Tuesday, March 17, 2026

ਖ਼ਾਲਸਾ ਕਾਲਜ ਵਿਖੇ ਖੇਤੀ ਵਿੱਚ ਦੁਸ਼ਮਣ ਕੀੜਿਆਂ ਦੇ ਖਾਤਮੇ ਲਈ ‘ਬਾਇਓ ਲੈਬ ਸਥਾਪਿਤ’

ppn2511201610
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ‘ਕੁਦਰਤੀ ਖੇਤੀ’ ਨੂੰ ਪ੍ਰੋਤਸਾਹਿਤ ਲਈ ਉਚਿੱਤ ਕਦਮ ਚੁੱਕਦਿਆਂ ਇਤਿਹਾਸਕ ਖ਼ਾਲਸਾ ਕਾਲਜ ਵਿਖੇ ‘ਬਾਇਓ ਕੰਟਰੋਲ ਲੈਬ’ (ਬੀ.ਸੀ.ਐਲ) ਸਥਾਪਿਤ ਕੀਤੀ ਗਈ ਹੈ, ਜਿਸ ਵਿੱਚ ਫ਼ਸਲਾਂ ਅਤੇ ਸਬਜ਼ੀਆਂ ਨੂੰ ਲੱਗਣ ਵਾਲੇ ਕੀੜਿਆਂ ਨੂੰ ਕੁਦਰਤੀ ਤੌਰ ‘ਤੇ ਮਿੱਤਰ ਕੀੜਿਆਂ ਨਾਲ ਖ਼ਤਮ ਕਰਨ ਦੀਆਂ ਵਿਧੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ।ਉਕਤ ਲੈਬ ਵਿੱਚ ਗੰਨਾ, ਜੈਵਿਕ ਬਾਸਮਤੀ, ਮੱਕੀ, ਕਪਾਹ, ਆਲੂ, ਟਮਾਟਰ, ਭਿੰਡੀ, ਫੁਲ ਗੋਭੀ, ਬਤਾਓਂ, ਕੇਲਾ, ਤੇਲ ਵਾਲੀਆਂ ਫਸਲਾਂ ਅਤੇ ਕਿਨੂੰ ਆਦਿ ਨੂੰ ਲੱਗਣ ਵਾਲੇ ਕੀੜਿਆਂ ਨੂੰ ਖ਼ਤਮ ਕਰਨ ਲਈ ‘ਕੋਰ ਸੈਰਾ ਸਫ਼ੈਲੋਨਿਕਾ’ ਅਤੇ ਹੋਰ ਮਿੱਤਰ ਕੀੜੇ ਤਿਆਰ ਕਰਕੇ ਕਿਸਾਨਾਂ ਨੂੰ ਮੁਹੱਈਆ ਕਰਵਾਏ ਜਾ ਰਹੇ ਹਨ।
ਖੇਤੀਬਾੜੀ ਵਿੱਚ ਵਧਦੀਆਂ ਦਵਾਈਆਂ ਦੇ ਇਸਤੇਮਾਲ ਅਤੇ ਜ਼ਮੀਨ ਜ਼ਹਿਰਲੀ ਹੋਣ ਤੋਂ ਬਚਾਉਣ ਲਈ ਅਜਿਹੀਆਂ ਨਵੀਆਂ ਵਿਧੀਆਂ ਅਪਨਾਈਆਂ ਜਾ ਰਹੀਆਂ ਹਨ, ਜਿਸ ਵਿੱਚ ਜੀਵਾਂ ਦੀ ਵਰਤੋਂ ਕਰਕੇ ਫ਼ਸਲਾਂ ਨੂੰ ਮਾਰੂ ਕੀੜਿਆਂ ਤੋਂ ਬਚਾਇਆ ਜਾਂਦਾ ਹੈ। ਕਾਲਜ ਦੇ ਖੇਤੀਬਾੜੀ ਵਿਭਾਗ ਦੇ ਖੋਜ਼ਕਾਰਾਂ ਨੇ ਦੱਸਿਆ ਕਿ ਕਿਸਾਨ ਮਿੱਤਰ ਕੀੜਿਆਂ ਨੂੰ ਆਪਣੀਆਂ ਫ਼ਸਲਾਂ ਵਿੱਚ ਛੱਡ ਕੇ ਹਮਲਾਵਰ ਕੀੜਿਆਂ ਨੂੰ ਜੜ੍ਹੋਂ ਖ਼ਤਮ ਕਰ ਸਕਦੇ ਹਨ, ਜਿਸ ਨਾਲ ਕੁਦਰਤੀ ਤੌਰ ‘ਤੇ ਫ਼ਸਲਾਂ ਨੂੰ ਨੁਕਸਾਨ ਤੋਂ ਬਚਾਇਆ ਜਾ ਸਕਦਾ ਹੈ। ਆਮ ਫ਼ਸਲਾਂ ਤੋਂ ਇਲਾਵਾ ਸਬਜ਼ੀਆਂ ਅਤੇ ਫਲਾਂ ਨੂੰ ਦੁਸ਼ਮਣ ਕੀੜੇ ਖ਼ਤਮ ਕਰਕੇ ਉਨ੍ਹਾਂ ਦੀ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਜੋ ਕਿ ਇਸ ਲੈਬ ਨੂੰ ਸਥਾਪਿਤ ਕਰਨ ਦੇ ਮੋਹਰੀ ਹਨ, ਨੇ ਕਿਹਾ ਕਿ ਕਾਲਜ ਨੇ ਆਪਣੇ 50 ਏਕੜ ਫ਼ਾਰਮ ਤੋਂ ਇਲਾਵਾ ਵਿਭਾਗ ਹੋਰ ਵੀ ਕਿਸਾਨਾਂ ਨਾਲ ਮਿਲ ਕੇ ਇਸ ਨਵੀਂ ਵਿਧੀ ਦੇ ਪ੍ਰਸਾਰ ਲਈ ਕਾਰਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਸ ਸਬੰਧੀ ਸਿਖਲਾਈ ਦੇਣ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਉਹ ਜ਼ਹਿਰਲੀਆਂ ਦਵਾਈਆਂ ਦੀ ਵਰਤੋਂ ਨੂੰ ਘਟਾਉਣ ਅਤੇ ਕੁਦਰਤੀ ਖੇਤੀ ਨੂੰ ਅਪਨਾਉਣ।
ਨਵੀਂ ਸਥਾਪਿਤ ਕੀਤੀ ਗਈ ਲੈਬ ਦੇ ਇੰਚਾਰਜ ਡਾ. ਰਜਿੰਦਰਪਾਲ ਸਿੰਘ ਨੇ ਕਿਹਾ ਕਿ ਪਰਭਖਸ਼ੀ ਕੀੜਿਆ (ਹਾਨੀਕਾਰਕ ਕੀੜਿਆਂ ਨੂੰ ਖਾਣ ਵਾਲੇ ਮਿੱਤਰ ਕੀੜੇ) ਜਿਵੇਂ ਲਾਲ ਭੂੰਡੀ, ਸਿਰਫ਼ਿਡ, ਮਕੜੀ, ਕੈਰਾਬਿਡ, ਸਟੇਫਾਈਲਿਨਿਡ, ਡਰੈਗਨ ਮੱਖੀ, ਸੋਨਮੱਖੀ, ਮਿਰਿਡਬੱਗ, ਪਰਭਖਸ਼ੀ ਪੈਂਟਾਟੋਮਿਡ, ਐਨਥੋਕੋਰਿਡਬਗ, ਪਰਭਖਸ਼ੀ ਕੀੜੀ ਆਦਿ ਇਸ ਲੈਬ ਵਿੱਚ ਤਿਆਰ ਕੀਤੇ ਜਾਂਦੇ ਹਨ। ਜਿਨ੍ਹਾਂ ਨੂੰ ਫਸਲਾਂ ਵਿੱਚ ਛੱਡ ਕੇ ਅਸੀ ਨੁਕਸਾਨ ਕਰਨ ਵਾਲੇ ਕੀੜਿਆਂ ਦੀ ਗਿਣਤੀ ਨੂੰ ਘੱਟ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਉਕਤ ਮਿੱਤਰ ਕੀੜੇ ਦੁਸ਼ਮਣ ਕੀੜੇ ਨੂੰ ਫ਼ਸਲ ਜਾਂ ਸਬਜੀ ‘ਤੇ ਲੱਗਣ ਤੋਂ ਪਹਿਲਾਂ ਹੀ ਮਾਰ-ਮੁਕਾਉਂਦਾ ਹਨ।
ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਬੀਜੀਆਂ ਜਾਣ ਵਾਲੀਆਂ ਫ਼ਸਲਾਂ ਅਤੇ ਸਬਜ਼ੀਆਂ ‘ਤੇ ਰਸਾਇਣਕ ਵਿਧੀਆਂ ਰਾਹੀਂ ਕਾਬੂ ਪਾਉਣਾ ਸੰਭਵ ਨਹੀਂ ਸੀ, ਜਿਸ ਲਈ ਲੈਬ ਨੂੰ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਾਲਜ ਦੇ ਖੇਤੀਬਾੜੀ ਵਿਭਾਗ ਦੇ ਵਿਦਿਆਰਥੀਆਂ ਲਈ ਪਰਖ ਤੋਂ ਇਲਾਵਾ ਇਹ ਲੈਬ 500 ਏਕੜ ਦੇ ਬਾਹਰਲੇ ਫ਼ਾਰਮ ਜਿਨ੍ਹਾਂ ਵਿੱਚ ਬਹੁਤ ਸਾਰੀਆਂ ਸ਼ੂਗਰ ਮਿੱਲਾਂ ਦੇ ਫ਼ਾਰਮ ਸ਼ਾਮਿਲ ਹਨ, ਲਈ ਲਾਹੇਵੰਦ ਸਾਬਿਤ ਹੋ ਰਹੀ ਹੈ। ਕਿਉਂਕਿ ਪਹਿਲਾਂ ਹੀ ਕਾਲਜ ਦੀ ਇਸ ਲੈਬ ਦੀ ਵਰਤੋਂ ਲਈ ਉਨ੍ਹਾਂ ਨੇ ਇੱਥੇ ਪਹੁੰਚ ਕੀਤੀ ਹੈ। ਜਿਸ ਤੋਂ ਵਿਭਾਗ ਮੁਨਾਫ਼ ਵੀ ਕਰ ਸਕਦਾ ਹੈ ਜੋ ਕਿ ਖੇਤੀਬਾੜੀ ਵਿਭਾਗ ਵਿੱਚ ਚਲ ਰਹੇ ਖੋਜ਼ ਅਤੇ ਪੜ੍ਹਾਈ ਨੂੰ ਹੋਰ ਵਿਕਸਿਤ ਕਰਨ ਵਿੱਚ ਸਹਾਈ ਹੋਵੇਗਾ।
ਵਿਭਾਗ ਮੁੱਖੀ ਡਾ. ਰਣਦੀਪ ਕੌਰ ਬੱਲ ਨੇ ਕਿਹਾ ਕਿ ਚੀਨ, ਮਲੇਸ਼ੀਆ, ਬ੍ਰਾਜ਼ੀਲ, ਤਨਜਾਨੀਆ ਅਤੇ ਫ਼ਿਲਪੀਨ ਵਰਗੇ ਦੇਸ਼ਾਂ ਵਿੱਚ ਇਸ ਵਿਧੀ ਨੂੰ ਬੜ੍ਹੇ ਵੱਡੇ ਪੱਧਰ ‘ਤੇ ਇਸਤੇਮਾਲ ਕੀਤਾ ਜਾ ਰਿਹਾ ਹੈ ਪਰ ਸਾਡੇ ਦੇਸ਼ ਵਿੱਚ ਅਜੇ ਤੱਕ ਇਸ ਸਬੰਧੀ ਪੂਰੀ ਜਾਣਕਾਰੀ ਕਿਸਾਨਾਂ ਨੂੰ ਉਪਲਬੱਧ ਨਹੀਂ ਹੈ, ਜਿਸਦੇ ਲਈ ਵਿਭਾਗ ਕਿਸਾਨ ਮੇਲੇ ਅਤੇ ਕੈਂਪ ਲਗਾ ਕੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਕਦਮ ਉਠਾਏਗਾ।

Check Also

ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …

Leave a Reply