Sunday, April 5, 2026

ਮੁੱਖ ਮੰਤਰੀ ਬਾਦਲ ਵੱਲੋਂ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਕੌਮ ਨੂੰ ਸਮਰਪਿਤ

ਦੇਸ਼ ਦੀ ਰਾਖੀ ਲਈ ਪੰਜਾਬੀ ਹਮੇਸ਼ਾ ਹੀ ਮੋਹਰੀ ਰਹੇ- ਸੁਖਬੀਰ ਸਿੰਘ ਬਾਦਲ

ppn2310201606

ਅੰਮ੍ਰਿਤਸਰ, 23 ਅਕਤੂਬਰ (ਪੰਜਾਬ ਪੋਸਟ ਬਿਊਰੋ) – ਹਥਿਆਰਬੰਦ ਸੈਨਾਵਾਂ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੰਜਾਬ ਦੇ ਬਹਾਦਰ ਫੌਜੀਆਂ ਦੇ ਸਤਿਕਾਰ ਵਿੱਚ ਪੰਜਾਬ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਸੇਵਾ ਨਿਭਾਅ ਰਹੇ ਫੌਜੀਆਂ ਤੇ ਸਾਬਕਾ ਫੌਜੀਆਂ ਨੂੰ ਦਰਪੇਸ਼ ਕਿਸੇ ਵੀ ਕਿਸਮ ਦੀ ਮੁਸ਼ਕਲ ਦਾ ਹੱਲ ਪਹਿਲ ਦੇ ਅਧਾਰ ‘ਤੇ ਕਰਨ ਲਈ ਚੰਡੀਗੜ੍ਹ ਹੈਡਕੁਆਟਰ ਵਿਖੇ 24 ਘੰਟੇ ਸਮਰਪਿਤ ਹੈਲਪ ਲਾਈਨ ਛੇਤੀ ਹੀ ਸ਼ੁਰੂ ਕਰਨ ਦਾ ਐਲਾਨ ਕੀਤਾ।
ਅੱਜ ਇਥੇ 130 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਿਤ ਕਰਨ ਉਪਰੰਤ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸੁਰੱਖਿਆ ਸੈਨਿਕਾਂ ਅਤੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਘਟਾਉਣ ਲਈ ਧਿਆਨ ਦੇਣਾ ਸਾਡੇ ਸਾਰਿਆਂ ਦਾ ਫਰਜ਼ ਬਣਦਾ ਹੈ ਕਿਉਂ ਜੋ ਮੁਲਕ ਦੀ ਰਾਖੀ ਲਈ ਸ਼ਾਨਦਾਰ ਸੇਵਾਵਾਂ ਨਿਭਾਉਣ ਪ੍ਰਤੀ ਸਾਨੂੰ ਫੌਜ ਦਾ ਸ਼ੁਕਰਗੁਜਾਰ ਹੋਣਾ ਚਾਹੀਦਾ ਹੈ। ਫੌਜੀਆਂ ਨੂੰ ਹੋਰ ਜਿਆਦਾ ਮਾਣ ਸਤਿਕਾਰ ਦੇਣ ਦੀ ਲੋੜ ‘ਤੇ ਜ਼ੋਰ ਦਿੰਦਿਆਂ ਬਾਦਲ ਨੇ ਸੂਬਾ ਭਰ ਦੇ ਡਿਪਟੀ ਕਮਿਸ਼ਨਰਾਂ ਤੇ ਜਿਲ੍ਹਾ ਪੁਲਿਸ ਮੁਖੀਆਂ ਨੂੰ ਆਖਿਆ ਕਿ ਸਾਡੇ ਮੁਲਕ ਦੇ ਰਖਵਾਲੇ ਫੌਜੀ ਜਦੋਂ ਵੀ ਅਧਿਕਾਰੀਆਂ ਦੇ ਦਫਤਰਾਂ ਵਿੱਚ ਆਉਣ ਦਾ ਉਨ੍ਹਾਂ ਦੇ ਮਾਣ-ਸਤਿਕਾਰ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ।

ppn2310201607
ਸਦੀਆਂ ਤੋਂ ਸਾਡੀਆਂ ਸੁਰੱਖਿਆ ਸੇਵਾਵਾਂ ਦੀ ਬਹਾਦਰੀ ਭਰੀ ਗਾਥਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਸ਼ਕਤੀਸ਼ਾਲੀ ਫੌਜ ਨੂੰ ਹਮੇਸ਼ਾਂ ਮਜਬੂਤ ਤੇ ਫੈਸਲਾਕੁੰਨ ਲੀਡਰਸ਼ਿਪ ਦੀ ਲੋੜ ਹੁੰਦੀ ਹੈ ਅਤੇ ਵਿਸ਼ਵ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਅਲਗਜੇਂਡਰ ਦੀ ਗਰੇਟ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਲਾਮਿਸਾਲ ਬਹਾਦਰੀ ਤੇ ਯੋਗ ਅਗਵਾਈ ਨਾਲ ਉਨ੍ਹਾਂ ਦੇ ਰਾਜ ਭਾਗ ਸਥਾਪਤ ਹੋਏ। ਉਨ੍ਹਾਂ ਕਿਹਾ ਕਿ ਸਾਡੇ ਬਹਾਦਰ ਸੈਨਿਕਾਂ ਨੂੰ ਇਹ ਜਜ਼ਬਾ ਆਪਣੇ ਮਹਾਨ ਸਿੱਖ ਗੁਰੂ ਸਹਿਬਾਨ ਪਾਸੋਂ ਗੁੜਤੀ ਵਿੱਚ ਮਿਲਿਆ ਹੈ ਜਿਸ ਲਈ ਪੰਜਾਬ ਸਦਾ ਹੀ ਦੇਸ਼ ਦੀ ਖੜਗਭੁਜਾ ਰਿਹਾ ਹੈ।ਬਾਦਲ ਨੇ ਨਾਇਕ ਕਰਮ ਸਿੰਘ, ਮੇਜਰ ਸੋਮਨਾਥ ਸ਼ਰਮਾ, ਏਅਰ ਕਮਾਂਡਰ ਬਾਬਾ ਮੇਹਰ ਸਿੰਘ, ਜੋਗਿੰਦਰ ਸਿੰਘ, ਜਨਰਲ ਹਰਬਖਸ਼ ਸਿੰਘ, ਏਅਰ ਚੀਫ ਮਾਰਸ਼ਲ ਅਰਜਨ ਸਿੰਘ, ਲੈ: ਜਨਰਲ ਜੇ.ਐਸ ਅਰੋੜਾ, ਕੈਪਟਨ ਬਾਨਾ ਸਿੰਘ ਵਰਗੇ ਪੰਜਾਬ ਦੇ ਮਹਾਨ ਸੈਨਿਕਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਨੂੰ ਚੇਤੇ ਕੀਤਾ ਜਿੰਨਾਂ ਨੇ ਆਪਣੀਆਂ ਵਿਲੱਖਣ ਸੇਵਾਵਾਂ ਰਾਹੀਂ ਦੇਸ਼ ਦਾ ਸਿਰ ਗੌਰਵ ਨਾਲ ਉਚਾ ਕੀਤਾ।ਪਾਕਿਸਤਾਨ ਦੇ ਕਬਜੇ ਹੇਠਲੇ ਕਸ਼ਮੀਰ ਵਿੱਚ ਅੱਤਵਾਦੀਆਂ ਦੇ ਟਿਕਾਣੇ ਤਬਾਹ ਕਰਨ ਲਈ ਸਰਜੀਕਲ ਹਮਲੇ ਕਰਨ ‘ਤੇ ਸ੍ਰੀ ਮੋਦੀ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਆਖਿਆ ਕਿ ਇਸ ਵਿਲੱਖਣ ਤੇ ਬਹਾਦਰੀ ਭਰੇ ਕਦਮ ਨੇ ਮੁਲਕ ਵਾਸੀਆਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਹੋਰ ਮਜਬੂਤ ਕੀਤਾ ਹੈ।
ਬਾਦਲ ਨੇ ਸਪੱਸ਼ਟ ਸ਼ਬਦਾਂ ਵਿੱਚ ਆਖਿਆ ਕਿ ਇਹ ਯਾਦਗਾਰ ਸਿੱਖਾਂ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਸਮੇਂ ਤੋਂ ਲੈ ਕੇ ਕਾਰਗਿਲ ਜੰਗ ਤੱਕ ਦੇ 600 ਸਾਲ ਦੇ ਵੱਧ ਦੇ ਸਮਾਂਕਾਲ ਦੌਰਾਨ ਦੇਸ਼ ਦੀ ਰਾਖੀ ਲਈ ਲਾਮਿਸਾਲ ਯੋਗਦਾਨ ਪਾਉਣ ਵਾਲੇ ਪੰਜਾਬੀ ਸੈਨਿਕਾਂ ਤੇ ਅਫਸਰਾਂ ਨੂੰ ਸ਼ਰਧਾਂਜਲੀ ਵਜੋਂ ਸਥਾਪਤ ਕੀਤੀ ਗਈ ਹੈ।ਬਾਦਲ ਨੇ ਕਿਹਾ ਕਿ ਯਾਦਗਾਰ ਵਿੱਚ ਸਥਾਪਤ 45 ਮੀਟਰ ਲੰਬੀ ਵਿਸ਼ਵ ਦੀ ਸਭ ਤੋਂ ਲੰਬੀ ਤਲਵਾਰ ਵਜੋਂ ਆਕਰਸ਼ਣ ਦਾ ਮੁੱਖ ਕੇਂਦਰ ਹੋਵੇਗੀ।
ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਨੇ ਸਾਬਕਾ ਸੈਨਿਕਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਹਾਲ ਹੀ ਵਿੱਚ 1965 ਤੇ 1971 ਦੀ ਭਾਰਤ-ਪਾਕਿ ਜੰਗ ਅਤੇ 1962 ਦੀ ਭਾਰਤ ਚੀਨ ਜੰਗ ਵਿੱਚ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਬਹਾਦਰ ਯੋਧਿਆਂ ਦੀਆਂ ਜੰਗੀ ਵਿਧਾਵਾਂ ਜਾਂ ਕਾਨੂੰਨੀ ਵਾਰਸਾਂ ਨੂੰ 50 ਲੱਖ ਰੁਪਏ ਦੀ ਨਕਦ ਗ੍ਰਾਂਟ ਦੇਣ ਦਾ ਫੈਸਲਾ ਕੀਤਾ ਹੈ।ਮੁੱਖ ਮੰਤਰੀ ਨੇ ਆਖਿਆ ਕਿ ਸੂਬਾ ਸਰਕਾਰ ਨੇ ਹਾਲ ਹੀ ਵਿੱਚ ਪਰਮਵੀਰ ਚੱਕਰ ਵਿਜੇਤਾ ਲਈ ਯਕਮੁਸ਼ਤ ਗ੍ਰਾਂਟ 30 ਲੱਖ ਰੁਪਏ ਤੋਂ ਵਧਾ ਕੇ 2 ਕਰੋੜ ਰੁਪਏ, ਮਹਾਵੀਰ ਚੱਕਰ ਲਈ 20 ਲੱਖ ਰੁਪਏ ਤੋਂ ਵਧਾ ਕੇ 1 ਕਰੋੜ ਰੁਪਏ ਅਤੇ ਵੀਰ ਚੱਕਰ ਲਈ 15 ਲੱਖ ਰੁਪਏ ਤੋਂ ਵਧਾ ਕੇ 50 ਲੱਖ ਰੁਪਏ ਕਰਨ ਦਾ ਫੈਸਲਾ ਕੀਤਾ ਗਿਆ ਹੈ।ਇਸੇ ਤਰ੍ਹਾਂ ਜੰਗੀ ਵਿਧਵਾਵਾਂ ਲਈ ਸਫਰ ਭੱਤਾ 150 ਰੁਪਏ ਤੋਂ ਵਧਾ ਕੇ 500 ਰੁਪਏ ਪ੍ਰਤੀ ਮਹੀਨਾ ਕੀਤਾ ਗਿਆ ਹੈ।ਬਾਦਲ ਨੇ ਆਖਿਆ ਕਿ ਜੰਗ ਦੌਰਾਨ ਸ਼ਹੀਦ ਜਾਨ ਦੀ ਸੂਰਤ ਵਿੱਚ ਐਕਸਗ੍ਰੇਸ਼ੀਆ ਦੀ ਰਕਮ 2 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕੀਤੀ ਗਈ।
ਭਾਰਤੀ ਰੱਖਿਆ ਸੇਵਾਵਾਂ ਵਿੱਚ ਪੰਜਾਬ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਨੁੁਮਾਇੰਦਗੀ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸੀ-ਪਾਈਟ ਸੈਂਟਰ ਖੋਲ੍ਹੇ ਗਏ।ਹਥਿਆਰਬੰਦ ਸੇਨਾਵਾਂ ਵਿੱਚ ਅਫਸਰਾਂ ਵਜੋਂ ਸੂਬੇ ਦੇ ਨੌਜਵਾਨਾਂ ਦੀ ਗਿਣਤੀ ਘਟਣ ਦੇ ਰੁਝਾਨ ਨੂੰ ਰੋਕਣ ਲਈ ਮੁਹਾਲੀ ਵਿਖੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਅਤੇ ਮਾਈ ਭਾਗੋ ਆਰਮਡ ਫੋਰਸਿਜ਼ ਇੰਸਟੀਚਿਊਟ ਸਥਾਪਤ ਕੀਤੇ ਗਏ ਹਨ, ਜਿਥੇ ਲੜਕੇ ਅਤੇ ਲੜਕੀਆਂ ਨੂੰ ਫੌਜ ਵਿੱਚ ਭਰਤੀ ਹੋਣ ਦੀ ਸਿਖਲਾਈ ਦਿੱਤੀ ਜਾਂਦੀ ਹੈ।ਉਨ੍ਹਾਂ ਦੱਸਿਆ ਕਿ ਪੰਜਾਬ ਸੇਵਾ ਮੁਕਤ ਸੈਨਿਕ ਕਾਰਪੋਰੇਸ਼ਨ ਨੇ 12 ਹਜ਼ਾਰ ਤੋਂ ਵੱਧ ਸਾਬਕਾ ਸੈਨਿਕਾਂ ਨੂੰ ਰੁਜ਼ਗਾਰ ਦੇ ਮੌਕੇ ਦਿਵਾਏ ਹਨ।
ਮੁੱਖ ਮੰਤਰੀ ਨੂੰ ਦੂਰ ਅੰਦੇਸ਼ ਨੇਤਾ ਦੱਸਦਿਆਂ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਉਨਾਂ ਨੇ ਸੂਬਾ ਭਰ ਵਿੱਚ ਯਾਦਗਾਰਾਂ ਦੀ ਉਸਾਰੀ ਵੱਲ ਵਿਸ਼ੇਸ਼ ਧਿਆਨ ਦਿੱਤਾ ਤਾਂ ਕਿ ਸਾਡੇ ਨੌਜਵਾਨਾਂ ਨੂੰ ਮਹਾਨ ਇਤਿਹਾਸ, ਸਮਾਜ ਤੇ ਸਭਿਆਚਾਰ ਨਾਲ ਜੋੜਿਆ ਜਾ ਸਕੇ। ਉਪ ਮੁੱਖ ਮੰਤਰੀ ਨੇ ਜਲੰਧਰ ਨੇੜੇ ਕਰਤਾਰਪੁਰ ਵਿਖੇ 200 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਤ ਕੀਤੀ ਜਾ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਦਾ ਵੀ ਜ਼ਿਕਰ ਕੀਤਾ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਪੰਜਾਬ ਵਿਰੋਧੀ ਤਾਕਤਾਂ ਜਾਣ ਬੁੱਝ ਕੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕਰ ਰਹੀਆਂ ਹਨ। ਉਨ੍ਹਾਂ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੀ ਮਿਸਾਲ ਦਿੱਤੀ ਜਿੰਨਾਂ ਨੇ 70 ਫੀਸਦੀ ਪੰਜਾਬੀ ਨੌਜਵਾਨਾਂ ਨੂੰ ਨਸ਼ੇ ਦੇ ਆਦੀ ਕਹਿ ਕੇ ਬਦਨਾਮ ਕੀਤਾ।ਬਾਦਲ ਨੇ ਆਖਿਆ ਕਿ ਅਸਲ ਵਿੱਚ ਨਸ਼ਿਆਂ ਦੀ ਖੇਪ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਉਂਦੀ ਜਦ ਕਿ ਪੰਜਾਬ ਨੂੰ ਸਿਰਫ ਇਕ ਲਾਂਘੇ ਵਜੋਂ ਵਰਤਿਆਂ ਜਾਂਦਾ ਹੈ।
ਮੁਲਕ ਪ੍ਰਤੀ ਪੰਜਾਬ ਦੇ ਯੋਗਦਾਨ ਦਾ ਜ਼ਿਕਰ ਕਰਦਿਆਂ ਉਪ ਮੁੱਖ ਮੰਤਰੀ ਨੇ ਕਿਹਾ ਕਿ ਮੁਲਕ ਦੇ ਅੰਨ ਭੰਡਾਰ ਵਿੱਚ ਪੰਜਾਬ ਝੋਨੇ ਦਾ 60 ਫੀਸਦੀ ਯੋਗਦਾਨ ਪਾਉਂਦਾ ਹੈ।ਪੰਜਾਬ ਸਰਪਲਸ ਬਿਜਲੀ ਵਾਲਾ ਸੂਬਾ ਬਣ ਗਿਆ ਹੈ ਅਤੇ ਉਦਯੋਗਿਕ ਖੇਤਰ ਵਿੱਚ ਸਭ ਤੋਂ ਘੱਟ ਦਰ ‘ਤੇ ਬਿਜਲੀ ਮੁਹੱਈਆ ਕਰਵਾ ਰਿਹਾ ਹੈ।ਇਸੇ ਤਰ੍ਹਾਂ ਸੜਕਾਂ ਦਾ ਬੁਨਿਆਦੀ ਢਾਂਚਾ, ਹੌਜਰੀ, ਸਾਈਕਲ, ਟਰੈਕਟਰ, ਮਸ਼ੀਨ ਔਜ਼ਾਰ, ਖੇਤੀ ਸੰਦ, ਖੇਡਾਂ ਦਾ ਸਮਾਨ, ਦੁੱਧ ਤੇ ਮਸ਼ਰੂਮ ਵਿੱਚ ਸਿਖਰਲੇ ਸਥਾਨ ਤੇ ਹੈ।
ਕੇਂਦਰੀ ਰਾਜ ਮੰਤਰੀ ਤੇ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਵਿਜੈ ਸਾਂਪਲਾ ਨੇ ਮੁੱਢ ਕਦੀਮ ਤੋਂ ਮੁਲਕ ਦੇ ਖੜਗਭੁਜਾ ਵਜੋਂ ਪੰਜਾਬ ਦੇ ਅਹਿਮ ਰੋਲ ਨੂੰ ਚੇਤੇ ਕੀਤਾ। ਸੁਰੱਖਿਆ ਸੈਨਾਵਾਂ ਪ੍ਰਤੀ ਵਿਸ਼ੇਸ਼ ਮਾਣ ਸਤਿਕਾਰ ਰੱਖਣ ਲਈ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਸ੍ਰੀ ਸਾਪਲਾ ਨੇ ਆਖਿਆ ਕਿ ਸ੍ਰੀ ਮੋਦੀ ਨੇ ਫੌਜ ਦੀ ਇਕ ਰੈਂਕ-ਇਕ ਪੈਨਸ਼ਨ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਕਬਜੇ ਹੇਠ ਕਸ਼ਮੀਰ ਵਿੱਚ ਭਾਤਰੀ ਫੌਜ ਨੇ ਸਰਜੀਕਲ ਸਟਰਾਈਕ ਰਾਹੀਂ ਅੱਤਵਾਦੀਆਂ ਦੇ ਟਿਕਾਣੇ ਤਬਾਅ ਕਰਕੇ ਸਮੁੱਚੀ ਦੁਨੀਆਂ ਸਾਹਮਣੇ ਆਪਣੀ ਸਮਰਥਾ ਦਾ ਪ੍ਰਗਟਾਵਾ ਕੀਤਾ ਹੈ। ਸ੍ਰੀ ਸਾਂਪਲਾ ਨੇ ਯਾਦਗਾਰਾਂ ਦੀ ਉਸਾਰੀ ਰਾਹੀਂ ਮਹਾਨ ਇਤਿਹਾਸ ਦੀ ਸੰਭਾਲ ਕਰਨ ਲਈ ਮੁੱਖ ਮੰਤਰੀ ਦੇ ਇਸ ਦੂਰ ਅੰਦੇਸ਼ੀ ਵਾਲੇ ਕਦਮ ਦੀ ਪ੍ਰਸੰਸ਼ਾ ਕੀਤੀ।
ਇਸ ਮੌਕੇ ਮੁੱਖ ਮੰਤਰੀ ਨੇ 15 ਸਖਸ਼ੀਅਤਾਂ ਜਿੰਨਾਂ ਵਿੱਚ ਜਨਰਲ ਜੇ:ਜੇ: ਸਿੰਘ, ਏਅਰ ਚੀਫ ਮਾਰਸ਼ਲ ਐਸ:ਕੇ:ਸਰੀਨ, ਜਨਰਲ ਦੀਪਕ ਕਪੂਰ, ਆਨਰੇਰੀ ਕੈਪਟਨ ਬਾਨਾ ਸਿੰਘ, ਦੂਜੇ ਵਿਸ਼ਵ ਯੁੱਧ ਦੇ ਮੇਜਰ ਥਾਮਸ ਕਾਨਵੇ, ਤਾਲਮੇਲ ਅਫਸਰ ਸਿੱਖ ਲਾਈਟ ਇਨਫੈਂਟਰੀ ਐਸੋਸੀਏਸ਼ਨ ਯੂ:ਕੇ, ਸ੍ਰੀ ਹੱਗ ਮੈਕੇ, ਸ੍ਰੀ ਰੀਚਰਡ ਹਿਲ, ਸ੍ਰੀ ਦਵਿੰਦਰ ਸਿੰਘ ਢਿਲੋਂ , ਬ੍ਰਿਗੇਡੀਅਰ ਕੇ:ਐਸ:ਚਾਂਦਪੁਰੀ ਤੋਂ ਇਲਾਵਾ ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖੋਂ, ਕੈਪਟਨ ਕਰਮ ਸਿੰਘ, ਸੂਬੇਦਾਰ ਜੋਗਿੰਦਰ ਸਿੰਘ, ਕੈਪਟਨ ਵਿਕਰਮ ਬਤਰਾ, ਲਾਂਸ ਨਾਇਕ ਸਿੰਗਾਰਾ ਸਿੰਘ ਅਤੇ ਸੂਬੇਦਾਰ ਮਲਕੀਤ ਸਿੰਘ ਨੂੰ ਸ਼ਾਲ ਤੇ ਤਲਵਾਰ ਦੇ ਚਿੰਨ ਨਾਲ ਸਨਮਾਨਤ ਕੀਤਾ।
ਇਸ ਮੌਕੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ, ਜਨਮੇਜਾਸਿੰਘ ਸੇਖੋਂ ਡਾ: ਦਲਜੀਤ ਸਿੰਘ ਚੀਮਾ, ਗੁਲਜਾਰ ਸਿੰਘ ਰਣੀਕੇ ਤੇ ਅਨਿਲ ਜੋਸ਼ੀ, ਲੋਕ ਸਭਾ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਰਾਜ ਸਭਾ ਮੈਂਬਰ ਸ਼ਵੇਤ ਮਲਿਕ, ਵਿਧਾਇਕ ਬੀਬੀ ਜਗੀਰ ਕੌਰ, ਅਮਰਪਾਲ ਸਿੰਘ, ਰਵਿੰਦਰ ਸਿੰਘ ਬ੍ਰਹਮਪੁਰਾ, ਬਲਜੀਤ ਸਿੰਘ ਜਲਾਲਉਸਮਾਂ, ਦੇਸ ਰਾਜ ਧੁੱਗਾ ਤੇ ਮਨਜੀਤ ਸਿੰਘ ਮੀਆਂਵਿੰਡ, ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ, ਸਾਬਕਾ ਵਿਧਾਇਕ ਲਖਬੀਰ ਸਿੰਘ ਲੋਧੀਨੰਗਲ, ਬਖਸ਼ੀ ਰਾਮ ਅਰੋੜਾ, ਸz ਰਾਜਮਹਿੰਦਰ ਸਿੰਘ ਮਜੀਠਾ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਤਰੁਣ ਚੁੱਘ, ਗੁਰਪ੍ਰਤਾਪ ਸਿੰਘ ਟਿੱਕਾ ਅਤੇ ਯੂਥ ਪ੍ਰਧਾਨ ਰਮਨਦੀਪ ਸਿੰਘ ਸੰਧੂ, ਵਰੁਣ ਰੂਜ਼ਮ ਡਿਪਟੀ ਕਮਿਸ਼ਨਰ, ਲੋਕਨਾਥ ਆਂਗਰਾ ਪੁਲਿਸ ਕਮਿਸ਼ਨਰ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply