Monday, April 13, 2026

ਭਾਈ ਵੀਰ ਸਿੰਘ ਦੇ 145ਵੇਂ ਜਨਮ ਦਿਨ ਮੌਕੇ ਸੈਮੀਨਾਰ

ppn0412201616
ਅੰਮ੍ਰਿਤਸਰ, 4 ਦਸੰਬਰ (ਪੰਜਾਬ ਪੋਸਟ ਬਿਊਰੋ)– “ਭਾਈ ਵੀਰ ਸਿੰਘ ਸਬੰਧੀ ਹੁਣ ਤਕ ਹੋਇਆ ਅਕਾਦਮਿਕ ਖੋਜ ਕਾਰਜ ਵਧੇਰੇ ਕਰਕੇ ਬਸਤੀਵਾਦੀ ਪ੍ਰਣਾਲੀਆਂ ਤੋਂ ਪ੍ਰਭਾਵਿਤ ਰਿਹਾ ਹੈ, ਜਿਸ ਕਰਕੇ ਭਾਈ ਸਾਹਿਬ ਦੀ ਸ਼ਖਸੀਅਤ ਅਤੇ ਚਿੰਤਨ ਹਾਸ਼ੀਏ ‘ਤੇ ਚਲੇ ਗਏ ਹਨ।ਸੋ ਮੌਜੂਦਾ ਸਮੇਂ ਦੀ ਲੋੜ ਉਨ੍ਹਾਂ ਨੂੰ ਮੁੜ ਪੰਜਾਬੀ ਸਾਹਿਤ ਅਤੇ ਚਿੰਤਨ ਦੇ ਕੇਂਦਰ ਵਿਚ ਲਿਆਉਣ ਦੀ ਹੈ।” ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਵੱਖ-ਵੱਖ ਯੂਨੀਵਰਸਿਟੀਆਂ ਵਿਚ ਖੋਜ ਕਾਰਜ ਕਰ ਰਹੇ ਖੋਜਾਰਥੀਆਂ-ਵਿਦਿਆਰਥੀਆਂ ਵੱਲੋਂ ਖੋਜ ਸੰਸਥਾ ਨਾਦ ਪ੍ਰਗਾਸੁ ਨਾਲ ਜੁੜ ਕੇ ਭਾਈ ਵੀਰ ਸਿੰਘ ਚਿੰਤਨ: ਪੂਰਵ-ਅਧਿਐਨ ਦ੍ਰਿਸ਼ਟੀ ‘ਤੇ ਕਰਵਾਏ ਗਏ ਇਕ ਰੋਜ਼ਾ ਸੈਮੀਨਾਰ ਮੌਕੇ ਡਾ. ਹਰਚੰਦ ਸਿੰਘ ਬੇਦੀ, ਡਾਇਰੈਕਟਰ, ਭਾਈ ਵੀਰ ਸਿੰਘ ਖੋਜ ਕੇਂਦਰ, ਚੀਫ ਖਾਲਸਾ ਦੀਵਾਨ ਨੇ ਆਪਣੇ ਪ੍ਰਧਾਨਗੀ ਭਾਸ਼ਣ ਦੌਰਾਨ ਕੀਤਾ।
ਜ਼ਿਕਰਯੋਗ ਹੈ ਕਿ ਭਾਈ ਵੀਰ ਸਿੰਘ ਦੇ 145ਵੇਂ ਜਨਮਦਿਨ ਦੀ ਪੂਰਵ ਸੰਧਿਆ ਮੌਕੇ ਉਨ੍ਹਾਂ ਬਾਬਤ ਹੋਏ ਖੋਜ ਕਾਰਜਾਂ ਦਾ ਮੁਲਾਂਕਣ ਕਰਨ ਲਈ ਇਸ ਸੈਮੀਨਾਰ ਦਾ ਆਯੋਜਨ ਭਾਈ ਵੀਰ ਸਿੰਘ ਗੁਰਮਤਿ ਕਾਲਜ ਵਿਖੇ ਕਰਵਾਇਆ ਗਿਆ। ਇਸ ਵਿਚ ਵੱਖ-ਵੱਖ ਯੂਨੀਵਰਸਿਟੀਆਂ, ਕਾਲਜਾਂ ਅਤੇ ਹੋਰ ਵਿਦਿਅਕ ਅਦਾਰਿਆਂ ਤੋਂ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।
ਸ. ਜਗਬੀਰ ਸਿੰਘ ਚੇਅਰਮੈਨ ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਕਿਹਾ ਕਿ ਸਾਡੀ ਨੌਜੁਆਨ ਪੀੜ੍ਹੀ ਨੂੰ ਧਰਮ ਪ੍ਰਚਾਰ ਦੇ ਰੁਝਾਨ ਤੋਂ ਉਪਰ ਉੱਠ ਕੇ ਅਕਾਦਮਿਕ ਖੋਜ ਅਤੇ ਚਿੰਤਨ ਵੱਲ ਆਾਉਣਾ ਚਾਹੀਦਾ ਹੈ। ਬੀਬੀ ਕਿਰਨਜੋਤ ਕੌਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਹੁਣ ਪੰਜਾਬ ਵਿਚ ਯੇਰੂਸ਼ਲਮ ਅਤੇ ਵੈਟੀਕਨ ਵਾਂਗ ਚਿੰਤਨ ਲਈ ਅੰਤਰਰਾਸ਼ਟਰੀ ਖੋਜ ਸੰਸਥਾਵਾਂ ਸਥਾਪਿਤ ਕਰਨ ਲਈ ਲੋੜ ਹੈ। ਇਸ ਤੋਂ ਇਲਾਵਾ ਸਾਨੂੰ ਆਪਣੇ ਨੌਜੁਆਨ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਸੰਸਥਾਗਤ ਸਰਸਪ੍ਰਸਤੀ ਪ੍ਰਦਾਨ ਕਰਨੀ ਚਾਹੀਦੀ ਹੈ।
ਇਸ ਮੌਕੇ ਡਾ. ਧਰਮ ਸਿੰਘ ਸਾਬਕਾ ਪ੍ਰੋਫੈਸਰ ਪੰਜਾਬੀ ਅਧਿਐਨ ਸਕੂਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਕਿਹਾ ਕਿ ਸਾਨੂੰ ਭਾਈ ਵੀਰ ਸਿੰਘ ਦੇ ਨਾਵਲ ਅਤੇ ਕਵਿਤਾ ਤੋਂ ਇਲਾਵਾ ਉਨ੍ਹਾਂ ਦੇ ਸੰਪਾਦਨ ਅਤੇ ਪੱਤਰਕਾਰੀ ਦੇ ਸਿਧਾਂਤਕ ਪੱਖ ਨੂੰ ਵਿਸ਼ਲੇਸ਼ਣ ਅਧੀਨ ਲਿਆਉਣ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਸਾਡੀਆਂ ਅਕਾਦਮਿਕ ਸੰਸਥਾਵਾਂ ਨੂੰ ਪੰਜਾਬ ਦੇ ਵਿਦਿਆਰਥੀਆਂ ਅਤੇ ਖੋਜਾਰਥੀਆਂ ਵਿਚ ਭਾਈ ਵੀਰ ਸਿੰਘ ਚਿੰਤਨ ਦਾ ਗੌਰਵ ਮੁੜ ਸਥਾਪਿਤ ਕਰਨ ਲਈ ਯਤਨਸ਼ੀਲ਼ ਹੋਣਾ  ਚਾਹੀਦਾ ਹੈ।
ਡਾ. ਹਰਮੋਹਿੰਦਰ ਸਿੰਘ ਬੇਦੀ, ਸਾਬਕਾ ਪ੍ਰੋਫੈਸਰ, ਹਿੰਦੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵੱਖ-ਵੱਖ ਪ੍ਰਮਾਣਿਕ ਹਵਾਲਿਆ ਸਹਿਤ ਕਿਹਾ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਨੂੰ ਭਾਰਤੀ ਪ੍ਰਸੰਗ ਵਿਚ ਰੱਖ ਕੇ ਵਿਚਾਰਿਆ ਜਾਣਾ ਚਾਹੀਦਾ ਹੈ ਕਿਉਂਕਿ ਭਾਰਤੀ ਸਾਹਿਤ ਅਤੇ ਦਰਸ਼ਨ ਦੀਆਂ ਅਧਿਕਾਰਤ ਸ਼ਖਸੀਅਤਾਂ ਨੇ ਭਾਈ ਵੀਰ ਸਿੰਘ ਦੀ ਸ਼ਖਸੀਅਤ ਦਾ ਪ੍ਰਭਾਵ ਕਬੂਲ ਕੀਤਾ ਹੈ।
ਇਸ ਮੌਕੇ ਤਿੰਨ ਖੋਜ ਪਰਚੇ ਪੜ੍ਹੇ ਗਏ ਜਿਨ੍ਹਾਂ ਵਿਚ ਭਾਈ ਵੀਰ ਸਿੰਘ ਸਾਹਿਤ ਚਿੰਤਨ: ਪੂਰਵ ਅਧਿਐਨ ਦ੍ਰਿਸ਼ਟੀ (ਡਾ. ਅਮਰਜੀਤ ਸਿੰਘ, ਬਾਬਾ ਭਾਗ ਸਿੰਘ ਯੂਨੀਵਰਸਿਟੀ, ਫਗਵਾੜਾ) ਨੇ ਦੱਸਿਆ ਕਿ ਭਾਈ ਵੀਰ ਸਿੰਘ ਨੂੰ ਬਸਤੀਵਾਦੀ ਨਿਯਮਾਂ ਤਹਿਤ ਇਕ ਖਾਸ ਵਿਧੀ ਰਾਹੀਂ ਅਧਿਐਨ ਕੀਤਾ ਅਤੇ ਸੰਪਰਦਾਇਕ ਤੇ ਪਰੰਪਰਾਵਾਦੀ ਨਿਸਚਤਾ ਦੇ ਹੇਠ ਉਨ੍ਹਾਂ ਦੇ ਵਿਅਕਤੀਤਵ ਨੂੰ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ। ਸਾਨੂੰ ਭਾਈ ਵੀਰ ਸਿੰਘ ਸਾਹਿਤ ਦੇ ਸਮੁੱਚੇ ਅਨੁਭਵ ਵਿੱਚੋਂ ਇਸ ਖੜੋਤ ਨੂੰ ਪਾਰ ਕਰਨਾ ਚਾਹੀਦਾ ਹੈ।
ਦੂਜੇ ਪਰਚੇ ਭਾਈ ਵੀਰ ਸਿੰਘ ਸਿੱਖ ਚਿੰਤਨ: ਪੂਰਵ ਅਧਿਐਨ ਦ੍ਰਿਸ਼ਟੀ ਵਿਚ ਡਾ. ਜਸਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਕਿਹਾ ਕਿ ਸਿੱਖ ਅਧਿਐਨ ਦੀ ਦ੍ਰਿਸ਼ਟੀ ਤੋਂ ਭਾਈ ਵੀਰ ਸਿੰਘ ਦੁਆਰਾ ਵਰਤੇ ਸੰਕਲਪਾਂ ਜਿਵੇਂ ਕਿ ਸੰਥਯਾ, ਗਾਥਾ, ਚਮਤਕਾਰ ਆਦਿ ਦੇ ਸਿਧਾਂਤਕਾਰੀ ਕੀਤੇ ਜਾਣ ਦੀ ਲੋੜ ਹੈ। ਤੀਜੇ ਪਰਚੇ ਵਿਚ ਡਾ. ਸੁਖਵਿੰਦਰ ਸਿੰਘ ਨੇ ਕਿਹਾ ਕਿ ਭਾਈ ਵੀਰ ਸਿੰਘ ਚਿੰਤਨ ਦੇ ਬਾਬਤ ਕੀਤੇ ਗਏ ਸੰਸਥਾਗਤ ਕਾਰਜਾਂ ਵਿਚ ਵਿਆਪਕ ਅਧਿਐਨ ਦ੍ਰਿਸ਼ਟੀ ਦੀ ਘਾਟ ਦਿਖਾਈ ਦਿੰਦੀ ਹੈ,ਕਿਉਂਕਿ ਉਨ੍ਹਾਂ ਨਾਲ ਸਬੰਧਤ ਸੰਸਥਾਵਾਂ ਦੀ ਸ਼ਕਤੀ ਚਿੰਤਨ ਅਤੇ ਖੋਜ ਤੋਂ ਹੱਟ ਕੇ ਭਾਈ ਵੀਰ ਸਿੰਘ ਸਾਹਿਤ ਦਾ ਪੁਨਰ ਉਤਪਾਦਨ ਪ੍ਰਚਾਰਕ ਦ੍ਰਿਸ਼ਟੀ ਤੋਂ ਕਰਨ ਵਿਚ ਖਰਚ ਹੋ ਰਹੀ ਹੈ।
ਇਸ ਮੌਕੇ ਡਾ. ਗੁਰਨਾਮ ਕੌਰ ਬੇਦੀ, ਡਾ. ਸੰਤੋਖ ਸਿੰਘ ਸ਼ਹਰਯਾਰ, ਡਾ. ਸੂਬਾ ਸਿੰਘ, ਪ੍ਰੋ. ਜਸਵੰਤ ਸਿੰਘ, ਬਿਕਰਮਜੀਤ ਸਿੰਘ, ਡਾ. ਬਿੰਦਰਾ ਤੋਂ ਇਲਾਵਾ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ, ਖਾਲਸਾ ਕਾਲਜ ਅੰਮ੍ਰਿਤਸਰ ਤੋਂ ਇਲਾਵਾ ਹੋਰ ਅਕਾਦਮਿਕ ਸੰਸਥਾਵਾਂ ਤੋਂ ਵਿਦਵਾਨਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply