
ਫਾਜ਼ਿਲਕਾ, 23 ਅਕਤੂਬਰ (ਵਿਨੀਤ ਅਰੋੜਾ) – ਆਲ ਪੰਜਾਬ ਆਂਗਨਵਾੜੀ ਕਰਮਚਾਰੀ ਯੂਨੀਅਨ ਦੀ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੇ ਦਫ਼ਤਰ ਦੇ ਸਾਹਮਣੇ ਬੀਤੇ ਕੁਝ ਦਿਨਾਂ ਤੋਂ ਜੋ ਰੋਸ ਧਰਨਾ ਚੱਲ ਰਿਹਾ ਸੀ ਉਸ ਨੂੰ ਖ਼ਤਮ ਕਰਨ ਲਈ ਯੂਨੀਅਨ ਦੇ ਸਮੂਹ ਆਗੂਆਂ ਦੇ ਨਾਲ ਮੀਟਿੰਗ ਕੀਤੀ ਗਈ।
ਜਾਣਕਾਰੀ ਦਿੰਦੇ ਹੋਏ ਸੂਬਾਈ ਪ੍ਰਧਾਨ ਹਰਗੋਬਿੰਦ ਕੌਰ ਨੇ ਦੱਸਿਆ ਕਿ ਧਰਨਾ ਖ਼ਤਮ ਕਰਨ ਦਾ ਫੈਸਲਾ ਇਸ ਕਾਰਨ ਲਿਆ ਗਿਆ ਕਿਉਂਕਿ ਯੂਨੀਅਨ ਦੇ ਸੰਘਰਸ਼ ਦੇ ਕਾਰਨ ਸਰਕਾਰ ਵੱਲੋਂ ਜੋ ਐਨਜੀਓ ਨੂੰ ਦਿੱਤੇ ਬਲਾਕ ਵਾਪਸ ਵਿਭਾਗ ਵਿਚ ਸ਼ਾਮਲ ਕਰ ਦਿੱਤੇ ਗਏ ਹਨ ਅਤੇ 517 ਮਿੰਨੀ ਵਰਕਰਾਂ ਨੂੰ ਪੂਰੇ ਸੈਂਟਰਾਂ ਦਾ ਦਰਜ਼ਾ ਦਿੱਤਾ ਗਿਆ, ਹੈਲਪਰਾਂ ਦਾ ਤਜ਼ਰਬਾ 5 ਸਾਲ ਹੋਣ ਦੀ ਫਾਇਲ ਵੀ ਮੰਤਰੀ ਸੁਰਜੀਤ ਕੁਮਾਰ ਜਿਆਣੀ ਵੱਲੋੀ ਪਾਸ ਕਰਕੇ ਅਗਲੀ ਕਾਰਵਾਈ ਲਈ ਭੇਜ ਦਿੱਤੀ ਗਈ ਹੈ।
ਮੰਤਰੀ ਸ਼੍ਰੀ ਜਿਆਣੀ ਨੇ ਨਰਸਰੀ ਜਮਾਤਾਂ ਆਸ਼ਾ ਵਰਕਰਾਂ ਨੂੰ ਦੇਣ ਸਬੰਧੀ ਪੂਰਾ ਭਰੋਸਾ ਦੁਆਇਆ ਅਤੇ ਕਿਹਾ ਕਿ ਇਸ ਸਬੰਧੀ ਵੀ ਜਲਦੀ ਹੀ ਸਿੱਖਿਆ ਮੰਤਰੀ ਦੇ ਨਾਲ ਗੱਲ ਕੀਤੀ ਜਾਵੇਗੀ।ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ 24 ਅਕਤੂਬਰ ਸੋਮਵਾਰ ਨੂੰ ਫਾਜ਼ਿਲਕਾ ਵਿਚ ਜੇਤੂ ਰੈਲੀ ਕੱਢੀ ਜਾਵੇਗੀ।ਜਿਸ ਦੇ ਲਈ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਯੂਨੀਅਨ ਮੈਂਬਰਾਂ ਨੂੰ ਰੈਲੀ ਵਿਚ ਹਿੱਸਾ ਲੈਣ ਦੀ ਅਪੀਲ ਕੀਤੀ।ਮੀਟਿੰਗ ਵਿਚ ਰੇਸ਼ਮਾ ਰਾਣੀ, ਅਮਰਜੀਤ ਕੌਰ, ਸ਼ੀਲਾ ਬਾਈ, ਕੁਲਜੀਤ ਕੌਰ, ਜਲਾਲਾਬਾਦ ਤੋਂ ਸ਼ਿੰਦਰ ਕੌਰ, ਗੁਰਮੀਤ ਕੌਰ, ਜਸਵੀਰ ਕੌਰ, ਇੰਦਰਜੀਤ ਕੌਰ, ਦੇਸਾ ਬਾਈ, ਕੁਲਦੀਪ ਕੌਰ ਅਤੇ ਯੂਨੀਅਨ ਦੇ ਹੋਰ ਮੈਂਬਰ ਹਾਜ਼ਰ ਸਨ।
Punjab Post Daily Online Newspaper & Print Media