
ਅੰਮ੍ਰਿਤਸਰ, 25 ਨਵੰਬਰ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ‘ਚ ਆਪਣੀਆਂ ਸਰਗਰਮੀਆਂ ਤੇਜ਼ ਕਰਨ ਹਿੱਤ ਅੱਜ ਹਲਕੇ ਦੇ ਵੱਡੇ ਪਿੰਡ ਬੇਗੇਵਾਲ ਵਿਖੇ ਸਰਕਲ ਇੰਚਾਰਜਾਂ ਅਤੇ ਸਰਗਰਮ ਵਾਲੰਟੀਅਰਾਂ ਦੀ ਮੀਟਿੰਗ ਕੀਤੀ ਗਈ, ਜਿਸ ਦੌਰਾਨ ਸਮੁੱਚੇ ਹਲਕੇ ਦੇ 193 ਬੂਥਾਂ ਮੁਤਾਬਿਕ 25 ਸਰਕਲ ਇੰਚਾਰਜ ਚੁਣਨ ਦਾ ਫੈਸਲਾ ਕੀਤਾ ਗਿਆ।
ਆਮ ਆਦਮੀ ਪਾਰਟੀ ਦੇ ਜ਼ੋਨ ਨਿਗਰਾਨ ਰਾਹੁਲ ਸ਼ੁਕਲਾ ਦੀ ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਸਮੁੱਚੇ ਮਜੀਠਾ ਹਲਕੇ ‘ਚ ਹੁਣ ਤੱਕ ਸਰਗਰਮ ਵਾਲੰਟੀਅਰਾਂ ਤੇ ਸਰਕਲ ਇੰਚਾਰਜਾਂ ਨੇ ਆਪੋ-ਆਪਣੇ ਸੁਝਾਅ ਦਿੱਤੇ, ਜਿਹਨਾਂ ‘ਤੇ ਭਰਵੀਂ ਚਰਚਾ ਕੀਤੀ ਗਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਮਜੀਠਾ ਹਲਕੇ ‘ਚ ਆਪ ਦਾ ਜਥੇਬੰਦਕ ਢਾਂਚਾ ਹੋਰ ਮਜ਼ਬੂਤ ਕਰਨ ਲਈ ਸਮੁੱਚੇ 193 ਬੂਥਾਂ ਵਾਸਤੇ 25 ਸਰਕਲ ਇੰਚਾਰਜ ਚੁਣੇ ਜਾਣਗੇ। ਇਹਨਾਂ ਦੀ ਚੋਣ 30 ਨਵੰਬਰ ਤੱਕ ਮੁਕੰਮਲ ਕਰਕੇ ਬੂਥ ਇੰਚਾਰਜ ਨਿਯੁਕਤ ਕਰਨ ਦੀ ਪ੍ਰਕਿਰਿਆ ਆਰੰਭੀ ਜਾਵੇਗੀ। ਜ਼ੋਨ ਨਿਗਰਾਨ ਰਾਹੁਲ ਸ਼ੁਕਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਮਜੀਠਾ ‘ਤੋਂ ਅਕਾਲੀ ਦਲ ਦੀ ਸੰਭਾਵੀ ਦਿਖਾਈ ਦੇ ਰਹੀ ਹਾਰ ਨੂੰ ਪੱਕਾ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਮੀਟਿੰਗ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਦੇ ਆਗੂਆਂ ਪ੍ਰਗਟ ਸਿੰਘ ਚੋਗਾਵਾਂ, ਸੁਖਦੀਪ ਸਿੱਧੂ, ਜਸਕਰਨ ਬੰਦੇਸ਼ਾ ਅਤੇ ਸਰਬਜੋਤ ਸਿੰਘ ਨੇ ਕਿਹਾ ਕਿ ਮਜੀਠਾ ਹਲਕੇ ਦੇ ਆਮ ਲੋਕ ਮੌਜੂਦਾ ਵਿਧਾਇਕ ਦੇ ਦਹਿਸ਼ਤੀ ਰਾਜ ਤੋਂ ਅੱਕੇ ਪਏ ਹਨ ਅਤੇ ਲੋਕ ਪੂਰੀ ਸ਼ਿੱਦਤ ਨਾਲ ਤਬਦੀਲੀ ਚਾਹੁੰਦੇ ਹਨ। ਆਗੂਆਂ ਨੇ ਕਿਹਾ ਕਿ ਲੋਕ-ਸ਼ਕਤੀ ਗੁੰਡਾ ਰਾਜ ਦੇ ਮਾਈ-ਬਾਪ ਨੂੰ ਸਬਕ ਸਿਖਾਉਣ ਲਈ ਢੁਕਵੇਂ ਸਮੇਂ ਦੀ ਉਡੀਕ ਕਰ ਰਹੀ ਹੈ ਅਤੇ ਲੋਕਾਂ ਦੀ ਇਹ ਇੱਛਾ ਪੂਰੀ ਕਰਨ ਲਈ ਆਮ ਆਦਮੀ ਪਾਰਟੀ ਹਰ ਯਤਨ ਕਰੇਗੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਲੱਖਾ ਸਿੰਘ ਬੇਗੇਵਾਲ, ਸਤਨਾਮ ਜੱਜ, ਗੁਰਭੇਜ ਸਿੰਘ ਸਿੱਧੂ, ਗੁਰਮੰਗਲ ਸਿੰਘ ਮਜਵਿੰਡ, ਰਮਨਦੀਪ ਸਿੰਘ, ਰਾਜਵਿੰਦਰ ਸਿੰਘ ਨਾਗ, ਕ੍ਰਿਪਾਲ ਸਿੰਘ, ਮਨਵਿੰਦਰ ਸਿੰਘ ਚੋਗਾਵਾਂ, ਸੁਰਜੀਤ ਸਿੰਘ ਭੋਏਵਾਲ, ਬੱਬਨ ਗਿੱਲ ਅਤੇ ਹੋਰ ਸਰਗਰਮ ਵਾਲੰਟੀਅਰ ਵੀ ਮੌਜੂਦ ਸਨ।
Punjab Post Daily Online Newspaper & Print Media