Friday, March 6, 2026

ਆਰਟ ਗੈਲਰੀ ਵਿਖੇ ‘ਆਨ ਦੀ ਸਪਾਟ ਚਿੱਤਰਕਾਰੀ ਮੁਕਾਬਲੇ-2016’ ਕਰਵਾਏ ਗਏ

ppn1511201603ਅੰਮ੍ਰਿਤਸਰ, 15 ਨਵੰਬਰ (ਜਗਦੀਪ ਸਿੰਘ ਸੱਗੂ)-ਅਜ਼ਾਦੀ ਤੋਂ ਪਹਿਲਾਂ ਦੇ ਸਮੇਂ ਤੋਂ ਕਲਾ ਦੇ ਖੇਤਰ ਨੂੰ ਪ੍ਰਫ਼ੁਲਿੱਤ ਕਰਦੀ ਆ ਰਹੀ ਇੰਡੀਅਨ ਅਕੈਡਮੀ ਆਫ਼ ਫ਼ਾਈਨ ਆਰਟ (ਆਰਟ ਗੈਲਰੀ) ਵਿਖੇ ਦਿਲਕਸ਼ ਕਲਾਕ੍ਰਿਤੀਆਂ ਨੂੰ ਪ੍ਰਦਰਸ਼ਿਤ ਕਰਨ ਲਈ 21 ਨਵੰਬਰ ਤੱਕ ਚੱਲਣ ਵਾਲੀ ’82ਵੀਂ ਆਲ ਇੰਡੀਆ ਕਲਾ ਪ੍ਰਦਰਸ਼ਨੀ-2016′ ਦੀ ਕੜੀ ਨੂੰ ਅੱਗੇ ਤੋਰਦਿਆਂ ਅੱਜ ਪੰਡਿਤ ਜਵਾਹਰ ਲਾਲ ਨਹਿਰੂ ਦੇ ਜਨਮ ਦਿਨ ਮੌਕੇ ‘ਬਾਲ-ਦਿਵਸ’ ਨੂੰ ਸਮਰਪਿਤ ‘ਆਨ ਦੀ ਸਪਾਟ ਚਿੱਤਰਕਾਰੀ ਮੁਕਾਬਲੇ-2016’ ਆਯੋਜਿਤ ਕੀਤਾ ਗਿਆ।ਆਰਟ ਗੈਲਰੀ ਦੇ ਪ੍ਰਧਾਨ ਰਜਿੰਦਰ ਮੋਹਨ ਸਿੰਘ ਛੀਨਾ ਦੇ ਯੋਗਦਾਨ ਨਾਲ ਕਲਾਕਾਰਾਂ ਦੀ ਛੁਪੀ ਪ੍ਰਤਿਭਾ ਨੂੰ ਪਰਖਣ ਅਤੇ ਉਸਦੇ ‘ਚ ਹੋਰ ਨਿਖਾਰ ਲਿਆਉਣ ਦੇ ਮਕਸਦ ਤਹਿਤ ਕਰਵਾਏ ਗਏ ਪ੍ਰੋਗਰਾਮ ‘ਚ ਖ਼ਾਲਸਾ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਸਰਬਜੀਤ ਸਿੰਘ ਚਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਿਸ ‘ਚ ਜ਼ਿਲ੍ਹੇ ਦੇ 33 ਅਤੇ 1 ਬਟਾਲਾ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਇਸ ਮੌਕੇ ਉੱਪ ਕੁਲਪਤੀ ਡਾ. ਚਾਹਲ ਨੇ ਕਿਹਾ ਕਿ ਅਜਿਹੀਆਂ ਵਰਕਸ਼ਾਪਾਂ ਦਾ ਆਯੋਜਨ ਕਰਨ ਨਾਲ ਜਿੱਥੇ ਵਿਦਿਆਰਥੀਆਂ ਦੀ ਸਮਝਦਾਰੀ ਅਤੇ ਕਾਬਲੀਅਤ ਜਾਹਿਰ ਹੁੰਦੀ ਹੈ, ਉੱਥੇ ਉਹ ਅਤਿ-ਆਧੁਨਿਕ ਤਕਨੀਕ ਨਾਲ ਆਪਣੇ ਹੁਨਰ ਪ੍ਰਤੀ ਸੰਜੀਦਾ ਹੁੰਦੇ ਹੋਏ ਕਲਾ ਦੇ ਤਜ਼ਰਬੇਕਾਰ ਇਨਸਾਨ ਵਜੋਂ ਉੱਭਰਦੇ ਹਨ। ਡਾ. ਚਾਹਲ ਨੇ ਕਿਹਾ ਕਿ ਆਰਟ ਗੈਲਰੀ, ਜੋ ਕਿ ਸੰਨ 1947 ਦੀ ਭਾਰਤ-ਪਾਕਿ ਦੀ ਵੰਡ ਵਰਗੇ ਸੰਤਾਪ ਹੰਢਾ ਚੁੱਕੇ ਵੇਲੇ ਤੋਂ ਪਹਿਲਾਂ ਕਲਾਕਾਰਾਂ ਲਈ ਇਕ ਪਲੇਟਫ਼ਾਰਮ ਵਜੋਂ ਆਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ, ਜਿਸ ਨੇ ਪ੍ਰਸਿੱਧ ਕਲਾਕਾਰਾਂ ਦੀਆਂ ਕਲਾਕ੍ਰਿਤੀਆਂ ‘ਚ ਚਿੱਤਰਕਲਾਵਾਂ, ਡਰਾਇੰਗ, ਬੁੱਤਸਾਜੀ, ਫੋਟੋਗ੍ਰਾਫ਼ਰੀ ਅਤੇ ਗ੍ਰਾਫ਼ਿਕਸ ਨੂੰ ਪ੍ਰਦਰਸ਼ਨ ਕਰਕੇ ਪ੍ਰਸਿੱਧੀ ਅਤੇ ਅਹਿਮ ਮੁਕਾਮ ਦਿਵਾਉਣ ‘ਚ ਆਪਣਾ ਅਣਮੁੱਲਾ ਰੋਲ ਅਦਾ ਕੀਤਾ ਹੈ।
ਇਸ ਮੌਕੇ ਸ: ਛੀਨਾ ਨੇ ਕਿਹਾ ਕਿ ਸੁਹਿਰਦ ਤੇ ਚੰਗੇ ਸਮਾਜ ਦੇ ਨਿਰਮਾਣ ‘ਚ ਕਲਾਕਾਰਾਂ ਦੇ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆ ਕਲਾਕਾਰਾਂ ਨੂੰ ਸਮਾਜ ਦੀ ਖਾਸ ਕੜੀ ਦੱਸਿਆ।ਆਰਟ ਗੈਲਰੀ ਦੇ ਵਿੱਤ ਸਕੱਤਰ ਸ: ਅਰਵਿੰਦਰ ਸਿੰਘ ਚਮਕ ਦੀ ਮੌਜ਼ੂਦਗੀ ‘ਚ ਛੀਨਾ ਨੇ ਕਿਹਾ ਕਿ ਉਕਤ ਸਕੂਲਾਂ ‘ਚੋਂ 439 ਬੱਚਿਆਂ ਨੇ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਜਿਸ ‘ਚ ੫ ਕੈਟਾਗਰੀਆਂ ਜਿਵੇਂ ਕਿ ਪਹਿਲੀ ਤੋਂ ੫ਵੀਂ ਤੱਕ ਏ, 6ਵੀਂ ਤੋਂ ੮ਵੀਂ ਤੱਕ ਬੀ, 9ਵੀਂ ਤੋਂ 10ਵੀਂ ਤੱਕ ਸੀ, +1 ਤੋਂ +2 ਤੱਕ ਡੀ., ਅਤੇ ਈ ਗਰੁੱਪ ਬੁੱਤ ਤਰਾਸ਼ੀ ਲਈ ਰੱਖਿਆ ਗਿਆ।ਉਨ੍ਹਾਂ ਕਿਹਾ ਕਿ ਸਭ ਤੋਂ ਹੈਰਾਨੀਜਨਕ ਅਤੇ ਮਾਣ ਵਾਲੀ ਗੱਲ ਇਹ ਰਹੀ ਕਿ ਉਕਤ ਮੁਕਾਬਲੇ 19 ਉਨ੍ਹਾਂ ਵਿਦਿਆਰਥੀਆਂ ਨੇ ਭਾਗ ਲਿਆ, ਜੋ ਕਿ ਬੋਲ ਅਤੇ ਸੁਣ ਨਹੀਂ ਸਕਦੇ ਸਨ।
ਇਸ ਮੌਕੇ ਪ੍ਰੋਗਰਾਮ ਕਨਵੀਨਰ ਨਰਿੰਦਰ ਸਿੰਘ ਬੁੱਤ ਤਰਾਸ਼ ਅਤੇ ਡਾ. ਜੀਵਨ ਸੋਢੀ, ਵਰਿੰਦਰਪਾਲ ਸਿੰਘ, ਓ. ਪੀ ਵਰਮਾ, ਨਰਿੰਦਰ ਸਿੰਘ, ਕਰਮਜੀਤ ਸਿੰਘ ਨੇ ਮਾਹਿਰ ਜੂਇਰੀ ਵਜੋਂ ਭੂਮਿਕਾ ਨਿਭਾਈ। ਮੁਕਾਬਲੇ ਦੌਰਾਨ ਜੇਤੂ ਆਏ ਹਰੇਕ ਗਰੁੱਪ ‘ਚ ਪਹਿਲਾਂ, ਦੂਜਾ ਅਤੇ ਤੀਸਰਾ ਇਨਾਮ ਛੀਨਾ, ਡਾ. ਚਾਹਲ ਤੇ ਹੋਰ ਸਖ਼ਸ਼ੀਅਤਾਂ ਵੱਲੋਂ ਵਿਦਿਆਰਥੀਆਂ ਨੂੰ ਤਕਸੀਮ ਕੀਤਾ ਗਿਆ।ਜਦਕਿ ਓਵਰਆਲ ਟਰਾਫ਼ੀ ਮਾਨਵ ਪਬਲਿਕ ਸਕੂਲ ਦੇ ਖਾਤੇ ‘ਚ ਰਹੀ।ਇਸ ਮੌਕੇ  ਗੋਪਾਲ ਕਰੋਧੀਵਾਲ, ਸੀ ਗੁਲਸ਼ਨ ਕੁਮਾਰ ਸਿਡਾਨਾ, ਸ਼ਿਵਦੇਵ ਸਿੰਘ, ਸੁਖਪਾਲ ਸਿੰਘ, ਮੈਡਮ ਰਵਿੰਦਰ ਢਿੱਲੋਂ, ਡਾ. ਕੇ. ਐਸ ਮਨਚੰਦਾ, ਅਤੁਲ ਮਹਿਰਾ, ਕੁਲਵੰਤ ਸਿੰਘ ਗਿੱਲ, ਕੇਵਲ ਸਹਿਗਲ ਆਦਿ ਸ਼ਾਮਿਲ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply