
ਅੰਮ੍ਰਿਤਸਰ, 25 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) – ਇਸ ਸਮੇਂ ਸਿੱਖ ਧਰਮ ਦੇ ਸਿਧਾਂਤ ਤੇ ਰਹਿਤ ਮਰਿਯਾਦਾ ਦੇ ਸਹੀ ਸਰੂਪ ਨੂੰ ਪ੍ਰਚਾਰਨ ਅਤੇ ਇਨ੍ਹਾਂ ਦੀ ਮੁੜ ਸਥਾਪਤੀ ਲਈ ਗਿਆਨੀ ਦਿੱਤ ਸਿੰਘ ਨੇ ਜੋ ਸਾਹਿਤ ਰਚਿਆ ਹੈ, ਉਹ ਬਹੁਤ ਹੀ ਮੁੱਲਵਾਨ ਸੀ। ਇਸ ਸਮੇਂ ਜੇਕਰ ਸਿੱਖ ਧਰਮ ਸ਼ਾਸ਼ਤਰ ਦੀ ਪੁਨਰ ਵਿਆਖਿਆ ਹੋਈ ਤਾਂ ਉਹ ਗਿ: ਦਿੱਤ ਸਿੰਘ ਰਚਿਤ ਸਾਹਿਤ ਵਿੱਚੋਂ ਲੱਭੀ ਜਾ ਸਕਦੀ ਹੈ। ਇਨ੍ਹਾਂ ਸ਼ਬਦਾਂ ਦਾ ਖ਼ੁਲਾਸਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਆਪਣੇ ਦਫਤਰ ਵਿਖੇ ਕੌਂਸਲ ਦੇ ਫ਼ਾਊਂਡਰ ਮੈਂਬਰ ਅਤੇ ਸਿੰਘ ਸਭਾ ਲਾਹੌਰ ਦੇ ਮਹਾਨ ਵਿਦਵਾਨ ਗਿਆਨੀ ਦਿੱਤ ਸਿੰਘ ਦੀ ‘ਰਚਨਾਵਲੀ ਧਰਮ ਤੇ ਫਲਸਫ਼ਾ’ ਪੁਸਤਕ ਨੂੰ ਲੋਕ ਅਰਪਿਤ ਕਰਨ ਮੌਕੇ ਕੀਤਾ।
ਕਾਲਜ ਵਿਖੇ ਸਿੱਖ ਇਤਿਹਾਸ ਖੋਜ ਵਿਭਾਗ ਦੇ ਮੁੱਖੀ ਡਾ. ਇੰਦਰਜੀਤ ਸਿੰਘ ਗੋਗੋਆਣੀ ਦੁਆਰਾ ਸੰਪਾਦਿਤ ਇਸ ਪੁਸਤਕ ਵਿੱਚ ਗਿਆਨੀ ਜੀ ਦੀਆਂ ਹਥਲੀ ਲਿਖ਼ਤਾਂ ‘ਨਕਲੀ ਸਿੱਖ ਪ੍ਰਬੋਧ, ਗੁਰਮਤਿ ਆਰਤੀ ਪ੍ਰਬੋਧ, ਧਰਮ ਦਰਪਨ ਅਤੇ ਡਰਪੋਕ ਸਿੰਘ ਦਲੇਰ ਸਿੰਘ’ ਆਪਣੇ ਸਮੇਂ ਦੀਆਂ ਚਰਚਿਤ ਰਚਨਾਵਾਂ, ਨੂੰ ਇਕ ਜਿਲਦ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਹੈ।
ਸ: ਛੀਨਾ ਨੇ ਡਾ. ਗੋਗੋਆਣੀ ਨੂੰ ਵਧਾਈ ਦਿੰਦਿਆਂ ਪੁਸਤਕ ਦੇ ਵਿਮੋਚਨ ਸਬੰਧੀ ਕਿਹਾ ਕਿ ਗਿ: ਦਿੱਤ ਸਿੰਘ ਦੀਆਂ ਰਚਨਾਵਾਂ ਇਕ ਦਰੁਲੱਭ ਖ਼ਜਾਨਾ ਹਨ ਜੋ ਤਕਰੀਬਨ 100 ਸਾਲ ਬਾਅਦ ਦੁਬਾਰਾ ਸੰਪਾਦਿਤ ਹੋ ਕੇ ਪ੍ਰਕਾਸ਼ਿਤ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਕੌਂਸਲ ਦੇ ਇਸ ਮੈਂਬਰ ਨੇ 19ਵੀਂ ਸਦੀ ਦੇ ਅੰਤਲੇ ਦਹਾਕਿਆਂ ਵਿੱਚ 40 ਦੇ ਕਰੀਬ ਪੁਸਤਕਾਂ ਰਚੀਆਂ ਅਤੇ ਕਈ ਸਾਲ ਖ਼ਾਲਸਾ ਅਖ਼ਬਾਰ ਲਾਹੌਰ ਸੰਪਾਦਿਤ ਕਰਦੇ ਰਹੇ। ਸ: ਛੀਨਾ ਨੇ ਕਿਹਾ ਕਿ ਸੰਨ 1896 ਵਿੱਚ ਖ਼ਾਲਸਾ ਕਾਲਜੀਏਟ ਸਕੂਲ ਦੇ ਵਿਦਿਆਰਥੀਆਂ ਲਈ ਇਨ੍ਹਾਂ ਨੇ 2 ਧਰਮ ਪੋਥੀਆਂ ਵੀ ਲਿਖੀਆਂ ਸਨ ਅਤੇ ‘ਧਰਮ ਤੇ ਫ਼ਲਸਫ਼ਾ’ ਪੁਸਤਕ ਵੀ ਉਨ੍ਹਾਂ ਦਾ ਗੁਰਮਤਿ ਸਾਹਿਤ ਲਈ ਵੱਡਾ ਕਾਰਜ ਹੈ।
ਇਸ ਮੌਕੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਡਾ. ਗੋਗੋਆਣੀ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਗਿ: ਦਿੱਤ ਸਿੰਘ ਦੀਆਂ ਲਿਖ਼ਤਾਂ ਦੀ ਮਹੱਤਤਾ ਇਸ ਗੱਲ ਤੋਂ ਵੀ ਆਂਕੀ ਜਾ ਸਕਦੀ ਹੈ ਕਿ ਅਜੋਕੇ ਸਮੇਂ ਵਿੱਚ ਵੀ ਵੱਡਾ ਪਾਠਕ ਵਰਗ ਉਨ੍ਹਾਂ ਦੇ ਰਚਿਤ ਸਾਹਿਤ ਦਾ ਰਸੀਆ ਹੈ ਅਤੇ ਇਸ ਵਿੱਚੋਂ ਕੌਮੀ ਪੁਨਰ ਜਾਗ੍ਰਿਤੀ ਦੀ ਲਹਿਰ ਦੇ ਅਗਾਜ਼ ਦਾ ਪ੍ਰਤੀਬਿੰਬ ਮਹਿਸੂਸ ਕਰਦਾ ਹੈ। ਉਨ੍ਹਾਂ ਕਿਹਾ ਕਿ ਗਿ: ਦਿੱਤ ਸਿੰਘ ਦਾ ਲਿਖਣ ਢੰਗ ਵੀ ਇਸ ਤਰ੍ਹਾਂ ਸੀ ਜੋ ਸਧਾਰਣ ਪਾਠਕ ਤੋਂ ਲੈ ਕੇ ਡੂੰਘੀ ਵਿਦਵਤਾ ਵਾਲੇ ਪਾਠਕ ਨੂੰ ਵੀ ਨਾਲ ਤੋਰਨ ਦੀ ਸਮਰੱਥਾ ਰੱਖਦਾ ਸੀ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media