
ਨਵੀਂ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਨਾਨਕਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਡੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਾਈ ਗਈ ”ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ” 3 ਨਵੰਬਰ ਤੋਂ 16 ਨਵੰਬਰ 2016 ਤਕ ਚਲੇਗੀ। ਅੱਜ ਪ੍ਰਦਰਸ਼ਨੀ ਦਾ ਉਦਘਾਟਨ ਸੰਗਤ ਵਿਚੋਂ ਇੱਕ ਛੋਟੀ ਬੱਚੀ ਤੋਂ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਨੇ ਕਰਵਾਇਆ। ਗੁਰਦੁਆਰਾ ਸਾਹਿਬ ਦੇ ਹੈਡ ਗ੍ਰੰਥੀ ਵੱਲੋਂ ਇਸ ਮੌਕੇ ਅਰਦਾਸ ਕਰਨ ਉਪਰੰਤ ਉਦਘਾਟਨੀ ਪ੍ਰੋਗਰਾਮ ਸ਼ੁਰੂ ਹੋਇਆ। ਸਵੇਰੇ 9 ਵਜੇ ਤੋਂ ਰਾਤ 9 ਵਜੇ ਤਕ ਦਰਸ਼ਕ ਇਸ ਪ੍ਰਦਰਸ਼ਨੀ ਦਾ ਅਨੰਦ ਲੈ ਸਕਦੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਚੱਢਾ ਨੇ ਦੱਸਿਆ ਕਿ ਪ੍ਰਦਰਸ਼ਨੀ ਵਿਚ ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਭਾਈ ਵੀਰ ਸਿੰਘ ਸਾਹਿਤ ਸਦਨ, ਭਾਸ਼ਾ ਵਿਭਾਗ, ਨੈਸ਼ਨਲ ਬੁੱਕ ਟ੍ਰੱਸਟ ਆੱਫ਼ ਇੰਡੀਆ, ਮਨਪ੍ਰੀਤ ਪ੍ਰਕਾਸ਼ਨ, ਸਿੱਖ ਮਿਸ਼ਨਰੀ ਕਾਲਜ, ਸੁਕ੍ਰਿਤ ਟ੍ਰੱਸਟ, ਪੰਜਾਬੀ ਅਕਾਦਮੀ ਅਤੇ ਹੇਮਕੁੰਟ ਪ੍ਰੈਸ ਵਰਗੇ ਮੰਨੇ-ਪ੍ਰਮੰਨੇ ਅਦਾਰੇ ਭਾਗ ਲੈ ਰਹੈ ਹਨ। ਦਿੱਲੀ ਕਮੇਟੀ ਅਤੇ ਪ੍ਰਕਾਸ਼ਕਾਂ ਵੱਲੋਂ ਪੁਸਤਕਾਂ ਤੇ ਭਾਰੀ ਰਿਆਇਤ ਵੀ ਦਿੱਤੀ ਜਾ ਰਹੀ ਹੈ। ਚੱਢਾ ਨੇ ਕਿਹਾ ਕਿ ਪੁਸਤਕਾਂ ਗਿਆਨ ਦਾ ਸ਼੍ਰੋਤ ਹਨ, ਕਿਉਂਕਿ ਪੁਸਤਕਾਂ ਨੂੰ ਪੜ੍ਹਨ ਨਾਲ ਕਈ ਅਨਛੂਹੇ ਪਹਿਲੂਆਂ ਦਾ ਪਾਠਕਾਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਸ ਕਰਕੇ ਸੰਗਤਾਂ ਨੂੰ ਕਮੇਟੀ ਦੇ ਇਸ ਉਪਰਾਲੇ ਦਾ ਹਿੱਸਾ ਬਣਨ ਵਾਸਤੇ ਵੱਧ-ਚੜ੍ਹ ਕੇ ਆਉਣਾ ਚਾਹੀਦਾ ਹੈ।
ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਮੁਖ ਸਲਾਹਕਾਰ ਕੁਲਮੋਹਨ ਸਿੰਘ, ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ, ਕਮੇਟੀ ਮੈਂਬਰ ਹਰਦੇਵ ਸਿੰਘ ਧਨੋਆ ਅਤੇ ਬੀਬੀ ਧੀਰਜ ਕੌਰ ਨੇ ਵੱਖ-ਵੱਖ ਸਟਾਲਾਂ ‘ਤੇ ਲਗੀਆਂ ਪੁਸਤਕਾਂ ਬਾਰੇ ਖਾਸ ਜਾਣਕਾਰੀ ਪ੍ਰਾਪਤ ਕੀਤੀ।
Punjab Post Daily Online Newspaper & Print Media