Sunday, February 22, 2026

23 ਅਕਤੂਬਰ ਨੂੰ ਦੇਸ਼ ਨੂੰ ਸਮਰਪਿਤ ਹੋਵੇਗਾ ‘ਪੰਜਾਬ ਸਟੇਟ ਵਾਰ ਹੀਰੋਜ਼ ਮੈਮੋਰੀਅਲ ਤੇ ਮਿਊਜ਼ੀਅਮ’

ppn2110201610 ppn2110201609ਅੰਮ੍ਰਿਤਸਰ, 21 ਅਕਤੂਬਰ (ਜਗਦੀਪ ਸਿੰਘ ਸੱਗੂ)-ਦੇਸ਼ ਦੀ ਖੜਗ ਭੁਜਾ ਕਰਕੇ ਜਾਣੇ ਜਾਂਦੇ ਪੰਜਾਬ ਦੇ ਵਾਸੀਆਂ ਨੇ ਦੇਸ਼ ਵੱਲ ਅੱਖਾਂ ਚੁੱਕਣ ਵਾਲੇ ਦੁਸ਼ਮਣ ਨੂੰ ਲੋਹੇ ਦੇ ਚਨੇ ਚਭਾਉਣ ਦਾ ਕੰਮ ਹਰ ਯੁੱਧ ਵਿਚ ਕੀਤੀ ਹੈ, ਚਾਹੇ ਉਹ ਲੜਾਈ ਲੱਖਾਂ ਮੀਲ ਦੂਰ ਯੂਰਪ ਦੀ ਧਰਤੀ ‘ਤੇ ਲੜੀ ਗਈ ਹੋਵੇ ਜਾਂ ਆਪਣੀ ਸਰ-ਜ਼ਮੀਨ ‘ਤੇ। ਇਤਹਾਸ ਗਵਾਹ ਹੈ ਕਿ ਪੰਜਾਬੀਆਂ ਨੇ ਅਫਗਾਨੀ ਧਾੜਵੀਆਂ, ਮੁਸਲਿਮ ਹਮਲਵਾਰਾਂ ਨਾਲ ਲੋਹਾ ਲਿਆ, ਉਥੇ ਅੰਗਰੇਜ਼ਾਂ ਦੀ ਅਗਵਾਈ ਹੇਠ ਯੂਰਪ ਦੀ ਧਰਤੀ ‘ਤੇ ਜੰਗ ਏ ਅਜ਼ੀਮ ਵਿਚ ਵੀ ਹਿੱਸਾ ਲੈਂਦੇ ਬਹਾਦਰੀ ਦੇ ਨਵੇਂ ਕੀਰਤੀਮਾਨ ਸਥਾਪਿਤ ਕੀਤੇ। ਦੇਸ਼ ਦੀ ਅਜ਼ਾਦੀ ਮਗਰੋਂ ਗਵਾਂਢੀ ਦੇਸ਼ ਪਾਕਿਸਤਾਨ ਅਤੇ ਚੀਨ ਨੇ ਜਦੋਂ-ਜਦੋਂ ਵੀ ਸਾਡੀ ਧਰਤੀ ਵੱਲ ਮੂੰਹ ਕੀਤਾ, ਤਾਂ ਪੰਜਾਬ ਦੇ ਬਹਾਦਰ ਫੌਜੀਆਂ ਨੇ ਵੱਡੇ ਹੌਂਸਲੇ ਨਾਲ ਟੱਕਰ ਲੈਂਦੇ ਹੋਏ ਦੁਸ਼ਮਣ ਦੀਆਂ ਸਾਰੀਆਂ ਰੀਝਾਂ ਨੂੰ ਮਧੋਲ ਕੇ ਰੱਖ ਦਿੱਤਾ।
ਇੰਨਾਂ ਬਹਾਦਰ ਫੌਜੀਆਂ ਨੇ ਆਪਣਾ ਭਵਿੱਖ ਸਾਡੇ ਵਰਤਮਾਨ ਲਈ ਕੁਰਬਾਨ ਕਰ ਦਿੱਤਾ, ਪਰ ਸਿਵਾਏ ਕਿਤਾਬਾਂ-ਕਹਾਣੀਆਂ ਵਿਚ ਆਏ ਕਿੱਸੇ-ਕਹਾਣੀਆਂ ਤੋਂ ਕੋਈ ਅਜਿਹੀ ਯਾਦਗਾਰ ਇੰਨਾਂ ਬਹਾਦਰ ਫੌਜੀਆਂ ਦੀ ਨਹੀਂ ਸੀ ਬਣ ਸਕੀ, ਜਿਸ ‘ਤੇ ਇੰਨਾਂ ਫੌਜੀਆਂ ਪਰਿਵਾਰਾਂ ਦੇ ਮੈਂਬਰ ਮਾਣ ਕਰ ਸਕਣ ਅਤੇ ਆਉਣ ਵਾਲੀਆਂ ਪੀੜ੍ਹੀਆਂ ਇੰਨਾਂ ਸੂਰਮਿਆਂ ਦੇ ਜੀਵਨ ਤੋਂ ਪ੍ਰੇਰਨਾ ਲੈ ਸਕਣ। ਇਸ ਵੱਡੀ ਘਾਟ ਨੂੰ ਮਹਿਸੂਸ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਨੇ ਮਾਝੇ ਦੇ ਧਰਤੀ ਜਿਸ ਦਾ ਜ਼ਰਾ-ਜ਼ਰਾਂ ਸ਼ਹੀਦਾਂ ਦੇ ਖੂਨ ਨਾਲ ਰੰਗਿਆ ਹੋਇਆ ਹੈ, ਵਿਖੇ ਅੱਜ ਤੋਂ ਢਾਈ ਕੁ ਸਾਲ ਪਹਿਲਾਂ ਜੰਗੀ ਯਾਦਗਾਰ ਕਾਇਮ ਕਰਨ ਦਾ ਸੁਪਨਾ ਲਿਆ ਸੀ। ਇਸ ਸੁਪਨੇ ਨੂੰ ਸਕਾਰ ਕਰਨ ਲਈ ਉਨਾਂ ਨੇ 12 ਫਰਵਰੀ 2014 ਨੂੰ ਜੰਗੀ ਸ਼ਹੀਦਾਂ ਦੇ ਪਰਿਵਾਰਾਂ, ਫੌਜ ਦੇ ਮੌਜੂਦਾ ਤੇ ਸਾਬਕਾ ਜਰਨੈਲਾਂ ਅਤੇ ਵੱਡੀ ਗਿਣਤੀ ਵਿਚ ਹਾਜ਼ਰ ਸਾਬਕਾ ਫੌਜੀਆਂ ਦੀ ਮੌਜੂਦਗੀ ਵਿਚ ਇਕ ਅਦੁਤੀ ਯਾਦਗਾਰ ਦਾ ਨੀਂਹ ਪੱਥਰ ਰੱਖਿਆ। ਉਸ ਸਮੇਂ ਹੀ ਸ. ਬਾਦਲ ਨੇ ਇਸ ਨੂੰ ਛੇਤੀ ਤੋਂ ਛੇਤੀ ਤਿਆਰ ਕਰਨ ਦਾ ਹਲਫ ਲਿਆ ਸੀ, ਜਿਸ ਨੂੰ ਸੱਚ ਕਰਨ ਲਈ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੇ ਵੱਡੀ ਟੀਮ ਨਾਲ ਦਿਨ ਰਾਤ ਇਕ ਕੀਤੀ ਰੱਖਿਆ। 23 ਅਕਤੂਬਰ ਨੂੰ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਫੌਜੀ ਜਰਨੈਲਾਂ ਦੀ ਹਾਜ਼ਰੀ ਵਿਚ ਇਹ ਅਦੁੱਤੀ ਯਾਦਗਾਰ ਦੇਸ਼ ਨੂੰ ਸਮਰਪਿਤ ਕਰਨਗੇ। ਇਸ ਮੌਕੇ ਏਅਰ ਮਾਰਸ਼ਲ ਸ. ਅਰਜਨ ਸਿੰਘ, ਜਨਰਲ ਦੀਪਕ ਕਪੂਰ, ਸਾਬਕਾ ਏਅਰ ਚੀਫ ਮਾਰਸ਼ਲ ਸ੍ਰੀ ਐਸ. ਕੇ. ਸਰੀਨ, ਕੈਪਟਨ ਬਾਨਾ ਸਿੰਘ, ਵਿਸ਼ਵ ਜੰਗ 2 ਦਾ ਵੈਟਰਨ ਮੇਜਰ ਟਾਮ ਡਾਨਵੇਅ (ਯੂ ਕੇ) ਅਤੇ ਹੋਰ ਜਰਨੈਲ ਸਮਾਗਮ ਦੀ ਸ਼ੋਭਾ ਵਧਾਉਣਗੇ।
ਮੈਮੋਰੀਅਲ ਦੇ ਮੁਖੀ ਕਰਨਲ ਐਚ. ਪੀ. ਸਿੰਘ ਨੇ ਇਸ ਬਾਰੇ ਖੁਲਾਸਾ ਕਰਦੇ ਦੱਸਿਆ ਕਿ ਦੇਸ਼ ਦੇ ਇਤਹਾਸ ਵਿਚ ਫੌਜੀ ਸ਼ਹੀਦਾਂ ਦੀ ਇਹ ਪਲੇਠੀ ਯਾਦਗਾਰ ਹੈ। ਉਨਾਂ ਦੱਸਿਆ ਕਿ ਇਸ ਇਮਾਰਤ ਵਿਚ ਹੁਣ ਤੱਕ ਦੁਸ਼ਮਣ ਦੇਸ਼ਾਂ ਨਾਲ ਹੋਈਆਂ ਲੜਾਈਆਂ ਦੇ ਸ਼ਹੀਦ 3500 ਦੇ ਕਰੀਬ ਪੰਜਾਬੀ ਫੌਜੀਆਂ ਦੇ ਨਾਂਅ ਸ਼ਹੀਦਾਂ ਦੇ ਮਾਣ-ਸਤਿਕਾਰ ਤੇ ਅਦਬ ਵਧਾਉਣ ਲਈ ਲਗਾਈ ਗਈ ਏਸ਼ੀਆ ਦੀ ਸਭ ਤੋਂ ਉਚੀ (130 ਫੁੱਟੀ ਉਚੀ) ਅਤੇ 54 ਟਨ ਭਾਰੀ ਕਿਰਪਾਨ, ਜੋ ਦੁਸ਼ਮਣ ਵੱਲ ਚੁੱਕੀ ਵਿਖਾਈ ਦਿੰਦੀ ਹੈ, ਦੇ ਦੁਆਲੇ ਬਣਾਏ ਥੜੇ ‘ਤੇ ਸਟੀਲ ਨਾਲ ਅੰਕਿਤ ਕੀਤੇ ਜਾ ਰਹੇ ਹਨ। ਇਸ ਕਿਰਪਾਨ ਬਾਰੇ ਵਿਸ਼ੇਸ਼ ਗੱਲ ਇਹ ਹੈ ਕਿ ਇਸ ਦੀ ਮੁੱਠ ਵਿਚ ਚਾਰ ਸ਼ੇਰਾਂ ਦੇ ਬੁੱਤ ਬਣੇ ਹਨ ਅਤੇ ਇਸ ‘ਤੇ ਸੁੰਦਰ ਮੀਨਾਕਾਰੀ ਦੇਸ਼ ਦੇ ਮੰਨੇ-ਪ੍ਰਮੰਨੇ ਕਾਰੀਗਰ ਰਾਮ ਸਿਤਾਰ ਨੇ ਕੀਤੀ ਹੈ। ਕਿਰਪਾਨ ਦਾ ਸਾਰਾ ਡਿਜ਼ਾਇਨ ਆਈ. ਆਈ. ਟੀ. ਮੁੰਬਈ ਦੀ ਟੀਮ ਨੇ ਤਿਆਰ ਕੀਤਾ ਹੈ। ਕਿਰਪਾਨ ਹੇਠਾਂ ਬਣਾਏ ਗਏ ਥੜ੍ਹੇ ਵਿਚ ਨੌਜਵਾਨਾਂ ਨੂੰ ਦੇਸ਼ ਭਗਤੀ ਅਤੇ ਫੌਜ ਵਿਚ ਜਾਣ ਲਈ ਪ੍ਰੇਰਿਤ ਕਰਨ ਵਾਲੀਆਂ 8 ਗੈਲਰੀਆਂ ਬਣਾਈਆਂ ਗਈਆਂ ਹਨ, ਜਿਸ ਵਿਚ ਪੰਜਾਬੀਆਂ ਵੱਲੋਂ ਵੱਖ-ਵੱਖ ਜੰਗਾਂ ਵਿਚ ਵਿਖਾਏ ਗਏ ਬਹਾਦਰੀ ਭਰੇ ਕਾਰਨਾਮਿਆਂ ਨੂੰ ਕੰਧਾਂ ‘ਤੇ ਪੇਂਟਿੰਗ, ਬੁੱਤ, ਇਲੈਕਟ੍ਰੋਨਿਕ ਸਕਰੀਨ ਆਦਿ ਜ਼ਰੀਏ ਦਰਸਾਇਆ ਗਿਆ ਹੈ। ਇਹ ਨਜ਼ਾਰਾ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਲੜੀਆਂ 4 ਲੜਾਈਆਂ ਤੋਂ ਸ਼ੁਰੂ ਹੋ ਕੇ ਕਾਰਗਿਲ ਤੱਕ ਦਾ ਬਿਰਤਾਂਤ ਪੇਸ਼ ਕਰਦਾ ਹੈ, ਜਿਸ ਵਿਚ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਜਬਰ ਤੇ ਜ਼ੁਲਮ ਵਿਰੁੱਧ ਲੜੀਆਂ ਜੰਗਾਂ, ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੌਰਾਨ ਹੋਏ ਯੁੱਧ, ਐਂਗਲੋ ਸਿੱਖ ਵਾਰ ਦੀਆਂ 6 ਲੜਾਈਆਂ, ਦੋਵਾਂ ਵਿਸ਼ਵ ਯੁੱਧਾਂ ਵਿਚ ਪੰਜਾਬੀ ਫੌਜੀਆਂ ਵੱਲੋਂ ਵਿਖਾਏ ਜੌਹਰ, 1947-48 ਵਿਚ ਕਸ਼ਮੀਰ ਵਿਚ ਪਾਕਿਸਤਾਨੀ ਧਾੜਵੀਆਂ ਨਾਲ ਲੜੀ ਲੜਾਈ, 1962, 1965, 1971 ਅਤੇ 1999 ਵਿਚ ਹੋਏ ਕਾਰਗਿਲ ਦੀ ਲੜਾਈ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਇਸ ਯਾਦਗਾਰ ਦਾ ਸ਼ਿੰਗਾਰ ਬਣੇ ਹਨ ਬਰਕੀ ਦੀ ਲੜਾਈ ਦੌਰਾਨ ਪਾਕਿਸਤਾਨ ਤੋਂ ਖੋਹੇ ਅਮਰੀਕਾ ਦੇ ਬਣੇ ਸ਼ਰਮਨ ਟੈਂਕ ਅਤੇ 1971 ਦੀ ਜੰਗ ਦੌਰਾਨ ਖੇਮਕਰਨ ਬਾਰਡਰ ‘ਤੇ ਤਬਾਹ ਕੀਤੇ ਪਾਕਿਸਤਾਨੀ ਫੌਜ ਦੇ ਪੈਂਟਨ ਟੈਂਕ। ਇੰਨਾਂ ਟੈਕਾਂ ਨੂੰ ਤਬਾਹ ਕਰਨ ਲਈ ਭਾਰਤ ਵੱਲੋਂ ਵਰਤਿਆ ਗਿਆ ਸੈਂਚੂਰੀਅਨ ਟੈਂਕ ਵੀ ਇਸ ਯਾਦਗਾਰ ਦੀ ਸ਼ੋਭਾ ਵਧਾ ਰਿਹਾ ਹੈ। ਇਸ ਦੇ ਨਾਲ-ਨਾਲ 1999 ਦੀ ਕਾਰਗਿਲ ਜੰਗ ਦੌਰਾਨ ਦੁਸ਼ਮਣ ਦੇ ਜੰਗ ਖੱਟੇ ਕਰਨ ਵਿਚ ਵੱਡੀ ਭੂਮਿਕਾ ਨਿਭਾਉਣ ਵਾਲਾ ਰੂਸ ਦਾ ਬਣਿਆ ਮਿਗ-23 ਜਹਾਜ਼ ਵੀ ਇਸ ਯਾਦਗਾਰ ਵਿਚ ਵੇਖਣ ਨੂੰ ਮਿਲੇਗਾ।
ਉਨਾਂ ਕਿਹਾ ਕਿ ਮੁੱਖ ਮੰਤਰੀ ਸ. ਬਾਦਲ ਨੇ ਇਹ ਜੋ ਸੁਪਨਾ ਲਿਆ ਸੀ, ਉਸਨੂੰ ਹਕੀਕਤ ਵਿਚ ਬਦਲਣ ਲਈ ਉਨਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ, ਚਾਹੇ ਉਹ ਪੈਸੇ ਦਾ ਮਾਮਲਾ ਸੀ ਜਾਂ ਸਮਾਂ ਦੇਣ ਦਾ। ਉਨਾਂ ਦੱਸਿਆ ਕਿ ਬਾਦਲ ਸਾਹਿਬ, ਜਿੱਥੇ ਹਰ ਮਹੀਨੇ ਇਸ ਦਾ ਚੰਡੀਗੜ੍ਹ ਵਿਚ ਰੱਖੀ ਉਚ ਪੱਧਰੀ ਮੀਟਿੰਗ ਵਿਚ ਰੀਵਿਊ ਕਰਦੇ ਰਹੇ, ਉਥੇ ਅੰਮ੍ਰਿਤਸਰ ਦੀ ਹਰੇਕ ਫੇਰੀ ਮੌਕੇ ਖ਼ੁਦ ਯਾਦਗਾਰ ਦਾ ਕੰਮ ਵੇਖਦੇ ਰਹੇ ਅਤੇ ਲੋੜ ਅਨੁਸਾਰ ਸੁਝਾਅ ਦਿੰਦੇ ਰਹੇ।ਉਨਾਂ ਦੱਸਿਆ ਕਿ ਇਹੀ ਵਜ੍ਹਾ ਹੈ ਕਿ ਇਹ ਯਾਦਗਾਰ ਢਾਈ ਸਾਲ ਤੋਂ ਘੱਟ ਰਿਕਾਰਡ ਸਮੇਂ ਵਿਚ ਤਿਆਰ ਹੋਈ ਹੈ।ਉਨਾਂ ਦੱਸਿਆ ਕਿ ਇਸ ‘ਤੇ 130 ਕਰੋੜ ਰੁਪਏ ਤੋਂ ਵੱਧ ਦੀ ਰਕਮ ਖਰਚ ਹੋਈ ਹੈ ਅਤੇ ਹਰੇਕ ਵਸਤੂ ਆਹਲਾ ਦਰਜੇ ਦੀ ਲਗਾਈ ਗਈ ਹੈ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …

Leave a Reply