Saturday, March 14, 2026

ਫਾਜ਼ਿਲਕਾ ਜ਼ਿਲ੍ਹੇ ਵਿਚ ਖੁੱਲ੍ਹਣਗੇ 13 ਸਕਿੱਲ ਡਿਵੈਲਪਮੈਂਟ ਸੈਂਟਰ – ਈਸ਼ਾ ਕਾਲੀਆ

isha-klaia
ਫਾਜ਼ਿਲਕਾ, ੫ ਦਸੰਬਰ (ਵਿਨੀਤ ਅਰੋੜਾ) – ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬੇਰੁਜਗਾਰ ਨੌਜਵਾਨਾਂ ਨੂੰ ਮੁਫ਼ਤ ਕਿੱਤਾ ਮੁਖੀ ਟ੍ਰੇਨਿੰਗ ਕਰਵਾ ਕੇ ਉਨ੍ਹਾਂ ਨੂੰ ਰੁਜ਼ਗਾਰ ਦੇ ਕਾਬਲ ਬਣਾਉਣ ਅਤੇ ਅਪਣੇ ਪੈਰਾਂ ਤੇ ਖੜਾ ਕਰਣ ਲਈ ਜ਼ਿਲ੍ਹੇ ਦੇ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ 13 ਸਕਿੱਲ ਡਿਵੈਲਪਮੈਂਟ ਸੈਂਟਰ ਖੋਲ੍ਹੇ ਜਾ ਰਹੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਆਈ.ਏ.ਐਸ. ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦਿੱਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹੁਨਰ ਵਿਕਾਸ ਕੇਂਦਰਾਂ ਵਿਚ ਨੌਜਵਾਨਾਂ ਨੂੰ ਮੁਫ਼ਤ ਕਿੱਤਾ ਮੁਖੀ ਸਿਖਲਾਈ ਕਰਵਾਈ ਜਾਵੇਗੀ ਅਤੇ ਇਸ ਉਪਰੰਤ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਵਿਚ ਉਨ੍ਹਾਂ ਲਈ ਨੌਕਰੀਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ। ਜਿਹੜੇ ਨੌਜਵਾਨ ਟ੍ਰੇਨਿੰਗ ਉਪਰੰਤ ਆਪਣਾ ਕੰਮ ਧੰਦਾ ਸ਼ੁਰੂ ਕਰਨਾ ਚਾਹੁੰਦੇ ਹਨ ਉਨ੍ਹਾਂ ਨੂੰ ਬੈਂਕਾਂ ਤੋਂ ਘੱਟ ਵਿਆਜ ਤੇ ਕਰਜ਼ੇ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਵੱਲੋਂ ਕੀਤੇ ਜਾ ਰਹੇ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ।
ਡਿਪਟੀ ਕਮਿਸ਼ਨਰ ਮੈਡਮ ਈਸ਼ਾ ਕਾਲੀਆ ਨੇ ਅੱਗੇ ਦੱਸਿਆ ਕਿ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿਚ ੫੭ ਦੇ ਕਰੀਬ ਮੁਫ਼ਤ ਦਵਾਈਆਂ ਦੀਆਂ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਸ਼ਹਿਰੀ ਖੇਤਰਾਂ ਵਿਚ ਇਨ੍ਹਾਂ ਦੁਕਾਨਾਂ ਵਿਚ ਲੈਬਰੋਟਰੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਜਿੱਥੇ ਮਰੀਜ਼ ਦੇ ਮੁਫ਼ਤ ਟੈਸਟ ਕੀਤੇ ਜਾਣਗੇ। ਮੁਫ਼ਤ ਦਵਾਈਆਂ ਦਿੱਤੀਆਂ ਜਾਣਗੀਆਂ ਜਦ ਕਿ ਪੇਂਡੂ ਖੇਤਰਾਂ ਦੀਆਂ ਦੁਕਾਨਾਂ ਤੋਂ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਹੁਣ ਤੱਕ ਇੱਕ ਲੱਖ ਪਰਿਵਾਰਾਂ, ਕਿਸਾਨਾਂ, ਵਪਾਰੀਆਂ ਅਤੇ ਰਜਿਸਟਰਡ ਕਿਰਤੀਆਂ ਦੇ ਸਿਹਤ ਬੀਮੇ ਕੀਤੇ ਗਏ ਹਨ। ਜਿਸ ਤਹਿਤ ਹਰੇਕ ਪਰਿਵਾਰ ਦਾ ੫੦ ਹਜ਼ਾਰ ਤੱਕ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਕੀਮ ਤਹਿਤ ਨਵੇਂ ਕਾਰਡ ਬਣਾਉਣ ਦਾ ਕੰਮ ਵੀ ਜਾਰੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਜਵਲਾ ਸਕੀਮ ਤਹਿਤ ਬੀ.ਪੀ.ਐਲ. ਪਰਿਵਾਰਾਂ ਦੇ ਨਾਂਅ ਤੇ ਮੁਫ਼ਤ ਗੈਸ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਜਿਸ ਤਹਿਤ ਗੈਸ ਸਿਲੰਡਰ, ਚੁੱਲ੍ਹਾ ਅਤੇ ਰੈਗੂਲੇਟਰ ਮੁਫ਼ਤ ਮੁਹੱਈਆ ਕਰਵਾਇਆ ਜਾਵੇਗਾ। ਲਾਭਪਾਤਰੀ ਤੋਂ ਸਿਰਫ਼ ਗੈਸ ਦੇ ਪੈਸੇ ਹੀ ਲਏ ਜਾਣਗੇ। ਉਨ੍ਹਾਂ ਇਸ ਸਕੀਮ ਤਹਿਤ ਆਉਂਦੇ ਪਰਿਵਾਰਾਂ ਨੂੰ ਅਪੀਲ ਕੀਤੀ ਕਿ ਉਹ ਸਬੰਧਿਤ ਗੈਸ ਏਜੰਸੀ ਜਾਂ ਐਸ.ਡੀ. ਐਮ ਦਫ਼ਤਰ ਵਿਖੇ ਪੂਰੇ ਪਰਿਵਾਰ ਦੇ ਆਧਾਰ ਕਾਰਡ ਨਾਲ ਕੇ ਵਾਈ ਸੀ ਫਾਰਮ ਭਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਆਟਾ ਦਾਲ ਸਕੀਮ ਤਹਿਤ ਕਣਕ ਦੀ ਵੰਡ ਨਿਗਰਾਨ ਕਮੇਟੀਆਂ ਦੀ ਨਿਗਰਾਨੀ ਵਿਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਨੋਟਬੰਦੀ ਕਾਰਨ ਲੋਕਾਂ ਨੂੰ ਆ ਰਹੀ ਪ੍ਰੇਸ਼ਾਨੀ ਜਲਦੀ ਹੀ ਦੂਰ ਹੋਵੇਗੀ। ਅਗਲੇ ਕੁਝ ਦਿਨਾਂ ਵਿਚ ਹੀ ਬੈਂਕਾਂ ਕੋਲ ਲੋੜੀਂਦੀ ਮਾਤਰਾ ਵਿਚ ਕਰੰਸੀ ਮੁਹੱਈਆ ਹੋ ਜਾਵੇਗੀ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਨਕਦੀ ਰਹਿਤ ਲੈਣ ਦੇਣ ਨੂੰ ਤਰਜੀਹ ਦੇਣ ਅਤੇ ਮੋਬਾਇਲ ਬੈਂਕਿੰਗ ਪ੍ਰਤੀ ਆਪ ਵੀ ਜਾਗਰੂਕ ਹੋਣ ਅਤੇ ਦੂਜਿਆਂ ਨੂੰ ਵੀ ਕਰਨ। ਉਨ੍ਹਾਂ ਪ੍ਰੈਸ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕਰਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply