Saturday, March 21, 2026

ਸੋਸ਼ਲ ਮੀਡੀਆ ‘ਤੇ ਪ੍ਰਧਾਨ ਮੰਤਰੀ ਦੀ ਅੰਮ੍ਰਿਤਸਰ ਫੇਰੀ ਬਾਰੇ ਭੰਡੀ ਪ੍ਰਚਾਰ ਨੂੰ ਦਿੱਲੀ ਕਮੇਟੀ ਨੇ ਦੱਸਿਆ ਗਲਤ ਪਰੰਪਰਾ – ਜੀ.ਕੇ

manjit-singh-gk
ਨਵੀਂ ਦਿੱਲੀ, 5 ਦਸੰਬਰ (ਪੰਜਾਬ ਪੋਸਟ ਬਿਊਰੋ) – ਧਾਰਮਿਕ ਕੱਟਰਤਾ ਨੂੰ ਦੂਜਿਆ ‘ਤੇ ਥੋਪਣ ਦੀ ਬਜਾਏ ਆਪਣੇ ਤੇ ਲਾਗੂ ਕਰਨ ਦਾ ਸਾਨੂੰ ਜਤਨ ਕਰਨਾ ਚਾਹੀਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਏ ਗੁਰਮਤਿ ਸਮਾਗਮ ਦੌਰਾਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਅਤੇ ੩੦ ਮੁੱਲਕਾਂ ਦੇ ਵਿਦੇਸ਼ ਮੰਤਰੀਆਂ ਵੱਲੋਂ ਬੀਤੇ ੩ ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਨੂੰ ਕੌਮ ਲਈ ਮਾਣ ਵਾਲੀ ਗੱਲ ਦੱਸਦੇ ਹੋਏ ਜੀ.ਕੇ ਨੇ ਇਸ ਦਰਸ਼ਨ ਫੇਰੀ ਦੌਰਾਨ ਮਰਿਯਾਦਾ ਦੀ ਕਥਿਤ ਉਲੰਘਣਾਂ ਦੇ ਸੋਸ਼ਲ ਮੀਡੀਆ ‘ਤੇ ਚਲਾਏ ਗਏ ਸੰਦੇਸ਼ਾਂ ਨੂੰ ਗਲਤ ਪਰੰਪਰਾਂ ਦੀ ਸ਼ੁਰੂਆਤ ਦੱਸਿਆ।
ਉਨ੍ਹਾਂ ਜੋਰ ਦੇ ਕੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਮਰਿਯਾਦਾ ਇਤਨੀ ਕਮਜੋਰ ਨਹੀਂ ਹੈ ਕਿ ਮੁਲਕ ਦੇ ਪ੍ਰਧਾਨ ਮੰਤਰੀ ਦੇ ਆਉਣ ‘ਤੇ ਬਦਲ ਦਿੱਤੀ ਜਾਵੇ।ਸ੍ਰੀ ਦਰਬਾਰ ਸਾਹਿਬ ਸਾਂਝੀਵਾਲਤਾ ਅਤੇ ਬਰਾਬਰਤਾ ਦਾ ਉਹ ਅਸਥਾਨ ਹੈ, ਜਿਸਨੂੰ ਨਤਮਸਤਕ ਹੋਣ ਆਏ ਇਨਸਾਨ ਦੀ ਪੋਸ਼ਾਕ ਤੋਂ ਬਜਾਏ ਉਸਦੀ ਸ਼ਰਧਾ ਵੱਲ ਸਾਨੂੰ ਧਿਆਨ ਦੇਣਾ ਚਾਹੀਦਾ ਹੈ।ਪ੍ਰਧਾਨ ਮੰਤਰੀ ਦੀ ਫੇਰੀ ਦੌਰਾਨ ਕੀਰਤਨ ਬੰਦ ਕਰਨ ਦੇ ਚਲ ਰਹੇ ਸੰਦੇਸ਼ਾ ਨੂੰ ਝੂਠਾ ਕਰਾਰ ਦਿੰਦੇ ਹੋਏ ਜੀ.ਕੇ ਨੇ ਬਾਬਾ ਬੁੱਢਾ ਜੀ ਦੇ ਸਮੇਂ ਤੋਂ ਪਰੀਕਰਮਾਂ ਵਿਚ ਸ਼ਬਦ ਚੌਂਕੀ ਜਥੇ ਦੀ ਆਖਰੀ ਹਾਜ਼ਰੀ ਦੌਰਾਨ ਕੀਰਤਨ ਨੂੰ ਕੁੱਝ ਸਮੇਂ ਲਈ ਵਿਸ਼ਰਾਮ ਦੇਣ ਦੀ ਚਲਦੀ ਮਰਿਯਾਦਾ ਦੀ ਸੰਗਤਾਂ ਨੂੰ ਜਾਣਕਾਰੀ ਦਿੱਤੀ।
ਜੀ.ਕੇ. ਨੇ ਕਿਹਾ ਕਿ ਸਾਨੂੰ ਮਾਣ ਹੋਣਾ ਚਾਹੀਦਾ ਹੈ ਕਿ ਦੇਸ਼ ਦੇ ਨਰਿੰਦਰ ਮੋਦੀ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਹਨ ਜਿਨ੍ਹਾਂ ਨੇ ਲੰਗਰ ਸੇਵਾ ਕਰਨ ਦੇ ਨਾਲ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸ਼ਰਧਾ ਨਾਲ ਭਿੱਜ ਕੇ ਲਗਾਤਾਰ ਪੰਜ ਵਾਰ ਸਿਜ਼ਦਾ ਕੀਤਾ ਹੈ।ਜਦਕਿ ਇਸੇ ਅਸਥਾਨ ਨੂੰ ਟੈਂਕਾਂ ਅਤੇ ਫੌਜ ਰਾਹੀਂ ਢਾਹ-ਢੇਰੀ ਕਰਨ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਜੂਨ 1984 ਵਿਚ ਕੀਤੀ ਗਈ ਕੋਸ਼ਿਸ਼ ਨੂੰ ਵੀ ਅਸੀਂ ਭੁੱਲ ਨਹੀਂ ਸਕਦੇ। ਵਿਦੇਸ਼ਾਂ ਵਿਚ ਗਲਤ ਪੱਛਾਣ ਦਾ ਸ਼ਿਕਾਰ ਹੋ ਰਹੇ ਸਿੱਖਾਂ ਦਾ ਹਵਾਲਾ ਦਿੰਦੇ ਹੋਏ ਜੀ.ਕੇ ਨੇ ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ”ਹਾਰਟ ਆੱਫ਼ ਏਸੀਆ” ਸਮਾਗਮ ਭਾਰਤ ਸਰਕਾਰ ਵੱਲੋਂ ਕਰਨ ਤੋਂ ਬਾਅਦ ਵਿਦੇਸ਼ੀ ਮੀਡੀਆ ਦੀ ਨਜ਼ਰਾਂ ਵਿਚ ਸਿੱਖਾਂ ਦੀ ਸਹੀ ਪੱਛਾਣ ਉਭਰਨ ਦੀ ਵੀ ਆਸ਼ ਜਤਾਈ।
ਉਨਾਂ ਸਿੱਖੀ ਪ੍ਰਤੀ ਦਰਦ ਸਾਂਝਾ ਕਰਦੇ ਹੋਏ ਕਿਹਾ ਕਿ ਬੇਲੋੜੀ ਨੁਕਤਾਚੀਨੀ ਕਰਕੇ ਹੀ ਸਾਡੇ ਤੋਂ ਸਿੰਧੀ, ਵਣਜਾਰੇ, ਲੁਬਾਣੇ, ਸਿਕਲੀਘਰ ਅਤੇ ਹੋਰ ਕਈ ਬਿਰਾਦਰੀਆਂ ਗੁਰੂ ਨਾਨਕ ਦੇਵ ਸਾਹਿਬ ਜੀ ਵੱਲੋਂ ਸਾਜੇ ਗਏ ਜਾਤ-ਪਾਤ ਤੋਂ ਦੂਰ ”ਮਨੁੱਖਤਾ ਦਾ ਧਰਮ” ਦੇ ਮਿਸ਼ਨ ਤੋਂ ਦੂਰ ਚਲੀ ਗਈਆਂ ਹਨ ਜਦਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਇਸੇ ਧਾਰਮਿਕ ਆਜ਼ਾਦੀ ਦੀ ਰੱਖਿਆ ਲਈ ਆਪਣਾ ਸੀਸ ਕੁਰਬਾਨ ਕੀਤਾ ਸੀ।ਜੇਕਰ ਗੁਰੂ ਤੇਗ ਬਹਾਦਰ ਸਾਹਿਬ ਅਤੇ ਸਾਹਿਬਜਾਦਿਆਂ ਨੇ ਸ਼ਹੀਦੀ ਨਾ ਦਿੱਤੀ ਹੁੰਦੀ ਤਾਂ ਅੱਜ ਸਾਰਿਆਂ ਦੀ ਸੁੰਨਤ ਹੁੰਦੀ ਅਤੇ ਤਿਰੰਗਾਂ ਨਾ ਝੂਲਦਾ ਹੁੰਦਾ।
ਉਨ੍ਹਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਖੰਡੇ ਬਾਟੇ ਦੀ ਪਾਹੁਲ ਛੱਕਾ ਕੇ ਖਾਲਸਾ ਸਿਰਜਦੇ ਹੋਏ ਆਪਣੇ ਧਰਮ ਵਿਚ ਪੱਕੇ ਰਹਿਣ ਦਾ ਹੁਕਮ ਸੁਣਾਇਆ ਸੀ ਅਤੇ ਦੂਜਿਆ ਦੇ ਧਰਮਾਂ ਦਾ ਸਤਿਕਾਰ ਕਰਨ ਦਾ ਫੁਰਮਾਨ ਕੀਤਾ ਸੀ। ਇਸ ਕਰਕੇ ਸਾਨੂੰ ਆਪਣੀ ਕੱਟਰਤਾ ਆਪਣੇ ਪਰਿਵਾਰ ਤੇ ਵਰਤਣੀ ਚਾਹੀਦੀ ਹੈ ਨਾ ਕਿ ਬੇਲੋੜੀ ਨੁਕਤਾਚੀਨੀ ਰਾਹੀਂ ਗੈਰਸਿੱਖਾਂ ਨੂੰ ਸਿੱਖ ਧਰਮ ਤੋਂ ਦੂਰ ਕਰਨਾਂ ਚਾਹੀਦਾ ਹੈ। ਇਸ ਸੰਬੰਧ ਵਿਚ ਜੀ.ਕੇ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਾਸ਼ੀ ਵਿਖੇ ਸੰਸਕ੍ਰਿਤ ਸਿੱਖਣ ਲਈ ਸਿੰਘਾਂ ਨੂੰ ਭੇਜਣ ਤੋਂ ਬਾਅਦ ਸਿੰਘਾਂ ਦੇ ਸ਼ਸਤਰਧਾਰੀ ਬਾਣੇ ਕਰਕੇ  ਪੰਡਤਾਂ ਵੱਲੋਂ ਗਿਆਨ ਦੇਣ ਤੋਂ ਇਨਕਾਰੀ ਹੋਣ ਉਪਰੰਤ ਗੁਰੂ ਸਾਹਿਬ ਵੱਲੋਂ ਕੱਢੇ ਗਏ ਹੱਲ ਦਾ ਵੀ ਹਵਾਲਾ ਦਿੱਤਾ। ਇੰਡੀਆ ਗੇਟ ਵਿਖੇ ਬੀਤੇ ਦਿਨੀਂ ਕਰਵਾਏ ਗਏ ਸਮਾਗਮ ‘ਚ ਦੂਜੇ ਧਰਮਾਂ ਦੇ ਆਗੂਆਂ ਵੱਲੋਂ ਸਿਰਕਤ ਕਰਨ ਨੂੰ ਜੀ.ਕੇ ਨੇ ਸਿੱਖ ਇਤਿਹਾਸ ਨੂੰ ਨਿਵੇਕਲੇ ਤਰੀਕੇ ਨਾਲ ਗੁਰੂ ਘਰ ਦੀ ਚਾਰਦੀਵਾਰੀ ਤੋਂ ਬਾਹਰ ਵੰਡਣ ਦੀ ਕੋਸ਼ਿਸ਼ ਦੱਸਿਆ।
ਸ਼੍ਰੋਮਣੀ ਕੱਥਾਵਾਚਕ ਗਿਆਨੀ ਪਿੰਦਰਪਾਲ ਸਿੰਘ ਅਤੇ ਰਾਗੀ ਜਥਿਆ ਨੇ ਬੜੇ ਹੀ ਭਾਵ ਪੂਰਨ ਢੰਗ ਨਾਲ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਸੰਗਤਾਂ ਨੂੰ ਪ੍ਰੇਰਣਾ ਲੈਣ ਦੀ ਇਸ ਮੌਕੇ ਬੇਨਤੀ ਕੀਤੀ। ਸੀਨੀਅਰ ਅਕਾਲੀ ਆਗੂ ਅਵਤਾਰ ਸਿੰਘ ਹਿਤ, ਓਂਕਾਰ ਸਿੰਘ ਥਾਪਰ, ਕੁਲਦੀਪ ਸਿੰਘ ਭੋਗਲ, ਤ੍ਰਿਲੋਚਨ ਸਿੰਘ, ਦਿੱਲੀ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ ਅਤੇ ਧਰਮ ਪ੍ਰਚਾਰ ਕਮੇਟੀ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਵੀ ਆਪਣੇ ਵਿਚਾਰ ਰੱਖੇ।ਕਾਰਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਵੱਲੋਂ ਸੰਗਤਾਂ ਨੂੰ ਨਾਮ ਸਿਮਰਨ ਕਰਵਾਇਆ ਗਿਆ।ਇਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਕਮੇਟੀ ਆਗੂਆਂ ਨੇ ਹਾਜਰੀ ਭਰੀ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply