ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪਸ਼ੂ ਪਾਲਣ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜਾ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2016 ਅਤੇ ਦੁੱਧ ਚੁਆਈ ਮੁਕਾਬਲਿਆਂ ਦੀ ਸ਼ੁਰੂਆਤ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਕਰਵਾਈ ਗਈ। ਜਿਸ ਦਾ ਉਦਘਾਟਨ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਨੇ ਬਤੌਰ ਮੁੱਖ ਮਹਿਮਾਨ ਸ਼ਾਮਲ ਹੋ ਕੇ ਸ਼ਮਾ ਰੋਸ਼ਨ ਕਰਕੇ ਕੀਤਾ। ਇਸ ਪਸ਼ੂ ਧੰਨ ਮੇਲੇ ਵਿੱਚ ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਇਸ ਮੌਕੇ ‘ਤੇ ਸਬੰਧਤ ਵਿਭਾਗਾਂ ਵੱਲੋਂ ਪ੍ਰਦਰਸ਼ਨੀ ਲਗਾਈ ਗਈ।
ਸ੍ਰੀ ਦਿਨੇਸ਼ ਸਿੰਘ ਬੱਬੂ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂ ਪਾਲਣ ਦੇ ਧੰਦੇ ਲਈ ਉਤਸ਼ਾਹਿਤ ਕਰਨ ਵਾਸਤੇ ਅਤੇ ਵਧੀਆ ਨਸਲ ਦੇ ਪਸ਼ੂਆਂ ਬਾਰੇ ਜਾਣਕਾਰੀ ਦੇਣ ਲਈ ਇਹ ਪਸ਼ੂ ਮੇਲੇ ਹਰ ਸਾਲ ਜਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਕਰਵਾਏ ਜਾਂਦੇ ਹਨ ਅਤੇ ਜੇਤੂ ਰਹਿਣ ਵਾਲੇ ਪਸ਼ੂ ਦੇ ਮਾਲਕਾਂ ਨੂੰ ਕਰੋੜਾਂ ਰੁਪਏ ਦੇ ਨਕਦ ਇਨਾਮ ਦਿੱਤੇ ਜਾਂਦੇ ਹਨ। ਉਨ੍ਹਾਂ ਨੇ ਦੱਸਿਆ ਕਿ ਇਸ ਜਿਲ੍ਹਾ ਪੱਧਰ ਪਸ਼ੂ ਧੰਨ ਮੇਲੇ ਵਿੱਚ ਪਹਿਲੇ, ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਪਸ਼ੂਆਂ ਦੇ ਮਾਲਕਾਂ ਨੂੰ ਕੁੱਲ 9 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਪਸ਼ੂ ਮੇਲਿਆਂ ਤੋਂ ਪਸ਼ੂ ਪਾਲਕਾਂ ਨੂੰ ਚੰਗੀ ਨਸਲ ਦੇ ਪਸ਼ੂ ਪਾਲਣ ਲਈ ਜਾਣਕਾਰੀ ਮਿਲਦੀ ਹੈ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਸ੍ਰੀ ਬੱਬੂ ਨੇ ਕਿਹਾ ਕਿ ਇਸ ਇੰਡਸਟਰੀਅਲ ਗਰੋਥ ਸੈਂਟਰ ਨੂੰ ਵਿਕਸਤ ਕਰਨ ਲਈ ਪੇਪਰ ਮਿੱਲ ਲਗਾਈ ਗਈ ਅਤੇ ਸਰਕਾਰ ਵੱਲੋਂ ਪੈਪਸੀ ਉਦਯੋਗ ਸਥਾਪਿਤ ਕਰਨ ਲਈ ਜਗ੍ਹਾ ਦੇ ਦਿੱਤੀ ਗਈ ਹੈ ਅਤੇ ਹੋਰ ਉਦਯੋਗ ਲਗਾਉਣ ਲਈ ਵੀ ਸਰਕਾਰ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ।
ਸ੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਲਗਾਏ ਗਏ ਇਸ ਜਿਲ੍ਹਾ ਪੱਧਰੀ ਪਸ਼ੂ ਧੰਨ ਮੇਲੇ ਲਈ ਕੀਤੇ ਗਏ ਯੋਗ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਪਸ਼ੂ ਪਾਲਕਾਂ ਲਈ ਬਹੁਤ ਲਾਭਕਾਰੀ ਸਾਬਤ ਹੁੰਦੇ ਹਨ ਅਤੇ ਕਿਸਾਨ ਇੰਨ੍ਹਾਂ ਮੇਲਿਆਂ ਤੋਂ ਪ੍ਰੇਰਨਾ ਲੈ ਕੇ ਪਸ਼ੂ ਪਾਲਣ ਨੂੰ ਸਹਾਇਕ ਧੰਦੇ ਵਜੋਂ ਅਪਣਾਕੇ ਆਪਣੀ ਆਰਥਿਕ ਹਾਲਤ ਨੂੰ ਮਜਬੂਤ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਡੇਹਰੀਵਾਲ ਵਿਖੇ ਬਣਾਏ ਗਏ ਕੈਟਲ ਪਾਉਂਡ ਦਾ ਉਦਘਾਟਨ 18 ਨਵੰਬਰ ਨੂੰ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਇਕੱਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣ ਤਾਂ ਜੋ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਪੈਰ੍ਹਾਂ ‘ਤੇ ਖੜੇ ਹੋ ਕੇ ਉਸਾਰੂ ਸਮਾਜ ਦੀ ਸਿਰਜਨਾ ਵਿੱਚ ਵੱਡਮੁੱਲਾ ਯੋਗਦਾਨ ਪਾ ਸਕਣ। ਉਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਉਹ ਮੋਬਾਇਲ ਦੀ ਵਰਤੋਂ ਘੱਟ ਕਰਨ ਅਤੇ ਇੰਟਰਨੈਟ ਦਾ ਸਦਉਪਯੋਗ ਕਰਨ ਤੇ ਵੱਧ ਤੋਂ ਵੱਧ ਸਿੱਖਿਆ ਪ੍ਰਾਪਤ ਕਰਨ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਜਿਲ੍ਹੇ ਅੰਦਰ ਤਿੰਨ ਵੈਬਸਾਇਟਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਪੜ੍ਹੇ ਲਿਖੇ ਨੌਜਵਾਨਾਂ ਨੂੰ ਕੈਰੀਅਰ ਗਾਇਡੈਂਸ ਦੇਣ ਲਈ ਇੱਕ ਹੋਰ ਵੈਬਸਾਇਟ ਸ਼ੁਰੂ ਕੀਤੀ ਜਾ ਰਹੀ ਹੈ। ਇਸ ਮੌਕੇ ‘ਤੇ ਡਿਪਟੀ ਕਮਿਸ਼ਨਰ ਨੇ ਡੋਗ ਸ਼ੋਅ ਦੇ ਜੇਤੂਆਂ ਨੂੰ ਇਨਾਮ ਵੀ ਤਕਸੀਮ ਕੀਤੇ।
ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਇਸ ਮੌਕੇ ‘ਤੇ ਦੱਸਿਆ ਕਿ ਇਸ ਪਸ਼ੂ ਧੰਨ ਚੈਪੀਅਨਸਿੱਪ ਅਤੇ ਦੁੱਧ ਚੁਆਈ ਮੁਕਾਬਲਿਆਂ ਵਿੱਚ ਜਾਨਵਰਾਂ ਦੇ 56 ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਨੇ ਵਿਭਾਗ ਵੱਲੋਂ ਪਸ਼ੂ ਪਾਲਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਸ੍ਰੀ ਦਿਨੇਸ਼ ਸਿੰਘ ਬੱਬੂ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ 6 ਨਵੰਬਰ ਨੂੰ ਬਾਅਦ ਦੁਪਹਿਰ 2 ਵਜੇ ਇਸ ਪਸ਼ੂ ਧੰਨ ਚੈਂਪੀਅਨਸ਼ਿਪ ਦੇ ਜੇਤੂਆਂ ਨੂੰ ਇਨਾਮ ਤਕਸੀਮ ਕਰਨਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਵਰਸ੍ਰੀ ਡਾ. ਵਿਜੇ ਕੁਮਾਰ, ਡਾ. ਗੁਲਸ਼ਨ ਚੰਦ, ਡਾ. ਅਮਿਤ ਸ਼ਰਮਾ, ਡਾ. ਸੁਮੇਸ਼ ਸਿੰਘ, ਮਧੂ ਮਹਾਜਨ, ਕਿਸ਼ਨ ਚੰਦ, ਮਨਮਹੇਸ਼ ਸ਼ਰਮਾ, ਰਮਨਦੀਪ ਸਿੰਘ ਪੰਨੂ ਅਤੇ ਅਗਾਹ ਵਧੂ ਪਸ਼ੂ ਪਾਲਕ ਭਾਰੀ ਗਿਣਤੀ ਵਿੱਚ ਹਾਜਰ ਸਨ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media