ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਉਨ੍ਹਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਸਬੰਧੀ ਸੰਘਰਸ਼ ਨੂੰ ਹੋਰ ਤੇਜ਼ ਕਰਦੇ ਹੋਏ 12 ਨਵੰਬਰ ਨੂੰ ਬਠਿੰਡਾ ਵਿਚ ਵਿਸ਼ਾਲ ਸੂਬਾ ਪੱਧਰੀ ਰੈਲੀ ਅਤੇ ਜਾਮ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਪੀਐਫ ਕਰਮਚਾਰੀ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਇਕਾਈ ਦੇ ਪ੍ਰਧਾਨ ਸਵੀਕਾਰ ਗਾਂਧੀ, ਜਨਰਲ ਸਕੱਤਰ ਧਰਮਿੰਦਰ ਗੁਪਤਾ ਅਤੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸੂਬਾਈ ਪ੍ਰਧਾਨ ਸੁਖਜੀਤ ਸਿੰਘ ਅਤੇ ਜਨਰਲ ਸਕੱਤਰ ਰਣਬੀਰ ਸਿੰਘ ਢੰਡੇ ਤੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ 4 ਨਵੰਬਰ ਨੂੰ ਸੀਪੀਐਫ ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਦੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਉਨ੍ਹਾਂ ਦੇ ਨਿਵਾਸ ਸਥਾਨ ਚੰਡੀਗੜ੍ਹ ਵਿਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਸਬੰਧੀ ਮੁਲਾਕਾਤ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਯੂਨੀਅਨ ਦੀ ਇੱਕੋ ਇੱਕ ਜਾਇਜ ਮੰਗ ਦੇ ਪ੍ਰਤੀ ਸਕਰਾਤਮਕ ਰੁੱਖ ਪ੍ਰਗਟ ਕੀਤਾ ਗਿਆ। ਜਦਕਿ ਮੀਟਿੰਗ ਵਿਚ ਹਾਜ਼ਰ ਪੰਜਾਬ ਦੀ ਅਫ਼ਸਰਸ਼ਾਹੀ ਵੱਲੋਂ ਸੀਪੀਐਫ ਕਰਮਚਾਰੀਆਂ ਦੀ ਹੱਕੀ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਰਸਤੇ ਵਿਚ ਰੁਕਾਵਟ ਪੈਦਾ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਗਈ।
ਅਫਸਰਸ਼ਾਹੀ ਦੀ ਪੁਰਾਣੀ ਪੈਨਸ਼ਨ ਸਕੀਮ ਦੇ ਪ੍ਰਤੀ ਨਕਰਾਤਮਕ ਰਵਈਏ ਅਤੇ ਮੁੱਖ ਮੰਤਰੀ ਦੇ ਸਾਹਮਣੇ ਪੁਰਾਣੀ ਪੈਨਸ਼ਨ ਬਹਾਲ ਕਰਨ ਨੂੰ ਰੋਕਣ ਸਬੰਧੀ ਅਪਣਾਏ ਗਏ ਹਥਕੰਡਿਆਂ ਦੀਆਂ ਕੋਸ਼ਿਸਾਂ ਦੇ ਵਿਰੋਧ ਵਿਚ ਪੰਜਾਬ ਦੇ ਲਗਭਗ ਸਵਾ ਲੱਖ ਸੀਪੀਐਫ ਪ੍ਰਾਪਤ ਕਰ ਰਹੇ ਸਰਕਾਰੀ ਕਰਮਚਾਰੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਅਫ਼ਸਰਸ਼ਾਹੀ ਦੇ ਇਸ ਰਵਈਏ ਦੇ ਖਿਲਾਫ਼ ਸਵਾ ਲੱਖ ਕਰਮਚਾਰੀਆਂ ਦਾ ਗੁੱਸਾ ਸਰਕਾਰ ਦੇ ਪ੍ਰਤੀ ਪ੍ਰਗਟ ਕੀਤਾ ਜਾ ਰਿਹਾ ਹੈ। ਯੂਨੀਅਨ ਦੇ ਪ੍ਰੈਸ ਸਕੱਤਰ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਦੇ ਮੁਤਾਬਕ ਮੀਟਿੰਗ ਵਿਚ ਪੁਰਾਣੀ ਪੈਨਸ਼ਨ ਬਹਾਲੀ ਦੇ ਸਬੰਧ ਵਿਚ ਅਫ਼ਸਰਸ਼ਾਹੀ ਵੱਲੋਂ ਅਪਣਾਏ ਗਏ ਨਕਰਾਤਮਕ ਰਵਈਏ ਦੇ ਖਿਲਾਫ਼ 12 ਨਵੰਬਰ ਨੂੰ ਬਠਿੰਡਾ ਵਿਚ ਰਾਜ ਪੱਧਰੀ ਵਿਸ਼ਾਲ ਰੋਸ ਰੈਲੀ ਅਤੇ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਸਵੀਕਾਰ ਗਾਂਧੀ, ਜਨਰਲ ਸਕੱਤਰ ਧਰਮਿੰਦਰ ਗੁਪਤਾ, ਨਿਸ਼ਾਂਤ ਅਗਰਵਾਲ, ਬੀਐਡ ਅਧਿਆਪਕ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸਤਿੰਦਰ ਸਚਦੇਵਾ, ਤਹਿਸੀਲ ਪ੍ਰਧਾਨ ਰਜੇਸ਼ ਕੁਮਾਰ, ਕਵਿੰਦਰ ਗਰੋਵਰ, ਅਨੂਪ ਗਰੋਵਰ ਅਤੇ ਹੋਰਨਾਂ ਨੇ ਜ਼ਿਲਾ ਫਾਜ਼ਿਲਕਾ ਦੇ ਸਮੂਹ ਵਿਭਾਗਾਂ ਵਿਚ ਕੰਮ ਕਰਦੇ ਸੀਪੀਐਫ ਕਰਮਚਾਰੀਆਂ ਨੂੰ ਪੂਰੇ ਜੋਰਸ਼ੋਰ ਨਾਲ 12 ਨਵੰਬਰ ਨੂੰ ਬਠਿੰਡਾ ਵਿਚ ਹੋਣ ਵਾਲੀ ਰਾਜ ਪੱਧਰੀ ਰੈਲੀ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਲਈ ਕਿਹਾ ਹੈ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media