ਅੰਮ੍ਰਿਤਸਰ, 7 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਅੱਜ ਆਪਣਾ ਪ੍ਰਧਾਨਗੀ ਪਦ ਸੰਭਾਲਣ ਉਪਰੰਤ ਗੁ: ਸ੍ਰੀ ਕਲਗੀਧਰ ਨਿਵਾਸ, ਚੰਡੀਗੜ੍ਹ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂਹ ਕਾਲਜ ਪ੍ਰਿੰਸੀਪਲ ਸਾਹਿਬਾਨ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਕੰਮ ਕਰ ਰਹੇ ਸਕੂਲਾਂ ਅਤੇ ਕਾਲਜਾਂ ਨੂੰ ਚੁੱਸਤ ਅਤੇ ਦਰੁੱਸਤ ਕਰਨ ਦਾ ਐਲਾਨ ਕੀਤਾ।ਉਨ੍ਹਾਂ ਨੇ ਇਸ ਸਬੰਧ ਵਿੱਚ ਉਚੇਰੀ ਵਿੱਦਿਆ ਦੀਆਂ ਸੰਸਥਾਵਾਂ ਦੀ ਮੌਜੂਦਾ ਸਥਿਤੀ ਬਾਰੇ ਜਾਇਜ਼ਾ ਲੈਂਦਿਆਂ ਇਨ੍ਹਾਂ ਸੰਸਥਾਵਾਂ ਨੂੰ ਹੋਰ ਬੁਲੰਦੀਆਂ ਤੇ ਲਿਜਾਉਣ ਲਈ ਕਈ ਦਿਸ਼ਾ ਨਿਰਦੇਸ਼ ਵੀ ਦਿੱਤੇ।ਉਨ੍ਹਾਂ ਨੇ ਕਿਹਾ ਕਿ ਮਿਆਰੀ ਵਿੱਦਿਆ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਆਪਣੇ ਧਰਮ ਅਤੇ ਸਭਿਆਚਾਰ ਨਾਲ ਜੋੜਨ ਸਬੰਧੀ ਠੋਸ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਕਿ ਸਾਡੀਆਂ ਸੰਸਥਾਵਾਂ ਨੂੰ ਅਜਿਹੇ ਵਿਦਿਆਰਥੀ ਪੈਦਾ ਕਰਨੇ ਚਾਹੀਦੇ ਹਨ ਜਿਹੜੇ ਆਪਣੀਆਂ ਉੱਚੀਆਂ-ਸੁੱਚੀਆਂ ਕਦਰਾਂ ਕੀਮਤਾਂ ਕਾਰਨ ਜਾਣੇ ਜਾਣ।
ਪ੍ਰੋ. ਬਡੂੰਗਰ ਨੇ ਐਲਾਨ ਕੀਤਾ ਕਿ ਬਹੁਤ ਜਲਦੀ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਦਾ ਮਿਆਰੀਕਰਨ ਕਰਦੇ ਹੋਏ ਇਸ ਨੂੰ ਸੁਤੰਤਰ ਰੂਪ ਵਿੱਚ ਇੱਕ ਵੱਖਰੀ ਪਹਿਚਾਨ ਦਿੱਤੀ ਜਾਵੇਗੀ।ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਖੇਡਾਂ ਨਾਲ ਸਬੰਧਤ ਇੱਕ ਵੱਖਰਾ ਡਾਇਰੈਕਟੋਰੇਟ ਕਾਇਮ ਕੀਤਾ ਜਾਵੇਗਾ, ਜੋ ਵਿਦਿਆਰਥੀਆਂ ਨੂੰ ਖੇਡਾਂ ਲਈ ਉਤਸ਼ਾਹਤ ਕਰਕੇ ਅੰਤਰ-ਰਾਸ਼ਟਰੀ ਪੱਧਰ ਦੇ ਖਿਡਾਰੀ ਪੈਦਾ ਕੀਤੇ ਜਾਣਗੇ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁ: ਪz: ਕਮੇਟੀ ਅਧੀਨ ਚਲ ਰਹੇ ਸਾਰੇ ਕਾਲਜਾਂ ਅਤੇ ਸਕੂਲਾਂ ਵਿੱਚ ਸਿੱਖੀ ਅਤੇ ਸਿੱਖ ਸਭਿਆਚਾਰ ਦੀ ਪ੍ਰਫੁਲਤਾ ਲਈ ਚੇਤੰਨ ਯਤਨ ਕੀਤੇ ਜਾਣ।ਪ੍ਰੋ. ਬਡੂੰਗਰ ਨੇ ਸਾਰੇ ਪ੍ਰਿੰਸੀਪਲ ਸਾਹਿਬਾਨ ਨੂੰ ਇਹ ਤਾਕੀਦ ਕੀਤੀ ਕਿ ਉਹ ਮਹੀਨੇ ਵਿੱਚ ਘੱਟੋ-ਘੱਟ ਇੱਕ ਵਾਰ ਸਾਰੇ ਸਟਾਫ ਦੀ ਮੀਟਿੰਗ ਕਰਨ ਅਤੇ ਉਨ੍ਹਾਂ ਦੇ ਵਿੱਚ ਇਹ ਪ੍ਰੇਰਨਾ ਪੈਦਾ ਕਰਨ ਤਾਂ ਜੋ ਸਾਡੇ ਵਿਦਿਆਰਥੀ ਵੱਧ ਤੋਂ ਵੱਧ ਸਾਡੀਆਂ ਸਿੱਖ ਕਦਰਾਂ-ਕੀਮਤਾਂ ਨਾਲ ਜੁੜ ਸਕਣ।ਉਨ੍ਹਾਂ ਕਿਹਾ ਕਿ ਸਾਰੇ ਕਾਲਜਾਂ ਅਤੇ ਸਕੂਲਾਂ ਦੇ ਸਟਾਫ ਦੀ ਸੀਨੀਆਰਤਾ ਸੂਚੀ ਬਣਾਈ ਜਾਵੇਗੀ ਅਤੇ ਜਿਸ ਦੇ ਅਧਾਰ ‘ਤੇ ਹੀ ਸਾਰੀਆਂ ਤਰੱਕੀਆਂ ਕੀਤੀਆਂ ਜਾਣਗੀਆਂ।
ਭਾਈ ਅਮਰਜੀਤ ਸਿੰਘ ਚਾਵਲਾ, ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀਆਂ ਵਿੱਦਿਅਕ ਸੰਸਥਾਵਾਂ ਨੂੰ ਵਿਲੱਖਣ ਅਤੇ ਨਿਵੇਕਲੀ ਪਹਿਚਾਣ ਬਣਾਉਣ ਅਤੇ ਹੋਰ ਵਧੇਰੇ ਆਪਣੇ ਧਰਮ ਦਾ ਪ੍ਰਚਾਰ ਕਰਨ ਦੀ ਗੱਲ ਕਹੀ।ਉਨ੍ਹਾਂ ਇਹ ਕਿਹਾ ਕਿ ਇਹ ਵਧੀਆ ਗੱਲ ਹੈ ਕਿ ਸਾਡੇ ਅਦਾਰੇ ਅਕਾਦਮਿਕ, ਸਭਿਆਚਾਰਕ ਅਤੇ ਖੇਡਾਂ ਵਿੱਚ ਪ੍ਰਾਪਤੀਆਂ ਕਰ ਰਹੇ ਹਨ ਪਰ ਇਹ ਵੀ ਜਰੂਰੀ ਹੈ ਕਿ ਨਾਲ ਨਾਲ ਸਾਡੇ ਸੰਸਕਾਰਾਂ ਅਤੇ ਧਰਮ ਸਬੰਧੀ ਵੀ ਵਿਦਿਆਰਥੀਆਂ ਨੂੰ ਚੇਤੰਨ ਕੀਤਾ ਜਾਵੇ।
ਹਰਚਰਨ ਸਿੰਘ, ਮੁੱਖ ਸਕੱਤਰ ਨੇ ਪ੍ਰਿੰਸੀਪਲ ਸਾਹਿਬਾਨ ਨੂੰ ਸ਼੍ਰੋਮਣੀ ਕਮੇਟੀ ਦੇ ਨਵੇਕਲੇ ਮਕਸਦ ਨੂੰ ਪਹਿਚਾਣਦਿਆਂ ਹੋਰ ਵੱਧ ਸ਼ਿੱਦਤ ਨਾਲ ਸੰਸਥਾਵਾਂ ਨੂੰ ਅੱਗੇ ਲੈ ਕੇ ਜਾਣ ਦੀ ਗੱਲ ਕਹੀ।ਉਨ੍ਹਾਂ ਇਸ ਗੱਲ ‘ਤੇ ਜੋਰ ਦਿੱਤਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਦਾਰਿਆਂ ਦੀ ਨਵੇਕਲੀ ਪਹਿਚਾਨ ਸਥਾਪਤ ਕਰਨ ਲਈ ਸਾਨੂੰ ਬਹੁਤ ਸੁਹਿਰਦ ਅਤੇ ਸੁਚੇਤ ਯਤਨ ਕਰਨੇ ਪੈਂਣਗੇ।
ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਾ. ਧਰਮਿੰਦਰ ਸਿੰਘ ਉੱਭਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਸੰਸਥਾਵਾਂ ਸਬੰਧੀ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਸੰਸਥਾਵਾਂ ਅਕਾਦਮਿਕ, ਖੇਡਾਂ ਅਤੇ ਸਭਿਆਚਾਰਕ ਖੇਤਰ ਵਿੱਚ ਅਹਿਮ ਪ੍ਰਾਪਤੀਆਂ ਕਰ ਰਹੀਆਂ ਹਨ ਅਤੇ ਭਵਿੱਖ ਵਿੱਚ ਵੀ ਹੋਰ ਬੁਲੰਦੀਆਂ ਛੂਹਣ ਲਈ ਵਚਨਬੱਧ ਅਤੇ ਯਤਨਸ਼ੀਲ ਹਨ।
ਮੰਚ ਦਾ ਸੰਚਾਲਨ ਡਾ. ਕਸ਼ਮੀਰ ਸਿੰਘ, ਡਿਪਟੀ ਡਾਇਰੈਕਟਰ (ਕਾਲਜਾਂ) ਨੇ ਬਾਖੂਬੀ ਕੀਤਾ।ਇਸ ਮੌਕੇ ਵੱਖ-ਵੱਖ ਕਾਲਜ ਪ੍ਰਿੰਸੀਪਲ ਸਾਹਿਬਾਨ ਤੋਂ ਇਲਾਵਾ ਭਾਈ ਅਵਤਾਰ ਸਿੰਘ, ਮੈਂਬਰ, ਧਰਮ ਪ੍ਰਚਾਰ ਕਮੇਟੀ, ਸਕੱਤਰ ਵਿੱਦਿਆ ਮਨਜੀਤ ਸਿੰਘ, ਸਕੱਤਰ ਅਵਤਾਰ ਸਿੰਘ ਅਤੇ ਸਕੱਤਰ ਪਰਮਜੀਤ ਸਿੰਘ ਸਰੋਆ ਵੀ ਹਾਜ਼ਰ ਸਨ।
Check Also
ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …
Punjab Post Daily Online Newspaper & Print Media