ਅੰਮ੍ਰਿਤਸਰ, 7 ਦਸੰਬਰ (ਸੁਖਬੀਰ ਸਿੰਘ)-2017 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਬੀਤੀ ਰਾਤ ਉਪ ਚੋਣ ਕਮਿਸ਼ਨਰ ਭਾਰਤ ਸਰਕਾਰ ਸ੍ਰੀ ਸੰਦੀਪ ਸਕਸੈਨਾ ਅਤੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਬਾਰਡਰ ਰੇਂਜ ਦੇ ਪੁਲਿਸ ਅਧਿਕਾਰੀ, ਜਿਸ ਵਿਚ ਆਈ. ਜੀ. ਬਾਰਡਰ ਰੇਜ਼ ਤੋਂ ਲੈ ਕੇ ਜ਼ਿਲ੍ਹਾ ਅੰਮ੍ਰਿਤਸਰ ਦੇ ਥਾਣਾ ਮੁਖੀ ਤੱਕ ਸ਼ਾਮਿਲ ਸਨ, ਨਾਲ ਵਿਸਥਾਰਤ ਮੀਟਿੰਗ ਕੀਤੀ, ਜੋ ਕਿ ਦੇਰ ਰਾਤ ਤੱਕ ਜਾਰੀ ਰਹੀ। ਇਸ ਤੋਂ ਪਹਿਲਾਂ ਉਕਤ ਦੋਵਾਂ ਚੋਣ ਅਧਿਕਾਰੀਆਂ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧੀਆਂ ਨਾਲ ਬੰਦ ਕਮਰੇ ਵਿਚ ਲੰਮੀ ਗੱਲਬਾਤ ਕੀਤੀ ਅਤੇ ਹਰੇਕ ਪਾਰਟੀ ਦੇ ਪ੍ਰਤੀਨਿਧੀ ਨੂੰ ਵੱਖੋ-ਵੱਖ ਮਿਲਕੇ ਉਨਾਂ ਦੇ ਸੁਝਾਅ ਅਤੇ ਮੁਸ਼ਿਕਲਾਂ ਸੁਣੀਆਂ।
ਸਥਾਨਕ ਬਚਤ ਭਵਨ ਵਿਖੇ ਹੋਈ ਮੀਟਿੰਗ ਵਿਚ ਜ਼ਿਲ੍ਹਾ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਸ੍ਰੀ ਸੰਦੀਪ ਸਕਸੈਨਾ ਉਪ ਚੋਣ ਕਮਿਸ਼ਨਰ ਭਾਰਤ ਸਰਕਾਰ ਨੇ ਕਿਹਾ ਕਿ ਸਾਰੇ ਅਧਿਕਾਰੀ ਤੇ ਕਰਮਚਾਰੀ ਚੋਣਾਂ ਦੌਰਾਨ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਆਪਣੀ ਡਿਊਟੀ ਨਿਭਾਉਣ, ਤਾਂ ਜੋ ਹਰੇਕ ਵੋਟਰ ਬਿਨਾਂ ਕਿਸੇ ਡਰ, ਭੈਅ ਅਤੇ ਲਾਲਚ ਦੇ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ। ਉਨਾਂ ਕਿਹਾ ਕਿ ਸਾਨੂੰ ਪੰਜਾਬ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ‘ਤੇ ਪੂਰਨ ਭਰੋਸਾ ਹੈ ਅਤੇ ਆਸ ਕਰਦੇ ਹਾਂ ਕਿ ਉਹ ਆਪਣੇ ਫਰਜ਼ਾਂ ਵਿਚ ਰਤੀ ਭਰ ਵੀ ਕੁਤਾਹੀ ਨਹੀਂ ਕਰਨਗੇ। ਉਨਾਂ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕੀਤਾ ਕਿ ਕੋਈ ਵੀ ਅਪਰਾਧੀ ਬਿਰਤੀ ਵਾਲਾ ਆਦਮੀ, ਜੋ ਭਗੌੜਾ ਹੋਵੇ ਜਾਂ ਜ਼ਮਾਨਤ ਆਦਿ ਕਰਵਾ ਕੇ ਵਾਪਸ ਜੇਲ ਨਾ ਪਹੁੰਚਿਆ ਹੋਵੇ, ਨੂੰ ਤਰੁੰਤ ਸਲਾਖਾਂ ਪਿੱਛੇ ਕਰੋ, ਤਾਂ ਜੋ ਅਜਿਹੇ ਅਨਸਰ ਵੋਟਰਾਂ ਨੂੰ ਡਰਾ-ਧਮਕਾ ਨਾ ਸਕਣ। ਸ੍ਰੀ ਸਕਸੈਨਾ ਨੇ ਪੁਲਿਸ ਅਧਿਕਾਰੀਆਂ ਨੂੰ ਚੋਣਾਂ ਵਿਚ ਨਸ਼ੇ ਦੀ ਵਰਤੋਂ, ਸ਼ਰਾਬ ਅਤੇ ਪੈਸੇ ਦੀ ਵੰਡ ਆਦਿ ਰੋਕਣ ਲਈ ਹੁਣ ਤੋਂ ਹੀ ਆਪਣੀ ਰਣਨੀਤੀ ਘੜਨ ਦੀ ਸਲਾਹ ਦਿੱਤੀ, ਤਾਂ ਜੋ ਸਮੇਂ ਸਿਰ ਵਿਉਂਤਬੰਦੀ ਕਰਕੇ ਸੁਚਾਰੂ ਢੰਗ ਨਾਲ ਚੋਣਾਂ ਨੇਪਰੇ ਚਾੜੀਆਂ ਜਾ ਸਕਣ। ਉਨਾਂ ਦੱਸਿਆ ਕਿ ਚੋਣਾਂ ਦੌਰਾਨ ਵੋਟਰ ਜਾਂ ਰਾਜਸੀ ਪਾਰਟੀਆਂ ਵੱਲੋਂ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਮੋਬਾਈਲ ਐਪ ਦਾ ਵੀ ਸਹਾਰਾ ਲਿਆ ਜਾ ਰਿਹਾ ਹੈ, ਤਾਂ ਜੋ ਕੋਈ ਵੀ ਵਿਅਕਤੀ ਬਿਨਾਂ ਕਿਸੇ ਰੁਕਾਵਟ ਅਤੇ ਸਮਾਂ ਗਵਾਏ ਸ਼ਿਕਾਇਤ ਦਰਜ ਕਰਵਾ ਸਕੇ। ਉਨਾਂ ਸਾਰੇ ਅਸਲਾ ਧਾਰਕਾਂ ਕੋਲੋਂ ਅਸਲਾ ਜਮਾ ਕਰਵਾਉਣ ਦੀਆਂ ਵੀ ਹਦਾਇਤਾਂ ਪੁਲਿਸ ਨੂੰ ਕੀਤੀਆਂ।
ਇਸ ਮੌਕੇ ਸੰਬੋਧਨ ਕਰਦੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸ੍ਰੀ ਵੀ. ਕੇ. ਸਿੰਘ ਨੇ ਕਿਹਾ ਕਿ ਵੋਟਰ ਸੂਚੀਆਂ ਦੀ ਸੁਧਾਈ ਵੇਲੇ ਪੋਲਿੰਗ ਸਟੇਸ਼ਨ ਨਾਲ ਸਬੰਧਤ ਲੋਕਾਂ ਨੂੰ ਹਰ ਹਾਲਤ ਸੂਚਿਤ ਕੀਤਾ ਜਾਵੇ ਅਤੇ ਕੋਈ ਵੀ ਨਵੀਂ ਵੋਟ ਜਾਂ ਕੱਟੀ ਗਈ ਵੋਟ ਦੀ ਜਾਣਕਾਰੀ ਸਬੰਧਤ ਪੋਲਿੰਗ ਸਟੇਸ਼ਨ ‘ਤੇ ਹੋਵੇ। ਉਨਾਂ ਕਿਹਾ ਕਿ ਵੋਟਰ ਸੂਚੀ ਵਿਚ ਨੌਜਵਾਨਾਂ ਨੂੰ ਸ਼ਾਮਿਲ ਕਰਨ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾਵੇ, ਤਾਂ ਜੋ ਵੱਧ ਤੋਂ ਵੱਧ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾ ਸਕਣ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਨੂੰ ਸੰਬੋਧਨ ਕਰਦੇ ਸ੍ਰੀ ਸਿੰਘ ਨੇ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਦੀ ਤਰਫਦਾਰੀ ਨਹੀਂ ਕਰਨੀ ਅਤੇ ਹਰੇਕ ਨੂੰ ਬਰਾਬਰ ਮੌਕਾ ਮਿਲਣਾ ਚਾਹੀਦਾ ਹੈ। ਉਨਾਂ ਸਪੱਸ਼ਟ ਕੀਤਾ ਕਿ ਚੋਣ ਜ਼ਾਬਤਾ ਲਾਗੂ ਹੁੰਦੇ ਸਾਰ ਹੀ ਰਾਜ ਦੇ ਸਾਰੇ ਅਧਿਕਾਰੀ ਤੇ ਕਰਮਚਾਰੀ ਚੋਣ ਕਮਿਸ਼ਨ ਦੇ ਅਧਿਕਾਰ ਹੇਠ ਹੁੰਦੇ ਹਨ, ਇਸ ਲਈ ਕੋਈ ਢਿੱਲ-ਮੱਠ ਕਮਿਸ਼ਨ ਬਰਦਾਸ਼ਤ ਨਹੀਂ ਕਰੇਗਾ।
ਮੀਟਿੰਗ ਨੂੰ ਸੰਬੋਧਨ ਕਰਦੇ ਏ. ਡੀ. ਜੀ. ਪੀ. ਸ੍ਰੀ ਵੀ. ਕੇ. ਭੰਵਰਾ ਨੇ ਪੁਲਿਸ ਨੂੰ ਹਦਾਇਤ ਕੀਤੀ ਕਿ ਸਰਹੱਦੀ ਖੇਤਰ ਵਿਚੋਂ ਨਸ਼ੇ ਦਾ ਖਾਤਮਾ ਕਰਨ ਲਈ ਵੱਡੀ ਮੁਹਿੰਮ ਚਲਾਉ ਅਤੇ ਅਪਰਾਧੀ ਬਿਰਤੀ ਵਾਲੇ ਲੋਕਾਂ ‘ਤੇ ਥਾਣਾ ਮੁਖੀ ਵਿਸ਼ੇਸ਼ ਨਜ਼ਰ ਰੱਖਣ। ਉਨਾਂ ਦੱਸਿਆ ਕਿ ਪੁਲਿਸ ਨੂੰ ਚੋਣ ਡਿਊਟੀ ਸਬੰਧੀ ਜ਼ਿਲ੍ਹਾ ਪੱਧਰ ਤੱਕ ਸਿਖਲਾਈ ਦਿੱਤੀ ਜਾ ਰਹੀ ਹੈ, ਤਾਂ ਜੋ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਇੰਨ-ਬਿਨ ਪਾਲਣਾ ਯਕੀਨੀ ਬਣਾਈ ਜਾ ਸਕੇ। ਮੀਟਿੰਗ ਵਿਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਚੋਣ ਅਧਿਕਾਰੀ ਡਾ. ਬਸੰਤ ਗਰਗ ਨੇ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਵਿਸਵਾਸ਼ ਦਿਵਾਇਆ ਕਿ ਸਾਰਾ ਪ੍ਰਸ਼ਾਸਨ ਚੋਣ ਪਕ੍ਰਿਆ ਸਾਂਤੀ ਅਤੇ ਨਿਰਪੱਖਤਾ ਨਾਲ ਸਿਰੇ ਚਾੜੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਆਈ. ਜੀ. ਡਾ. ਨਰੇਸ਼ ਕੁਮਾਰ ਅਰੋੜਾ , ਡੀ. ਆਈ. ਜੀ. ਸ੍ਰੀ ਅਰੁਣ ਕੁਮਾਰ ਮਿੱਤਲ, ਪੁਲਿਸ ਕਮਿਸ਼ਨਰ ਸ੍ਰੀ ਲੋਕ ਨਾਥ ਆਂਗਰਾ, ਐਸ ਐਸ ਪੀ ਸ. ਹਰਕਮਲਪ੍ਰੀਤ ਸਿੰਘ ਖੱਖ, ਵਧੀਕ ਡਿਪਟੀ ਕਮਿਸ਼ਨਰ ਸ. ਤਜਿੰਦਰਪਾਲ ਸਿੰਘ ਸੰਧੂ, ਏ ਡੀ ਸੀ ਸ੍ਰੀ ਰਵਿੰਦਰ ਸਿੰਘ ਅਤੇ ਸਾਰੇ ਚੋਣ ਹਲਕਿਆਂ ਦੇ ਰੀਟਰਨਿੰਗ ਅਧਿਕਾਰੀ ਤੇ ਹੋਰ ਚੋਣ ਅਮਲਾ ਹਾਜ਼ਰ ਸੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media