ਕੁੱਝ ਹਿੰਦੂ ਜਥੇਬੰਦੀਆਂ ਵਲੋਂ ਬੰਦ ਦਾ ਵਿਰੋਧ-ਕਈ ਥਾਈਂ ਲੱਗੇ ਪੋਸਟਰ ਲਾਹੇ
ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ ਬਿਊਰੋ)- ਦਲ ਖਾਲਸਾ ਵਲੋਂ 6 ਜੂਨ ਨੂੰ ਅੰਮ੍ਰਿਤਸਰ ਬੰਦ ਦੇ ਦਿਤੇ ਗਏ ਸੱਦੇ ਨੂੰ ਗਰਮ ਖਿਆਲ ਜਥੇਬੰਦੀਆਂ ਵਲੋ ਜਿਥੇ ਸਮੱਰਥਨ ਮਿਲਿਆ ਹੈ, ਉਥੇ ਕੁੱਝ ਹਿੰਦੂ ਜਥੇਬੰਦੀਆਂ ਵਲੋਂ ਇਸ ਬੰਦ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਬੰਦ ਸੰਬੰਧੀ ਵੱਖ-ਵੱਖ ਬਾਜ਼ਾਰਾਂ ਵਿਚ ਪੋਸਟਰ ਲਾਉਣੇ ਸ਼ੁਰੂ ਕੀਤੇ ਗਏ ਤਾਂ ਵਿਰੋਧ ਕਰ ਰਹੀਆਂ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਕਈ ਥਾਵਾਂ ‘ਤੇ ਲੱਗੇ ਪੋਸਟਰ ਕਾਹ ਦਿਤੇ ਗਏ ਹਨ। 6 ਜੂਨ ਦੇ ਬੰਦ ਦੇ ਸਮੱਰਥਨ ਵਿੱਚ ਆਈਆਂ ਜਥੇਬੰਦੀਆਂ ਵਿੱਚ ਦਮਦਮੀ ਟਕਸਾਲ ਮਹਿਤਾ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ, ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਮੁਖੀ ਹਰਪਾਲ ਸਿੰਘ ਚੀਮਾ ਆਦਿ ਸ਼ਾਮਲ ਹਨ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਬੰਦ ਬਾਰੇ ਅਜੇ ਤੱਕ ਕੋਈ ਵੀ ਬਿਆਨ ਨਹੀ ਆਇਆ। ਉਧਰ ਬੰਦ ਦੇ ਕੀਤੇ ਐਲਾਨ ਅਤੇ ਲਗਾਏ ਜਾ ਰਹੇ ਪੋਸਟਰਾਂ ਨੂੰ ਦੇਖਦਿਆਂ ਜਿਲਾ ਪ੍ਰਸਾਸ਼ਨ ਹਰਕਤ ਵਿੱਚ ਆ ਗਿਆ ਹੈ।ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਲ ਖਾਲਸਾ ਦੇ ਦਫਤਰ ਵਿਖੇ ਅੰਮ੍ਰਿਤਸਰ ਦੇ ਲੋਕਾਂ ਨੂੰ ਮੁਕੰਮਲ ਬੰਦ ਰੱਖਣ ਦੀ ਅਪੀਲ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਜੂਨ 1984 ਦੇ ਦਰਬਾਰ ਸਾਹਿਬ ਹਮਲੇ ਮੌਕੇ ਭਾਰਤੀ ਫੌਜਾਂ ਤੇ ਸੁਰੱਖਿਆ ਦਸਤਿਆਂ ਹੱਥੋਂ ਮਾਰੇ ਗਏ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਡੁੱਲਿਆ ਖੂਨ ਇਨਸਾਫ ਦੀ ਮੰਗ ਕਰ ਰਿਹਾ ਹੈ, ਕਿਉਂਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਨੂੰ ਜੰਗ ਦਾ ਅਖਾੜਾ ਬਣਾਇਆ ਗਿਆ ਸੀ, ਇਸ ਕਰਕੇ ਉਹ ਸਿਰਫ ਅੰਮ੍ਰਿਤਸਰ ਬੰਦ ਦਾ ਸੱਦਾ ਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਦਰਬਾਰ ਸਾਹਿਬ ਹਮਲੇ ਦੌਰਾਨ ਮਾਸੂਮ ਬੱਚਿਆਂ, ਬੁਜ਼ਰਗਾਂ ਤੇ ਔਰਤਾਂ ਦੇ ਕਤਲ ਦੇ ਦੋਸ਼ੀਆਂ ਨੂੰ ਹਿੰਦੋਸਤਾਨ ਦੀ ਕਿਸੇ ਵੀ ਸਰਕਾਰ ਨੇ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਨਹੀਂ ਕੀਤਾ ਅਤੇ ਨਾ ਹੀ ਅਜਿਹੀ ਕੋਈ ਆਸ ਹੈ ਕਿਉਂਕਿ ਭਾਰਤ ਖੁਦ ਦੋਸ਼ੀ ਹੈ । ਉਨ੍ਹਾਂ ਕਿਹਾ ਸਿੱਖਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਤੋਂ ਆਸ ਲਾਈ ਹੋਈ ਹੈ ਕਿ ਉਹ ਸਿੱਖਾਂ ਨਾਲ ਹੋਏ ਜ਼ੁਲਮਾਂ ਲਈ ਜ਼ਿੰਮੇਵਾਰਾਂ ਨੂੰ ਦੋਸ਼ੀਆਂ ਦੇ ਕਟਹਿਰੇ ਵਿਚ ਖੜ੍ਹਾ ਕਰੇਗਾ ਪਰ ਸਿੱਖਾਂ ਦੀ ਇਹ ਆਸ ਵੀ ਅਜੇ ਤੱਕ ਪੂਰੀ ਨਹੀਂ ਹੋਈ । ਉਨ੍ਹਾਂ ਕਿਹਾ ਕਿ 6 ਜੂਨ ਨੂੰ ਸਿਰਫ ਵਿਦਿਅਕ ਤੇ ਕਾਰੋਬਾਰ ਨਾਲ ਸੰਬੰਧਤ ਅਦਾਰੇ ਹੀ ਬੰਦ ਰੱਖੇ ਜਾਣ ਤੇ ਆਵਾਜਾਈ ਵਿਚ ਕੋਈ ਰੁਕਾਵਟ ਨਹੀਂ ਪਾਈ ਜਾਵੇਗੀ।ਉਨ੍ਹਾਂ ਸਮੁੱਚੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ 6 ਜੂਨ ਵਾਲੇ ਦਿਨ ਮਾਰੇ ਗਏ ਲੋਕਾਂ ਨੂੰ ਸ਼ਰਧਾਂਜ਼ਲੀ ਦੇਣ ਲਈ ਗੁਰੂ ਘਰਾਂ ਵਿਚ ਜਾ ਕੇ ਅਰਦਾਸ ਕਰਨ ਤੇ ਹਰ ਪਿੰਡ, ਕਸਬੇ ਤੇ ਸ਼ਹਿਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਧਾਰਮਿਕ ਦੀਵਾਨ ਸਜਾ ਕੇ ਸ਼ਹੀਦੀ ਸਮਾਗਮ ਕਰਵਾਉਣ ।ਉਨ੍ਹਾਂ ਕਿਹਾ ਕਿ ੫ ਜੂਨ ਦੀ ਸ਼ਾਮ ਨੂੰ ਦਲ ਖਾਲਸਾ ਵਲੋਂ ਇਕ ਸ਼ਹੀਦੀ ਸਮਾਗਮ ਗੁ. ਸੰਤੋਖਸਰ ਸਾਹਿਬ ਨੇੜੇ ਕੀਤਾ ਜਾਵੇਗਾ ਤੇ ਉਪਰੰਤ ਘੱਲੂਘਾਰਾ ਯਾਦਗਾਰੀ ਮਾਰਚ ਸਮਾਗਮ ਵਾਲੀ ਥਾਂ ਤੋਂ ਚੱਲਕੇ ਹਾਲ ਬਾਜ਼ਾਰ ‘ਚੋਂ ਲੰਘਦਾ ਹੋਇਆ ਅਕਾਲ ਤਖਤ ਸਾਹਿਬ ਤਕ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਸਿੰਘ ਘੁਮਾਣ, ਬਲਦੇਵ ਸਿੰਘ ਗ੍ਰੰਥਗੜ੍ਹ, ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਤੇ ਮੀਤ-ਪ੍ਰਧਾਨ ਨੋਬਲਜੀਤ ਸਿੰਘ, ਡਾ. ਅਰਪਾਲ ਸਿੰਘ, ਸੁਖਵਿੰਦਰ ਸਿੰਘ, ਰਣਬੀਰ ਸਿੰਘ, ਗੁਰਵਿੰਦਰ ਸਿੰਘ ਆਦਿ ਮੌਜੂਦ ਸਨ।