Saturday, February 14, 2026

‘ਹਾਰਟ ਆਫ ਏਸ਼ੀਆ’ ਸੰਮੇਲਨ ‘ਚ ਆ ਰਹੇ ਪ੍ਰਧਾਨ ਮੰਤਰੀ ਮੋਦੀ ਪਾਸੋਂ ਅੰਮ੍ਰਿਤਸਰ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਚਾਲੂ ਕਰਾਉਣ ਸੁਖਬੀਰ- ਮੰਚ

ਅੰਮ੍ਰਿਤਸਰ, 1 ਦਸੰਬਰ (ਪੰਜਾਬ ਪੋਸਟ ਬਿਊਰੋ)- ਸ਼੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਸਾਜੋ-ਸਮਾਨ ਅਤੇ ਸਹੂਲਤਾਂ ਪੱਖੋਂ ਦਿੱਲੀ ਹਵਾਈ ਅੱਡੇ ਦੇ ਬਰਾਬਰ ਹੈ ਪਰੰਤੂ ਇਥੋਂ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਾਉਣ ਸਬੰਧੀ ਰਾਜ ਸਰਕਾਰ ਅਤੇ ਕੇਂਦਰੀ ਸਰਕਾਰ ਦੀ ਪਹੁੰਚ ਨਿਆਂਯੁਕਤ ਨਹੀਂ ਹੈ।ਅੰਮ੍ਰਿਤਸਰ ਹਵਾਈ ਅੱਡੇ ਦੀ ਹਵਾਈ ਪਟੱੜੀ (ਰਨਵੇ) 12000 ਫੁੱਟ ਲੰਮੀ ਹੈ। ਵਰਤਮਾਨ ਸਮੇਂ ਇਸ ਨੂੰ ਹੋਰ ਮਜਬੂਤ ਕੀਤਾ ਜਾ ਰਿਹਾ ਹੈ। ਮਾਰਚ 2017 ਤੱਕ ਇਸਦੀ ਮਜਬੂਤੀ ਦਾ ਕੰਮ ਮੁਕੰਮਲ ਹੋ ਜਾਏਗਾ। ਉਪਰੰਤ ਇਸ ‘ਤੇ ਦੁਨੀਆ ਦਾ ਵੱਡੇ ਤੋਂ ਵੱਡਾ ਜਹਾਜ ਬੜੀ ਆਸਾਨੀ ਨਾਲ ਉਤਰ-ਚੜ੍ਹ ਸਕੇਗਾ।ਅੰਮ੍ਰਿਤਸਰ ਹਵਾਈ ਅੱਡੇ ਨੂੰ ਮਾਰਚ 2017 ਤੱਕ ਆਈ.ਐਲ.ਐਸ (ਇੰਸਟਰੂਮੈਂਟ ਲੈਡਿੰਗ ਸਿਸਟਮ) ਕੈਟ-੩ਬੀ ਸਹੂਲਤ ਮੁਹੱਈਆ ਕਰਵਾ ਦਿੱਤੀ ਜਾਏਗੀ, ਜਿਸ ਨਾਲ ਸੰਘਣੀ ਧੁੰਦ ਜਾਂ ਬਦਲਵਾਈ ਵਿੱਚ ਵੀ 50 ਗਜ ਦੇਖਣ-ਸਮੱਰਥਾ ਤੱਕ ਵੀ ਜਹਾਜ ਉਤਰ-ਚੜ੍ਹ ਸਕਣਗੇ।ਵਾਹਨ-ਪਾਰਕਿੰਗ, ਯਾਤਰੀ ਉਡੀਕ ਘਰ, 1400 ਏਕੜ ਦਾ ਭਵਿੱਖੀ ਵਿਸਤਾਰ ਲਈ ਖੇਤਰ, ਕਾਰਗੋ ਆਦਿ ਸਹੂਲਤਾਂ ਸੰਸਾਰ-ਪਧੱਰੀ ਹਨ।ਸ਼੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ-ਇਸ਼ਨਾਨ ਦੀ ਤਾਂਘ ਹਰੇਕ ਹਵਾਈ ਯਾਤਰੂ ਦੀ ਰੂਹਾਨੀ ਸੱਧਰ ਹੁੰਦੀ ਹੈ ਜਿਸ ਕਰਕੇ ਸਾਰੇ ਪੰਜਾਬ ਦੇ ਹਵਾਈ ਯਾਤਰੂਆਂ ਦੀ ਪਹਿਲੀ ਪਸੰਦ ਅੰਮ੍ਰਿਤਸਰ ਦਾ ਹਵਾਈ ਅੱਡਾ ਹੈ। ਪੰਜਾਬ ਦੇ ਮਾਝੇ, ਦੁਆਬੇ ਅਤੇ ਮਾਲਵੇ ਦੇ ਬਹੁ-ਗਿਣਤੀ ਐਨ.ਆਰ.ਆਈ. ਹਵਾਈ ਯਾਤਰੂਆਂ ਦੀ ਪਹਿਲੀ ਪਸੰਦ ਅੰਮ੍ਰਿਤਸਰ ਦਾ ਹਵਾਈ ਅੱਡਾ ਹੈ।ਅੰਮ੍ਰਿਤਸਰ-ਬਰਮਿੰਘਮ ਹਵਾਈ ਉਡਾਣ ਯਾਤਰੂਆਂ ਦੀ ਗਿਣਤੀ ਪੱਖੋਂ ਏਅਰ-ਇੰਡੀਆ ਦੀ ਅਵੱਲ ਨੰਬਰ ਉਡਾਣ ਹੋਣ ਦੇ ਬਾਵਜੂਦ ਦਿੱਲੀ ਹਵਾਈ ਅੱਡੇ ਨੂੰ ਚਲਾ ਰਹੀ ਪ੍ਰਾਈਵੇਟ ਕੰਪਨੀ ਜੀ.ਐਮ.ਆਰ. ਨੂੰ ਲਾਭ ਪਹੁੰਚਾਉਣ ਲਈ 2009 ਵਿੱਚ ਬੰਦ ਕਰ ਦਿੱਤੀ ਗਈ।
ਪ੍ਰਿੰ: ਕੁਲਵੰਤ ਸਿੰਘ ਅਣਖੀ ਦੀ ਪ੍ਰਧਾਨਗੀ ਹੇਠ ਅੰਮ੍ਰਿਤਸਰ ਵਿਕਾਸ ਮੰਚ ਦੀ ਹੋਈ ਇਕੱਤਰਤਾ ਜਿਸ ਵਿੱਚ ਪ੍ਰੋ. ਮੋਹਨ ਸਿੰਘ, ਮਨਮੋਹਨ ਸਿੰਘ ਬਰਾੜ, ਲਖਬੀਰ ਸਿੰਘ ਘੁੰਮਣ, ਪਰਵਿੰਦਰਜੀਤ ਸਿੰਘ ਕੋਹਲੀ, ਮਨਜੀਤ ਸਿੰਘ ਸੈਣੀ ਆਦਿ ਕਾਰਜਕਾਰੀ ਮੈਂਬਰ ਸ਼ਾਮਿਲ ਹੋਏ ਇਹ ਵਿਚਾਰਾਂ  ਉਭਰ ਕੇ ਸਾਹਮਣੇ ਆਈਆਂ।ਪ੍ਰਧਾਨ ਕੁਲਵੰਤ ਸਿੰਘ ਅਣਖੀ ਨੇ ਕਿਹਾ ਕਿ ਸ਼੍ਰੀ ਹਰਿਮੰਦਰ ਸਾਹਿਬ ਸੰਸਾਰ-ਪਧੱਰੀ ਧਾਰਮਿਕ ਯਾਤਰੂ-ਕੇਂਦਰ ਹੈ ਅਤੇ ਪੰਜਾਬੀ ਸੰਸਾਰ ਦੇ ਸਭ ਵਿਕਸਤ ਮੁਲਕਾਂ ਵਿੱਚ ਵੱਸੇ ਹੋਏ ਹਨ।ਹਰੇਕ ਦੀ ਇੱਛਾ ਹੈ ਕਿ ਅੰਮ੍ਰਿਤਸਰ ਹਵਾਈ ਅੱਡੇ ਤੋਂ ਟੋਰਾਂਟੋ, ਵੈਨਕੂਵਰ, ਸੈਨਫਰਾਂਸਿਸਕੋ, ਲੰਡਨ ਨਿਊਯਾਰਕ, ਰੋਮ, ਫਰੈਂਕਫਰਟ, ਪੈਰਿਸ, ਸਿਡਨੀ, ਮੈਲਬੋਰਨ ਆਦਿ ਨਾਲ ਸਿੱਧੀਆਂ ਅਤੇ ਬੇਰੋਕ ਉਡਾਣਾਂ ਰਾਹੀਂ ਜੋੜਿਆ ਜਾਵੇ।ਟਰਕਿਸ਼ ਏਅਰ ਲਾਈਨਜ, ਬੁਲਗਾਰੀਆਂ ਬੀ.ਐਚ. ਐਮੀਰੇਟਸ, ਇਤਿਹਾਦ ਕਈ ਹੋਰ ਏਅਰਲਾਈਨਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਿੱਧੀਆਂ ਉਡਾਨਾਂ ਚਾਲੂ ਕਰਨ ਲਈ ਇਛੁੱਕ ਹੋਣ ਕਾਰਨ ਉਨ੍ਹਾਂ ਏਅਰਪੋਰਟ ਅਥਾਰਟੀ ਨੂੰ ਬਿਨੈ-ਪਤੱਰ ਵੀ ਦਿੱੇਤੇ ਹਨ ਪਰੰਤੂ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ।ਭਾਰਤ ਸਰਕਾਰ ਦੇ ਇਸ ਨਾਂਹ-ਪੱਖੀ ਵਤੀਰੇ ਕਾਰਨ ਹੀ ਜੈਟ-ਏਅਰਵੇਜ ਨੇ 2013 ਵਿੱਚ ਐਲਾਨੀ ਅੰਮ੍ਰਿਤਸਰ-ਆਬੂਧਾਬੀ ਲਈ ਉਡਾਣ ਸ਼ੁਰੂ ਨਹੀਂ ਕੀਤੀ ਜਦ ਇਸ ਏਅਰਲਾਈਨਜ ਨੇ ਭਾਰਤ ਦੇ ਬਾਕੀ 5 ਸ਼ਹਿਰਾਂ ਤੋਂ ਆਬੂਧਾਬੀ ਲਈ ਉਡਾਣਾਂ ਚਾਲੂ ਕਰ ਦਿੱਤੀਆਂ ਹਨ।
ਉਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਇਸ਼ਾਰੇ ਤੇ ਏਅਰ-ਇੰਡੀਆ ਨੇ ਹੱਬ ਅਤੇ ਸਪੋਕ ਪਾਲਿਸੀ ਤੋੜ ਕੇ ਅਹਿਮਦਾਬਾਦ-ਲੰਡਨ ਉਡਾਣ ਸ਼ੁਰੂ ਕਰ ਦਿੱਤੀ। ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਇਸੇ ਤਰ੍ਹਾਂ ਅੰਮ੍ਰਿਤਸਰ ਹਵਾਈ ਅੱਡੇ ਪ੍ਰਤੀ ਨਜਰ ਸਵੱਲੀ ਕਰਕੇ ਇਥੋਂ ਵੀ ਅੰਤਰ-ਰਾਸ਼ਟਰੀ ਹਵਾਈ ਉਡਾਣਾਂ ਸ਼ੁਰੂ ਕਰਨ ਲਈ ਪ੍ਰਵਾਨਗੀ ਦੇਣੀ ਚਾਹੀਦੀ ਹੈ।ਵਰਤਮਾਨ ਸਮੇਂ ਟੋਰਾਂਟੋ ਅਤੇ ਲੰਡਨ ਤੋਂ ਅੰਮ੍ਰਿਤਸਰ ਆਉਣ ਵਾਲੀਆਂ ਸਵਾਰੀਆਂ ਨੂੰ ਏਅਰ ਇੰਡੀਆ ਦੇ ਜਹਾਜ ਅੰਮ੍ਰਿਤਸਰ ਦੇ ਉਪਰੋਂ ਲੰਘ ਕੇ ਹੀ ਦਿੱਲੀ ਲਿਜਾਂਦੇ ਹਨ ਅਤੇ ਉਥੋਂ ਯਾਤਰੂ ਫਿਰ ਮਹਿੰਗਾ ਕਿਰਾਇਆ ਖਰਚ ਕੇ ਅਤੇ ਖਜੱਲ ਹੋ ਕੇ ਅੰਮ੍ਰਿਤਸਰ ਪਹੁੰਚਦੇ ਹਨ।ਇਸ ਨਾਲ ਏਅਰਲਾਈਨਜ ਨੂੰ ਵੀ ਵਾਧੂ ਖਰਚਾ ਝਲਣਾ ਪੈਂਦਾ ਹੈ। ਜੇ ਅੰਮ੍ਰਿਤਸਰ ਤੋਂ ਲੰਡਨ, ਟੋਰਾਂਟੋ ਲਈ ਸਿੱਧੀਆਂ ਉਡਾਣਾਂ ਚਾਲੂ ਕੀਤੀਆਂ ਜਾਣ ਤਾਂ ਜੋ ਯਾਤਰੂਆਂ ਦੇ ਨਾਲ-ਨਾਲ ਏਅਰਲਾਈਨਜ ਨੂੰ ਵੀ ਫਾਇਦਾ ਹੋ ਸਕਦਾ ਹੈ।
ਅਣਖੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਵਧੇਰੇ ਦਿਲਚਸਪੀ ਮੋਹਾਲੀ ਹਵਾਈ ਅੱਡੇ ਨੂੰ ਵਿਕਸਤ ਕਰਨ ਦੀ ਹੈ, ਜੋ ਕਿ ਇਕ ਮਹੱਤਵਪੂਰਨ ਫੌਜੀ ਹਵਾਈ ਅੱਡਾ ਹੈ।੩੦੦ ਏਕੜਾਂ ਦੇ ਇਸ ਹਵਾਈ ਅੱਡੇ ਦੀ ਪੱਟੀ ਸਿਰਫ 9000 ਫੁੱਟ ਹੈ ਜੋ ਕਿ ਵੱਡੇ ਜਹਾਂਜਾਂ ਦੀ ਲੋੜ ਪੂਰੀ ਨਹੀਂ ਕਰਦੀ।ਉਨਾਂ ਕਿਹਾ ਕਿ ਉਪ ਮੁੱਖ-ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਹਰਿਮੰਦਰ ਸਾਹਿਬ ਲਾਗੇ ਸੁੰਦਰ ਵਿਰਾਸਤੀ ਖੇਤਰ, ਜੰਗੀ ਯਾਦਗਾਰ, ਸਾਡਾ ਪਿੰਡ, ਅਰਬਨ ਹੱਟ, ਬੀ.ਆਰ.ਟੀ.ਐਸ, ਦੇਸ਼-ਵੰਡ ਯਾਦਗਾਰ, ਸਵਾਗਤੀ ਗੇਟ ਆਦਿ ਦੀ ਉਸਾਰੀ ਕਰਕੇ ਅੰਮ੍ਰਿਤਸਰ ਦੇ ਸਮੱਚੇ ਵਿਕਾਸ ਵਿੱਚ ਵਰਨਣਯੋਗ ਉਪਰਾਲੇ ਕੀਤੇ ਹਨ।ਉਹ ਹਵਾਈ ਅੱਡੇ ਪ੍ਰਤੀ ਵੀ ਵਿਕਾਸਮਈ ਨਜਰੀਆ ਰੱਖਣ ਅਤੇ ਅੰਮ੍ਰਿ੍ਰਤਸਰ-ਲੰਡਨ-ਟੋਰਾਂਟੋ ਆਦਿ ਸਿੱਧੀਆਂ ਹਵਾਈ ਉਡਾਣਾਂ ਸ਼ੁਰੂ ਕਰਾਉਣ ਲਈ ਸੁਹਿਰਦ ਅਤੇ ਸੰਜੀਦਾ ਯਤਨ ਕਰਨ।ਪ੍ਰਧਾਨ ਅਣਖੀ ਨੇ ਕਿਹਾ ਕਿ ਅੰਮ੍ਰਿਤਸਰ ਵਿਕਾਸ ਮੰਚ ਦੀ ਜੋਰਦਾਰ ਮੰਗ ਹੈ ਕਿ ਸੁਖਬੀਰ ਸਿੰਘ ਬਾਦਲ ”ਹਾਰਟ ਆਫ ਏਸ਼ੀਆ” ਸੰਮੇਲਨ ਮੌਕੇ ਅੰਮ੍ਰਿਤਸਰ ਪਧਾਰੇ ਪ੍ਰਧਾਨ ਸ਼੍ਰੀ ਨਰਿੰਦਰ ਮੋਦੀ ਪਾਸੋਂ ਅੰਮ੍ਰਿਤਸਰ ਹਵਾਈ ਅੱਡੇ ਤੋਂ ਅੰਤਰ-ਰਾਸ਼ਟਰੀ ਸਿੱਧੀਆਂ ਉਡਾਣਾਂ ਚਾਲੂ ਕਰਾਉਣ ਦੀ ਖੇਚਲ ਜਰੂਰ ਕਰਨ।

Check Also

ਡੀ.ਏ.ਵੀ ਪਬਲਿਕ ਸਕੂਲ ਨੇ ਰਿਸ਼ੀ ਬੋਧ ਉਤਸਵ ਅਤੇ ਮਹਾਂਸ਼ਿਵਰਾਤਰੀ ਸ਼ਰਧਾ ਨਾਲ ਮਨਾਈ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ ਮਹਾਂਸ਼ਿਵਰਾਤਰੀ ਅਤੇ ਰਿਸ਼ੀ …

Leave a Reply