ਾਦਾਰੀ ‘ਤੇ ਸੱਜਣ ਕੁਮਾਰ ਵੱਲੋਂ ਚੁੱਕੇ ਗਏ ਸਵਾਲਾਂ ਨੂੰ ਮਾੜੇ ਰੁਝਾਨ ਦੀ ਸ਼ੁਰੂਆਤ ਦੱਸਿਆ। ਜੀ.ਕੇ. ਨੇ ਕਿਹਾ ਕਿ ਸੱਜਣ ਕੁਮਾਰ ਨੂੰ ਬਚਾਉਣ ਲਈ ਕਾਂਗਰਸ ਪਾਰਟੀ ਨੇ ਸਾਬਕਾ ਕੇਂਦਰੀ ਮੰਤਰੀ ਅਤੇ ਸੀਨੀਅਰ ਵਕੀਲ ਸਲਮਾਨ ਖੁਰਸ਼ੀਦ ਨੂੰ ਜਿਸ ਪ੍ਰਕਾਰ ਮੈਦਾਨ ਵਿੱਚ ਸਿੱਖ ਜੱਜ ਦੀ ਭਰੋਸਗੀ ‘ਤੇ ਸਵਾਲ ਚੁੱਕਣ ਲਈ ਅੱਗੇ ਕੀਤਾ ਹੈ ਉਸਤੋਂ ਸਾਫ਼ ਜਾਹਿਰ ਹੁੰਦਾ ਹੈ ਕਿ ਗਾਂਧੀ ਪਰਿਵਾਰ ਸਿੱਖ ਕਤਲੇਆਮ ਵਿਚ ਆਪਣੀ ਸਮੂਲੀਅਤ ‘ਤੇ ਪੜਦਾ ਪਾਉਣ ਲਈ ਸਿੱਖਾਂ ਦੇ ਕਾਤਿਲ ਦੇ ਪਿੱਛੇ ਦੀਵਾਰ ਬਣ ਕੇ ਖੜਾ ਹੋ ਗਿਆ ਹੈ।
ਜੀ.ਕੇ ਨੇ ਹੈਰਾਨੀ ਜਤਾਈ ਕਿ ਹੁਣ ਇੱਕ ਧਰਮ ਨਿਰਪੱਖ ਦੇਸ਼ ਵਿਚ ਜੱਜ ਦੀ ਯੋਗਤਾ ਤੇ ਭਰੋਸਗੀ ਧਰਮ ‘ਤੇ ਨਿਰਧਾਰਿਤ ਹੋਵੇਗੀ। ਜੀ.ਕੇ ਨੇ ਲਗਾਤਾਰ 3 ਦਿਨ ਸਲਮਾਨ ਖੁਰਸ਼ੀਦ ਵੱਲੋਂ ਸਿੱਖ ਜੱਜ ਨੂੰ ਕੇਸ਼ ਤੌਂ ਹਟਾਉਣ ਵਾਸਤੇ ਮੈਰਾਥਨ ਬਹਿਸ ਦੌਰਾਨ ਦਿੱਤੀਆਂ ਗਈਆਂ ਦਲੀਲਾਂ ਨੂੰ ਕਾਂਗਰਸ ਪਾਰਟੀ ਦੀ ਬੌਖਲਾਹਟ ਦੱਸਿਆ।ਕੈਪਟਨ ਨੂੰ ਉਕਤ ਮਸਲੇ ਤੇ ਬੋਲਣ ਦੀ ਸਲਾਹ ਦਿੰਦੇ ਹੋਏ ਜੀ.ਕੇ ਨੇ ਕੈਪਟਨ ਵੱਲੋਂ ਬੀਤੇ ਦਿਨਾਂ ਵਿਚ ਜਗਦੀਸ਼ ਟਾਈਟਲਰ, ਸੱਜਣ ਕੁਮਾਰ ਅਤੇ ਕਮਲਨਾਥ ਨੂੰ ਦਿੱਤੀਆਂ ਗਈਆਂ ਕਲੀਨ ਚਿੱਟਾਂ ਦਾ ਵੀ ਚੇਤਾ ਕਰਾਇਆ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply