
ਕੱਥੂਨੰਗਲ, 11 ਨਵੰਬਰ (ਪੰਜਾਬ ਪੋਸਟ ਬਿਊਰੋ)- ਮਾਲ ਤੇ ਲੋਕ ਸੰਪਰਕ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਸ: ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਨਾਲ ਹੋਏ ਇਸ ਵਿਤਕਰੇ ਲਈ ਜ਼ਿੰਮੇਵਾਰ ਹੈ ਇਸ ਲਈ ਉਹ ਸੰਸਦ ਮੈਂਬਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਥਾਂ ਕਾਂਗਰਸ ਛੱਡਣ ਦਾ ਐਲਾਨ ਕਰਦੇ ਤਾਂ ਹੀ ਉਹਨਾਂ ਦੇ ਪੰਜਾਬ ਹਿਤੈਸ਼ੀ ਹੋਣ ਦਾ ਪਤਾ ਲੱਗਣਾ ਸੀ।
ਸ: ਮਜੀਠੀਆ ਅੱਜ ਮੁੱਖ ਮੰਤਰੀ ਤੀਰਥ ਦਰਸ਼ਨ ਯਾਤਰਾ ਸਕੀਮ ਅਧੀਨ ਹਲਕਾ ਮਜੀਠਾ ਤੋਂ 1000 ਦਰਸ਼ਨ ਅਭਿਲਾਸ਼ੀਆਂ ਦੇ ਜਥੇ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ ਵਿਸੇਸ਼ ਰੇਲ ਗੱਡੀ ਨੂੰ ਅਬਚਲ ਨਗਰ ਨੰਦੇੜ ਲਈ ਰਵਾਨਾ ਕਰਨ ਆਏ ਸਨ। ਉਹਨਾਂ ਪੱਤਰਕਾਰਾਂ ਨਾਲ ਗਲ ਬਾਤ ਕਰਦਿਆਂ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਦੀ ਡਰਾਮੇ ਬਾਜੀ ਨਹੀਂ ਚੱਲੇਗੀ। ਉਹਨਾਂ ਕਿਹਾ ਕਿ ਕੈਪਟਨ ਜਿਸ ਨੇ ਕਿ ਵਿਧਾਨਸਭਾ ਚੋਣ ਲੜਨ ਦੀ ਤਿਆਰੀ ਕਰ ਚੁੱਕਿਆ ਹੀ ਸੀ ਇਸ ਲਈ ਉਸ ਦੀ ਐਮ.ਪੀ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਕਿਸੇ ਤਰਾਂ ਵੀ ਕੋਈ ਤੁਕ ਨਹੀਂ ਬਣਦੀ।ਉਹ ਇਸ ਅਸਤੀਫ਼ੇ ਨੂੰ ਐੱਸ ਵਾਈ ਐਲ ਦੇ ਨਾਲ ਨਾ ਜੋੜੇ ਕਿਉਂਕਿ ਇਸ ਨਹਿਰ ਦੇ ਲਈ ਜੋ ਕਾਂਗਰਸ ਦਾ ਨਾਕਾਰਾਤਮਕ ਰੋਲ ਰਿਹਾ ਹੈ ਉਸ ਤੋਂ ਪੰਜਾਬ ਦਾ ਬੱਚਾ ਬੱਚਾ ਜਾਣੂ ਹੈ।ਉਹਨਾਂ ਕਿਹਾ ਕਿ ਕੈਪਟਨ ਦੇ ਅਸਤੀਫ਼ੇ ਨਾਲ ਕਾਂਗਰਸ ‘ਤੇ ਲਗਾ ਇਹ ਕਲੰਕ ਧੁਪਣ ਵਾਲਾ ਨਹੀਂ ਹੈ। ਜੇ ਉਸ ਨੇ ਅਸਤੀਫ਼ਾ ਦੇਣਾ ਹੀ ਸੀ ਤਾਂ ਪੰਜਾਬ ਨਾਲ ਬੇਇਨਸਾਫੀ ਕਰਨ ਵਾਲੀ ਕਾਂਗਰਸ ਪਾਰਟੀ ਦੇ ਅਹੁੱਦਿਆਂ ਤੋਂ ਦਿੰਦਾ।ਉਹਨਾਂ ਕਿਹਾ ਕਿ ਜੇ ਕਾਂਗਰਸੀਆਂ ਨੇ ਅਸਤੀਫ਼ੇ ਹੀ ਦੇਣੇ ਹਨ ਤਾਂ ਫਿਰ ਇੱਕ ਐਮ.ਪੀ ਹੀ ਕਿਉਂ ਰਵਨੀਤ ਸਿੰਘ ਬਿੱਟੂ ਅਤੇ ਚੌਧਰੀ ਸੰਤੋਖ ਸਿੰਘ ਅਤੇ ਸਾਰੇ ਵਿਧਾਇਕ ਕਿਉਂ ਨਹੀਂ।ਸਗੋਂ ਉਹਨਾਂ ਨੂੰ ਕਾਂਗਰਸ ਪਾਰਟੀ ਤੋਂ ਹੀ ਅਸਤੀਫ਼ੇ ਦੇ ਦੇਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਅਕਾਲੀ ਦਲ ਪਹਿਲੇ ਦਿਨ ਤੋਂ ਹੀ ਇਸ ਨਹਿਰ ਦੀ ਉਸਾਰੀ ਦਾ ਸਖ਼ਤ ਵਿਰੋਧ ਕਰਦਾ ਆ ਰਿਹਾ ਹੈ।ਐਸ ਵਾਈ ਐਲ ਨਹਿਰ ਦੀ ਉਸਾਰੀ ਬਾਰੇ ਸੁਪਰੀਮ ਕੋਰਟ ਵੱਲੋਂ ਆਏ ਫੈਸਲੇ ਨੂੰ ਪੰਜਾਬ ਨਾਲ ਧੱਕਾ ਕਰਾਰ ਦਿੰਦਿਆਂ ਅਕਾਲੀ ਦਲ ਦੇ ਇਸ ਸੰਬੰਧੀ ਸਖ਼ਤ ਸਟੈਂਡ ਦੀ ਗਲ ਕੀਤੀ ਤੇ ਕਿਹਾ ਕਿ ਐਸ ਵਾਈ ਐਲ ਬੰਦ ਹੋਣੀ ਚਾਹੀਦੀ ਹੈ, ਸਾਡੀਆਂ ਲਾਸ਼ਾਂ ਦੇ ਉੱਤੋਂ ਪਾਣੀ ਲੈ ਜਾ ਸਕੇ ਤਾਂ ਹੋਰ ਗੱਲ ਹੈ ਉਂਜ ਕਿਸੇ ਵੀ ਹਾਲਾਤ ਵਿੱਚ ਅਸੀਂ ਦੂਜੇ ਰਾਜਾਂ ਨੂੰ ਇੱਕ ਬੂੰਦ ਵੀ ਪਾਣੀ ਦਾ ਨਹੀਂ ਜਾਣ ਦੇਵਾਂਗੇ। ਇਸ ਮੌਕੇ ਸ: ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ,ਭਗਵੰਤ ਸਿੰਘ ਸਿਆਲਕਾ,ਜੋਧ ਸਿੰਘ ਸਮਰਾ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਐਸਡੀਐਮ ਦਮਨਜੀਤ ਸਿੰਘ ਮਾਨ, ਟਰੇਨ ਮੈਨੇਜਰ ਹਰੀ ਸਿੰਘ, ਗਗਨਦੀਪ ਸਿੰਘ ਭਕਨਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸੁਖਵਿੰਦਰ ਸਿੰਘ ਗੋਲਡੀ, ਸਰਬਜੀਤ ਸਿੰਘ ਸਪਾਰੀਵਿੰਡ, ਪ੍ਰਦੀਪ ਬੈਂਸ ਤਹਿਸੀਲਦਾਰ, ਲਛਮਨ ਗਿੱਲ, ਕੁਲਵਿੰਦਰ ਸਿੰਘ ਧਾਰੀਵਾਲ, ਹਰਵਿੰਦਰ ਸਿੰਘ ਪੱਪੂ ਕੋਟਲਾ, ਡਾ: ਤਰਸੇਮ ਸਿਆਲਕਾ, ਗੁਰਵੇਲ ਅਲਕੜੇ, ਸਰਪੰਚ ਅਮਰੀਕ ਸਿੰਘ ਢਡੇ, ਮੇਜਰ ਕਲੇਰ ਆਦਿ ਮੌਜੂਦ ਸਨ ।
Punjab Post Daily Online Newspaper & Print Media